ਬਾਗੀ : ਕਹਾਣੀ

Punjabi Story

ਰਾਤ ਦੇ ਇੱਕ ਵੱਜ ਚੁੱਕੇ ਸਨ। ਗਹਿਰੇ ਹਨੇ੍ਹਰੇ ਨੇ ਸਾਰੀ ਕਾਇਨਾਤ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਸੀ। ਗਲੀ ਵਿੱਚ ਕੁੱਤੇ ਭੌਂਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਤੇ ਚੌਂਕੀਦਾਰ ਲੰਮੀਆਂ-ਲੰਮੀਆਂ ਸੀਟੀਆਂ ਵਜਾ ਕੇ ਲੋਕਾਂ ਨੂੰ ਚੌਕੰਨੇ ਕਰ ਰਿਹਾ ਸੀ। ਪਰ ਕਿਸ਼ਨ ਸਿੰਘ ਮੰਜੇ ’ਤੇ ਪਿਆ ਅਸਮਾਨੀਂ ਚਮਕਦੇ ਤਾਰਿਆਂ ਨੂੰ ਤੱਕ ਰਿਹਾ ਸੀ। ਨੀਂਦ ਤਾਂ ਕਿਤੇ ਉੱਡ-ਪੁੱਡ ਗਈ ਸੀ। ਉਸਦੇ ਦਿਮਾਗ ਅੰਦਰ ਸੋਚਾਂ ਦੇ ਵਾਅ-ਵਰੋਲੇ ਚੱਲ ਰਹੇ ਸਨ। ਉਹ ਭੁੱਖੇ ਢਿੱਡ ਮੰਜੇ ’ਤੇ ਪਿਆ ਪਾਸੇ ਲੈ ਰਿਹਾ ਸੀ। ਪਤਾ ਨਹੀਂ ਨੀਂਦ ਹੀ ਨਹੀਂ ਆ ਰਹੀ ਸੀ, ਜਾਂ ਉਹ ਸੌਣਾ ਹੀ ਨਹੀਂ ਚਾਹੁੰਦਾ ਸੀ।

ਸ਼ਾਇਦ ਨੀਂਦ ਹੀ ਨਹੀਂ ਆ ਰਹੀ ਸੀ। ਕਿਉਂਕਿ ਖੇਤੀ ਵਿੱਚ ਲਗਾਤਾਰ ਪੈ ਰਹੇ ਘਾਟੇ ਕਾਰਨ ਉਸਦੀ ਆਰਥਿਕ ਹਾਲਤ ਕੱਖੋਂ ਹੌਲੀ ਹੋ ਗਈ ਸੀ। ਤੀਹ ਵਿੱਘੇ ਜੱਦੀ ਜ਼ਮੀਨ ਸੀ ਜੋ ਹੌਲੀ-ਹੌਲੀ ਕਰਕੇ ਖੁਰ ਗਈ ਸੀ। ਮਸਾਂ ਹੀ ਪੰਜ-ਸੱਤ ਵਿੱਘੇ ਬਚੀ ਸੀ। ਉਸ ’ਤੇ ਵੀ ਬੈਂਕ ਦਾ ਲੋਨ ਸੀ। ਦੂਜੇ ਪਾਸੇ ਮਹਿੰਗੀਆਂ ਰੇਹਾਂ-ਸਪਰੇਆਂ, ਘਰੇਲੂ ਖਰਚਿਆਂ ਕਰਕੇ ਸ਼ਾਹੂਕਾਰਾਂ ਦਾ ਕਰਜਾ ਜੋ ਲਗਾਤਾਰ ਲੱਗਦੇ ਵਿਆਜ਼ ਕਰਕੇ ਵਧ ਰਿਹਾ ਸੀ।

