Buddha Dariya Ludhiana: ਬੁੱਢੇ ਦਰਿਆ ਦੇ ਮੁੱਦੇ ’ਤੇ ਵਿਧਾਇਕ ਪਰਾਸ਼ਰ ਵੱਲੋਂ ਵਿਧਾਇਕ ਗੋਗੀ ’ਤੇ ਜ਼ੁਬਾਨੀ ਹਮਲਾ

Buddha Dariya Ludhiana
ਬੁੱਢੇ ਦਰਿਆ ਦੀ ਫਾਇਲ ਫੋਟੋ ਅਤੇ ਇੰਨਸੈੱਟ ’ਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ।

ਮਾਮਲਾ; ਵਿਧਾਇਕ ਗੋਗੀ ਵੱਲੋਂ ਬੁੱਢੇ ਦਰਿਆ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ’ਚ ਨਾ ਬੋਲ੍ਹਣ ਦਾ

(ਜਸਵੀਰ ਸਿੰਘ ਗਹਿਲ) ਲੁਧਿਆਣਾ। Buddha Dariya Ludhiana: ਹਾਲ ਹੀ ’ਚ ਖ਼ਤਮ ਹੋਏ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਕਿਸੇ ਕਾਰਨ ਬੁੱਢੇ ਦਰਿਆ ਦੇ ਮੁੱਦੇ ਨੂੰ ਨਾ ਉਠਾਏ ਜਾਣ ’ਤੇ ਵਿਧਾਇਕ ਅਸ਼ੋਕ ਪਰਾਸਰ ਪੱਪੀ ਨੇ ਨਿਸ਼ਾਨਾ ਸਾਧਿਆ ਹੈ। ਬੁੱਢਾ ਦਰਿਆ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ, ਨੂੰ ਲੈ ਕੇ ਇੱਕ ਵਾਰ ਫ਼ਿਰ ਸਿਆਸਤ ਗਰਮਾ ਗਈ ਹੈ।

ਭਾਵੇਂ ਵਿਧਾਇਕ ਗੋਗੀ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਬੁੱਢੇ ਦਰਿਆ ਦਾ ਮੁੱਦਾ ਨਾ ਉਠਾਏ ਜਾਣ ਦਾ ਕਾਰਨ ਜ਼ੀਰੋ ਕਾਲ ਦੱਸਿਆ ਹੈ ਪਰ ਵਿਧਾਇਕ ਪਰਾਸ਼ਰ ਨੇ ਵਿਧਾਇਕ ਗੋਗੀ ’ਤੇ ਸੈਸ਼ਨ ਦੌਰਾਨ ਜਾਣਬੁੱਝ ਕੇ ਨਾ ਬੋਲਣ ਦੇ ਦੋਸ਼ ਲਗਾਏ ਹਨ। ਵਿਧਾਇਕ ਪਰਾਸ਼ਰ ਨੇ ਇੱਥੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਕਿਹਾ ਕਿ ਵਿਧਾਨ ਸਭਾ ਸੈਸ਼ਨ ’ਚ ਲੋਕਾਂ ਵੱਲੋਂ ਚੁਣੇ ਗਏ ਹਰ ਨੁਮਾਇੰਦੇ ਨੂੰ ਬੋਲਣ ਦਾ ਪੂਰਾ ਅਧਿਕਾਰ ਹੈ। Buddha Dariya Ludhiana

ਵਿਧਾਇਕ ਪਰਾਸ਼ਰ ਨੇ ਕਿਹਾ ਕਿ ਸੈਸ਼ਨ ਦੌਰਾਨ ਵਿਧਾਇਕ ਗੋਗੀ ਖੁਦ ਹੀ ਬੋਲਣਾ ਨਹੀਂ ਚਾਹੁੰਦੇ ਸੀ। ਉਨ੍ਹਾਂ ਨੂੰ ਕਿਸੇ ਵੱਲੋਂ ਰੋਕਿਆ ਨਹੀਂ ਗਿਆ। ਜਦਕਿ ਉਹ ਸੈਸ਼ਨ ਦੌਰਾਨ ਦੋ ਦਿਨਾਂ ਵਿੱਚ ਤਿੰਨ ਵਾਰ ਆਪਣੇ ਹਲਕੇ ਦੇ ਵੱਖ-ਵੱਖ ਮੁੱਦਿਆਂ ’ਤੇ ਬੋਲੇ ਹਨ ਤੇ ਵਿਰੋਧੀਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ’ਚ ਲੋਕਾਂ ਦੇ ਨੁਮਾਇੰਦਿਆਂ ਨੂੰ ਕਿਸੇ ਵੱਲੋਂ ਵੀ ਬੋਲਣ ਤੋਂ ਮਨ੍ਹਾਂ ਨਹੀਂ ਕੀਤਾ ਜਾਂਦਾ। ਚਾਹੇ ਉਹ ਵਿਰੋਧੀ ਧਿਰ ਦਾ ਨੇਤਾ ਹੋਵੇ, ਚਾਹੇ ਰਾਜਪਾਠ ਦਾ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਗੋਗੀ ਨੇ ਵਿਧਾਇਕਾਂ ਦੀ ਸੁਣਵਾਈ ਨਾ ਕਰਨ ਵਾਲੇ ਅਫ਼ਸਰਾਂ ਖਿਲਾਫ਼ ਜੋ ਸਰਕਾਰੇ-ਦਰਬਾਰੇ ਅਵਾਜ਼ ਉਠਾਈ ਹੈ, ਇਹ ਉਨ੍ਹਾਂ ਦਾ ਸਲਾਘਾਯੋਗ ਕਦਮ ਹੈ। ਕਿਉਂਕਿ ਪਿਛਲੀਆਂ ਸਰਕਾਰਾਂ ’ਚ ਕਿਸੇ ਵੀ ਅਧਿਕਾਰੀ ਦੀ ਜਵਾਬ-ਤਲਬੀ ਨਹੀਂ ਹੁੰਦੀ ਸੀ।

‘ਰਿਕਾਰਡਿੰਗ ਕਢਵਾ ਲਈ ਜਾਵੇ’ | Buddha Dariya Ludhiana

ਸੰਪਰਕ ਕੀਤੇ ਜਾਣ ’ਤੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਜਿਸ ਨੂੰ ਉਨ੍ਹਾਂ ਦੇ ਵਿਧਾਨ ਸਭਾ ਸੈਸ਼ਨ ’ਚ ਜਾਣਬੁੱਝ ਕੇ ਨਾ ਬੋਲਣ ’ਤੇ ਸ਼ੱਕ ਹੈ ਉਹ ਸੈਸ਼ਨ ਦੀ ਰਿਕਾਰਡਿੰਗ ਕੱਢਵਾ ਲੈਣ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੀ ਹੀ ਸਰਕਾਰ ਦੇ ਕਾਰਜ਼ਕਾਲ ’ਚ ਆਪਣੇ ਹੀ ਰੱਖੇ ਨੀਂਹ ਪੱਥਰ ਨੂੰ ਢਾਹ ਤੇ ਖੁੱਲ੍ਹੇਆਮ ਬੋਲ ਸਕਦੇ ਹਨ ਤਾਂ ਵਿਧਾਨ ਸਭਾ ’ਚ ਬੋਲ੍ਹਣ ’ਤੇ ਉਨ੍ਹਾਂ ਨੂੰ ਕੀ ਡਰ ਹੈ। ਸਮੇਂ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਮਿਲ ਸਕਿਆ।