ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail) ’ਚੋਂ ਲੰਘੇ ਕੱਲ 14 ਮੋਬਾਇਲ ਮਿਲਣ ਤੋਂ ਬਾਅਦ ਮੁੜ ਫ਼ਿਰ ਇੱਕ ਕੈਦੀ ਦੇ ਕਬਜੇ ’ਚੋਂ 10 ਗ੍ਰਾਮ ਨਸ਼ੀਲਾ ਪਦਾਰਥ ਤੇ 1 ਮੋਬਾਇਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਡਵੀਜਨ ਨੰਬਰ 7 ਦੇ ਐਸ ਆਈ ਜਨਕ ਰਾਜ ਨੇ ਦੱਸਿਆ ਕਿ ਸੈਂਟਰਲ ਜੇਲ ਲੁਧਿਆਣਾ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਵੱਲੋਂ ਮੌਸੂਲ ਹੋਣ ’ਤੇ ਜੇਲ ਦੇ ਕੈਦੀ ਕੁਲਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਸ਼ੇਰਪੁਰ ਕਲਾਂ ਖਿਲਾਫ਼ ਜੇਲ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਵੱਲੋਂ ਮੌਸੂਲ ਮੁਤਾਬਕ 10 ਅਪਰੈਲ ਨੂੰ ਚੈਕਿੰਗ ਦੌਰਾਨ ਕੈਦੀ ਕੁਲਦੀਪ ਸਿੰਘ ਵੱਲੋਂ ਪਹਿਨੀ ਹੋਈ ਪੈਂਟ ਦੀ ਜੇਬ ਵਿੱਚੋਂ 10 ਗ੍ਰਾਮ ਅਫ਼ੀਮ ਵਰਗਾ ਨਸ਼ੀਲਾ ਪਦਾਰਥ ਅਤੇ 1 ਕੀਪੈਡ ਮੋਬਾਇਲ ਬਰਾਮਦ ਹੋਇਆ ਹੈ ਜੋ ਕਿ ਜੇਲ ਅੰਦਰ ਵਰਜ਼ਿਤ ਹੈ। ਇਸ ਲਈ ਕੈਦੀ ਕੁਲਦੀਪ ਸਿੰਘ ਵਿਰੁੱਧ ਡਵੀਜਨ ਨੰਬਰ 7 ਵਿਖੇ ਪੁਲਿਸ ਵੱਲੋਂ ਜੇਲ ਨਿਯਮਾਂ ਨੂੰ ਤੋੜਨ ਦੇ ਦੋਸ਼ ’ਚ ਮਾਮਲਾ ਦਰਜ਼ ਕੀਤਾ ਗਿਆ ਹੈ। ਦੱਸ ਦਈਏ ਕਿ 7 ਤੇ 8 ਅਪਰੈਲ ਨੂੰ ਵੀ ਕੁੱਲ 14 ਮੋਬਾਇਲ ਬਰਾਮਦ ਹੋਏ ਸਨ। (Central Jail)