ਕੁਝ ਸਮਾਂ ਪਹਿਲਾਂ ਕਿਸ਼ਨ ਸਿੰਘ ਦੇ ਬਾਪ ਨੂੰ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਜਕੜ ਲਿਆ ਸੀ। ਵਿਚਾਰੇ ਕਿਸ਼ਨ ਸਿੰਘ ਨੇ ਇਲਾਜ ਕਰਵਾਉਣ ਵਾਲੀ ਕੋਈ ਕਸਰ ਨਾ ਛੱਡੀ, ਬੜੇ ਮਹਿੰਗੇ ਇਲਾਜ ਕਰਵਾਏ, ਕਾਫੀ ਜ਼ਮੀਨ ਵੀ ਵੇਚ ਦਿੱਤੀ, ਸਰਕਾਰੀ ਅਫਸਰਾਂ, ਗੱਪੀ ਲੀਡਰਾਂ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਕਿ ਕਿਤੇ ਕੋਈ ਸਹਾਇਤਾ ਮਿਲ ਜਾਵੇ ਪਰ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਕਹਾਵਤ ਅਨੁਸਾਰ ਉਸਨੂੰ ਨਾ-ਮਾਤਰ ਸਹਾਇਤਾ ਦੇ ਕੇ ਸਾਡੇ ਸਿਸਟਮ ਨੇ ਸਾਬਿਤ ਕਰ ਦਿੱਤਾ ਕਿ ਸਰਕਾਰਾਂ ਸਿਰਫ ਲੋਕਾਂ ਦੀ ਜੇਬ੍ਹ ਵਿੱਚੋਂ ਪੈਸੇ ਕੱਢ ਸਕਦੀਆਂ ਨੇ, ਪਰ ਜੇਕਰ ਕਿਸੇ ਜਰੂਰਤਮੰਦ ਨੂੰ ਸਰਕਾਰੀ ਸਹਾਇਤਾ ਦੀ ਲੋੜ ਪੈ ਜਾਵੇ ਤਾਂ ਉਹਨਾਂ ਦੇ ਖਜ਼ਾਨੇ ਖਾਲੀ ਹੁੰਦੇ ਨੇ।

ਅਖੀਰ ਇਸ ਭੈੜੀ ਬਿਮਾਰੀ ’ਤੇ ਕਿਸ਼ਨ ਸਿੰਘ ਦਾ ਘਰ ਵੀ ਲੱਗ ਗਿਆ ਤੇ ਉਸਦਾ ਬਾਪ ਵੀ ਨਾ ਬਚ ਸਕਿਆ। ਫਿਰ ਬੱਚਿਆਂ ਦੇ ਵਿਆਹ ਕੀਤੇ। ਲੋਕ ਵਿਖਾਵੇ ਕਰਕੇ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦਿਆਂ ਲੋੜੋਂ ਵੱਧ ਪੈਸੇ ਲਾ ਕੇ ਆਪਣੀ ਕਰਜੇ ਦੀ ਪੰਡ ਹੋਰ ਭਾਰੀ ਕਰ ਲਈ ਸੀ।

ਫਸਲਾਂ ਵੀ ਲਗਾਤਾਰ ਧੋਖੇ ਦੇ ਰਹੀਆਂ ਸਨ ਨਿੱਤ ਕੁਦਰਤੀ ਮਾਰਾਂ ਕਰਕੇ ਫਸਲਾਂ ਖਰਾਬ ਹੋ ਜਾਂਦੀਆਂ ਜਾਂ ਕੋਈ ਨਾ ਕੋਈ ਬਿਮਾਰੀ ਹਰੇ-ਭਰੇ ਖੇਤਾਂ ਨੂੰ ਤਬਾਹ ਕਰ ਦਿੰਦੀ। ਬੱਚਤ ਤਾਂ ਦੂਰ ਫਸਲਾਂ ’ਤੇ ਕੀਤਾ ਗਿਆ ਖਰਚ ਵੀ ਨਾ ਮੁੜਦਾ, ਉੱਪਰੋਂ ਬਹੁਤ ਘੱਟ ਰੇਟ ਮਿਲਣ ਕਰਕੇ ਹੋਰ ਵੀ ਮੁਸ਼ਕਲਾਂ ਹੋ ਰਹੀਆਂ ਸਨ। ਮੁੱਕਦੀ ਗੱਲ ਇਹ ਸੀ ਕਿ ਕਿਸ਼ਨ ਸਿੰਘ ਨੂੰ ਹਰ ਸਮੇਂ ਬੈਂਕ ਦਾ ਕਰਜਾ, ਸ਼ਾਹੂਕਾਰਾਂ ਦਾ ਵਿਆਜ਼ ਅਤੇ ਆਪਣੇ ਪਰਿਵਾਰ ਦਾ ਧੁੰਦਲਾ ਭਵਿੱਖ ਹੀ ਨਜ਼ਰ ਆਉਂਦਾ ਸੀ।

