ਸਕੂਲ ਮੁਖੀ ਨੇ ਰੋਜ਼ਾਨਾ ਵਾਂਗ ਅਖਬਾਰ ਮੇਜ ’ਤੇ ਰੱਖੀ ਇੱਕ ਮਾਸਟਰ ਨੇ ਅਖਬਾਰ ਚੁੱਕਦਿਆਂ ਸਾਰ ਸੁਰਖੀ ਪੜ੍ਹੀ, ਡੀ. ਏ. ਦੀ 6 ਪ੍ਰਤੀਸ਼ਤ ਕਿਸ਼ਤ ਜਾਰੀ। ਇਹ ਸੁਣ ਕੇ ਸਾਰੇ ਅਧਿਆਪਕ ਅਖਬਾਰ ਵੱਲ ਵਧੇ, ਜਿਵੇਂ ਕੋਈ ਬਹੁਤ ਵੱਡੀ ਘਟਨਾ ਵਾਪਰੀ ਹੋਵੇ। ਜਦੋਂ ਖਬਰ ਸਾਰਿਆਂ ਨੇ ਆਪਣੀ ਅੱਖੀਂ ਵੇਖੀ ਤਾਂ ਸਭ ਨੂੰ ਯਕੀਨ ਆ ਗਿਆ। ਹੁਣ ਸਾਰੇ ਅਧਿਆਪਕ ਆਪਣੀ ਵਧੀ ਹੋਈ ਤਨਖਾਹ ਦਾ ਹਿਸਾਬ ਲਾਉਣ ਵਿੱਚ ਮਸ਼ਰੂਫ ਹੋ ਗਏ। ਲੇਡੀ ਟੀਚਰਾਂ, ਕਲਰਕ ਦੁਆਲੇ ਘੇਰਾ ਪਾਈ ਖੜ੍ਹੀਆਂ ਸਨ। ਸਾਰੀਆਂ ਆਪਣੀ ਵਧੀ ਹੋਈ ਤਨਖਾਹ ਜਾਣਨ ਲਈ ਕਾਹਲੀਆਂ ਸਨ। ਇਸ ਕੰਮ ਵਿੱਚ ਬੱਚਿਆਂ ਦਾ ‘ਕੀਮਤੀ’ ਸਮਾਂ ਕਿਵੇਂ ਬੀਤ ਰਿਹਾ ਸੀ, ਕਿਸੇ ਨੂੰ ਖਿਆਲ ਨਹੀਂ ਸੀ। ਬੱਚੇ ਕਲਾਸਾਂ ਵਿੱਚ ਖੜੇ੍ਹ ਬੂਹੇ-ਬਾਰੀਆਂ ਵਿੱਚੋਂ ਝਾਕ ਰਹੇ ਸਨ। ਉਨ੍ਹਾਂ ਨੂੰ ਮਾਸਟਰਾਂ ਦਾ ਜ਼ਰੂਰੀ ਕੰਮ ਸਮਝ ਨਹੀਂ ਆ ਰਿਹਾ ਸੀ।
ਪਰਗਟ ਸਿੰਘ ਜੰਬਰ, ਮੁੱਖ ਅਧਿਆਪਕ, ਸਰਕਾਰੀ ਐਲੀਮੈਂਟਰੀ ਸਕੂਲ,
ਬਧਾਈ (ਸ੍ਰੀ ਮੁਕਤਸਰ ਸਾਹਿਬ),
ਮੋ. 98558-07324