ਬਾਗੀ : ਕਹਾਣੀ | Punjabi Story

ਰਾਤ ਦਾ ਆਖਰੀ ਪਹਿਰ ਹੋ ਚੁੱਕਾ ਸੀ ਪਰ ਉਸਦੀ ਸੋਚਾਂ ਵਾਲੀ ਤੰਦ ਨਹੀਂ ਟੁੱਟੀ ਸੀ। ਸੋਚਦਿਆਂ-ਸੋਚਦਿਆਂ ਪਤਾ ਨਹੀਂ ਕਿੰਨੀ ਵਾਰ ਉਸਦੀਆਂ ਅੱਖਾਂ ਵਿੱਚੋਂ ਹੰਝੂ ਆਏ ਸਨ। ਇੰਝ ਲੱਗਦਾ ਸੀ ਜਿਵੇਂ ਕਿਸ਼ਨ ਸਿੰਘ ਨੇ ਜਿੰਦਗੀ ਦੀਆਂ ਬੁਝਾਰਤਾਂ ਅੱਗੇ ਹਾਰ ਮੰਨ ਲਈ ਹੋਵੇ, ਉਹ ਦੁੱਖਾਂ-ਮੁਸੀਬਤਾਂ, ਤੰਗੀਆਂ-ਤਰੁੱਟੀਆਂ ਨਾਲ ਲੜਦਾ-ਲੜਦਾ ਥੱਕ ਚੁੱਕਾ ਸੀ, ਹੁਣ ਉਸਦਾ ਹੌਂਸਲਾ ਟੁੱਟ ਚੁੱਕਾ ਸੀ।
‘ਮੈਂ ਕਿਹਾ ਦੀਪ ਦੇ ਬਾਪੂ! ਉੱਠੋ, ਚਾਹ ਪੀ ਲਵੋ, ਪਈ-ਪਈ ਠੰਢੀ ਹੋ ਜਾਣੀ ਐ’ ਕਿਸ਼ਨ ਸਿੰਘ ਦੀ ਘਰਵਾਲੀ ਨੇ ਉਸਨੂੰ ਹਲੂਣਦਿਆਂ ਜਗਾਇਆ ਉਹ ਉੱਠਿਆ, ਕੋਈ ਪਤਾ ਨਹੀਂ ਸੀ ਕਦੋਂ ਨੀਂਦ ਆਈ ਸੀ ਚਾਹ ਪੀ ਕੇ ਕਿਸ਼ਨ ਸਿੰਘ ਨੇ ਟੋਕਰਾ ਚੁੱਕਿਆ ਅਤੇ ਪਸ਼ੂਆਂ ਨੂੰ ਚਾਰਾ ਪਾਉਣ ਲੱਗਾ।

‘ਦੀਪ ਦੇ ਬਾਪੂ! ਆਹ ਬਿਜਲੀ ਦਾ ਬਿੱਲ ਆਇਆ ਪਿਆ, ਆਪਾਂ ਪਿਛਲੀ ਵਾਰ ਵੀ ਨਹੀਂ ਭਰਿਆ। ਹਾਂ ਨਾਲੇ ਘਰ ਦਾ ਰਾਸ਼ਨ-ਪਾਣੀ ਵੀ ਲਿਆਉਣ ਵਾਲਾ, ਤੁਸੀਂ ਲਾਲਿਆਂ ਨਾਲ ਗੱਲ ਤਾਂ ਕਰਿਉ, ਸੁੱਖ ਨਾਲ ਹੁਣ ਤਾਂ ਫਸਲ ਵੀ ਆਉਣ ਵਾਲੀ ਆ, ਐਤਕੀਂ ਪਰਮਾਤਮਾ ਸੁੱਖ ਰੱਖੇ ਇਹਨਾਂ ਦਾ ਤਾਂ ਭਾਰ ਹੌਲਾ ਕਰੀਏ। ਜੇ ਚਾਰ ਪੈਸੇ ਮੰਗ ਲੈਨੇ ਆਂ ਤਾਂ ਐਵੇਂ ਸੁੰਡੀ ਵਾਂਗੂੰ ਵੱਟ ਖਾ ਜਾਂਦੇ ਆ, ਨਾਲੇ ਸਾਰੀ ਫਸਲ ਇਹਨਾਂ ਨੂੰ ਵੇਚਦੇ ਆਂ।’

‘ਬੱਸ ਇੰਦਰ ਕੌਰੇ, ਜੀਹਦਾ ਰੱਬ ਵੈਰੀ ਹੋ ਜਾਂਦਾ ਉਹਦਾ ਪੱਤਾ-ਪੱਤਾ ਵੈਰੀ ਹੋ ਜਾਂਦਾ, ਚੱਲ ਕੋਈ ਨਾ ਮੈਂ ਅੱਜ ਪੱਕਾ ਹੱਲ ਹੀ ਕਰਦਾਂ।’ ਇਹ ਕਹਿੰਦਿਆਂ ਕਿਸ਼ਨ ਸਿੰਘ ਨੇ ਬਲਦ ਗੱਡੀ ਜੋੜੀ ਤੇ ਖੇਤਾਂ ਵੱਲ ਚੱਲ ਪਿਆ। ਸੋਚਦਿਆਂ-ਸੋਚਦਿਆਂ ਕਦੋਂ ਖੇਤ ਪਹੁੰਚ ਗਿਆ ਕੁੱਝ ਪਤਾ ਹੀ ਨਾ ਲੱਗਿਆ। ਕਿਸ਼ਨ ਸਿੰਘ ਨੇ ਬਲਦ ਗੱਡੀ ਚਾਰੇ ਦੇ ਵੱਢ ਵਿੱਚ ਖੜ੍ਹੀ ਕਰ ਦਿੱਤੀ ਤੇ ਆਪ ਮੋਟਰ ਵਾਲੇ ਕਮਰੇ ਨੂੰ ਖੋਲ੍ਹ ਕੇ ਕੁੱਝ ਭਾਲਣ ਲੱਗਿਆ, ਜੋ ਉਹ ਭਾਲ ਰਿਹਾ ਸੀ ਸ਼ਾਇਦ ਉਸਨੂੰ ਨਹੀਂ ਮਿਲਿਆ। ਫਿਰ ਉਸਨੇ ਇੱਕ ਰੱਸਾ ਚੁੱਕਿਆ ਤੇ ਬਾਹਰ ਲੱਗੇ ਨਿੰਮ ਦੇ ਦਰੱਖਤ ਕੋਲ ਆ ਗਿਆ। ਕੁਝ ਪਲ ਉੱਪਰ ਵੇਖਣ ਤੋਂ ਬਾਅਦ ਉਹ ਰੱਸੇ ਨੂੰ ਗੰਢਾਂ ਦੇਣ ਲੱਗਿਆ।

ਇਹ ਕੀ, ਕਿਸ਼ਨ ਸਿੰਘ ਤਾਂ ਖੁਦ ਨੂੰ ਫਾਹੇ ਲਾਉਣ ਦੀ ਤਿਆਰੀ ਕਰ ਰਿਹਾ ਸੀ। ਜਦੋਂ ਰੱਸਾ ਤਿਆਰ ਕਰਕੇ ਉਹ ਨਿੰਮ ਨਾਲ ਬੰਨ੍ਹਣ ਲੱਗਾ ਤਾਂ ਇੱਕ ਪੰਛੀ ਉਸ ਟਾਹਣੇ ’ਤੇ ਆ ਕੇ ਬੈਠ ਗਿਆ ਤੇ ਉਸ ਵੱਲ ਵੇਖਣ ਲੱਗਾ। ਸ਼ਾਇਦ ਉਹ ਇੱਕ ਇਨਸਾਨ ਨੂੰ ਜਿੰਦਗੀ ਹੱਥੋਂ ਹਾਰਦਾ ਹੋਇਆ ਵੇਖ ਰਿਹਾ ਸੀ।

Punjabi Story

‘ਹੇ ਪਰਮਾਤਮਾ ਦੇ ਜੀਵ, ਮੈਂ ਤਾਂ ਕਿਸਮਤ ਦਾ ਮਾਰਿਆ ਇਨਸਾਨ ਹਾਂ ਤੂੰ ਤੇ ਅਜਾਦ ਪੰਛੀ ਹੈਂ। ਤੈਨੂੰ ਤੇ ਕੋਈ ਹੱਦਾਂ ਜਾਂ ਬੰਦਿਸ਼ਾਂ ਨਹੀਂ ਨਾ ਹੀ ਤੂੰ ਮੇਰੀ ਤਰ੍ਹਾਂ ਕਿਸੇ ਦਾ ਕਰਜਾਈ ਐਂ। ਤੂੰ ਤੇ ਅੱਜ ਦਾ ਆਨੰਦ ਮਾਣਦਾ, ਪਰ ਮੇਰੇ ਤਾਂ ਕੱਲ੍ਹ ਦੇ ਫਿਕਰਾਂ ਨੇ ਅੱਜ ਵੀ ਹਰਾਮ ਕਰ ਰੱਖਿਆ। ਚੱਲ ਉੱਡ ਜਾ ਤੇ ਆਪਣੀ ਅਜ਼ਾਦੀ ਦਾ ਆਨੰਦ ਮਾਣ।’ ਕਿਸ਼ਨ ਸਿੰਘ ਨੇ ਮਨ ਹੀ ਮਨ ਉਸ ਪੰਛੀ ਨੂੰ ਕਿਹਾ।

‘ਕਿਉਂ ਕਿਸ਼ਨ ਸਿੰਹਾਂ, ਇੰਨੀ ਛੇਤੀ ਜਿੰਦਗੀ ਤੋਂ ਹਾਰ ਮੰਨ ਲਈ? ਮੈਂ ਤਾਂ ਸੁਣਿਆ ਸੀ ਕਿ ਇਨਸਾਨ ਬੜੇ ਦਲੇਰ ਹੁੰਦੇ ਨੇ ਪਰ ਤੂੰ ਤੇ ਬੜਾ ਕਾਇਰ ਨਿੱਕਲਿਆ ਜੋ ਜਿੰਦਗੀ ਦੀਆਂ ਛੋਟੀਆਂ-ਛੋਟੀਆਂ ਪ੍ਰੀਖਿਆਵਾਂ ਤੋਂ ਡਰਦਾ ਫਿਰਦਾਂ। ਇਹ ਖੁਸ਼ੀ ਗਮੀ, ਦੁੱਖ ਤੇ ਤਕਲੀਫਾਂ ਤੇ ਰੁੱਤਾਂ ਵਾਂਗ ਆਉਂਦੇ-ਜਾਂਦੇ ਰਹਿੰਦੇ ਨੇ। ਪਰ ਇਹਨਾਂ ਤੋਂ ਡਰਦਿਆਂ ਆਪਣੀ ਇੰਨੀ ਕੀਮਤੀ ਜਿੰਦਗੀ ਗਵਾਉਣੀ ਕੋਈ ਚੰਗਾ ਕੰਮ ਨਹੀਂ। ਤੂੰ ਆਪਣਾ ਨਹੀਂ ਤੇ ਘੱਟੋ-ਘੱਟ ਆਪਣੇ ਪਰਿਵਾਰ ਬਾਰੇ ਸੋਚ!’ ਉਸ ਪੰਛੀ ਨੇ ਕਿਸ਼ਨ ਸਿੰਘ ਨੂੰ ਖੁਦਕੁਸ਼ੀ ਤੋਂ ਵਰਜਦਿਆਂ ਕਿਹਾ।

‘ਪਰ ਮੈਂ ਕੀ ਕਰਾਂ! ਮੇਰਾ ਘਰੋਂ ਨਿੱਕਲਣਾ ਮੁਸ਼ਕਲ ਹੋਇਆ ਪਿਆ। ਇਹਨਾਂ ਫਸਲਾਂ ’ਤੇ ਕੋਈ ਭਰੋਸਾ ਨਹੀਂ ਰਿਹਾ। ਜੇ ਕਿਤੇ ਚੰਗਾ ਝਾੜ ਹੋ ਜਾਂਦਾ ਤਾਂ ਕੋਈ ਚੰਗਾ ਭਾਅ ਨਹੀਂ ਮਿਲਦਾ, ਦਿਨੋਂ-ਦਿਨ ਖਰਚੇ ਵਧਦੇ ਜਾਂਦੇ ਨੇ, ਉੱਪਰੋਂ ਆਹ ਬੈਂਕਾਂ ਵਾਲੇ ਫੋਨ ’ਤੇ ਫੋਨ ਕਰੀ ਜਾਂਦੇ ਨੇ ਲਿਮਟਾਂ ਭਰਨ ਵਾਸਤੇ ਤੇ ਦੂਜਾ ਸ਼ਾਹੂਕਾਰਾਂ ਦਾ ਵਿਆਜ਼ ਦਿਨ-ਰਾਤ ਵਧੀ-ਫੁੱਲੀ ਜਾਂਦਾ, ਹੁਣ ਤੂੰ ਹੀ ਦੱਸ ਮੈਂ ਫਾਹਾ ਨਾ ਲਵਾਂ ਤਾਂ ਕੀ ਕਰਾਂ?’ ਕਿਸ਼ਨ ਸਿੰਘ ਨੇ ਭਰੇ ਮਨ ਨਾਲ ਉਸਨੂੰ ਸਵਾਲ ਕੀਤਾ।

‘ਵੇਖ ਕਿਸ਼ਨ ਸਿੰਹਾਂ, ਮੇਰੀਆਂ ਕਹੀਆਂ ਗੱਲਾਂ ਤੈਨੂੰ ਕੌੜੀਆਂ ਜਰੂਰ ਲੱਗਣਗੀਆਂ, ਅਸਲ ਵਿੱਚ ਫਾਹਾ ਤਾਂ ਤੂੰ ਉਦੋਂ ਹੀ ਲੈ ਲਿਆ ਸੀ ਜਦੋਂ ਆਪਣੇ ਬੱਚਿਆਂ ਦੇ ਵਿਆਹ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦਿਆਂ ਕੀਤੇ ਸਨ। ਕੀ ਲੋੜ ਸੀ ਇੰਨਾ ਲੋਕ ਵਿਖਾਵਾ ਤੇ ਸ਼ੋਸ਼ੇਬਾਜ਼ੀ ਕਰਨ ਦੀ, ਉਸ ਚਾਰ ਦਿਨਾਂ ਦੀ ਫੋਕੀ ਵਾਹ-ਵਾਹ ਨੇ ਤੇਰਾ ਸਾਰਾ ਢਾਂਚਾ ਖਰਾਬ ਕਰ ਦਿੱਤਾ। ਉਸ ਤੋਂ ਬਾਅਦ ਇਨ੍ਹਾਂ ਵੱਡੀਆਂ-ਵੱਡੀਆਂ ਕੋਠੀਆਂ ਤੇ ਕਾਰਾਂ ਨੇ ਤੈਨੂੰ ਹੋਰ ਕਰਜਾਈ ਕਰ ਦਿੱਤਾ। ਆਪਾਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲੇ ਆਂ, ਇਹ ਮਹਿੰਗੀਆਂ ਕਾਰਾਂ, ਕੋਠੀਆਂ, ਬੰਗਲੇ ਤੇ ਫੋਕੀ ਟੌਹਰ ਤਾਂ ਚੋਰਾਂ-ਠੱਗਾਂ ਜਾਂ ਦੋ ਨੰਬਰ ਦਾ ਕੰਮ ਕਰਨ ਵਾਲਿਆਂ ਵਾਸਤੇ ਹੁੰਦੇ ਨੇ, ਐਵੇਂ ਦੂਜੇ ਨੂੰ ਵੇਖ ਅੱਡੀਆਂ ਚੁੱਕ ਕੇ ਫਾਹੇ ਲੈਣ ਨਾਲੋਂ ਤਾਂ ਚੰਗਾ ਕਿ ਆਪਣੀ ਆਮਦਨ ਦੇ ਹਿਸਾਬ ਨਾਲ ਖਰਚ ਕਰੋ। ਫਿਰ ਸਪਰੇਆਂ ਪੀਣ, ਫਾਹੇ ਲੈਣ ਦੀ ਲੋੜ ਨਹੀਂ ਪਵੇਗੀ।’

Punjabi Story

‘ਪਰ ਮੈਂ ਇੰਨਾ ਕਰਜਾ ਕਿਵੇਂ ਲਾਹਵਾਂਗਾ, ਕਿਵੇਂ ਘਰ ਦਾ ਖਰਚ ਚਲਾਵਾਂਗਾ?’ ਕਿਸ਼ਨ ਸਿੰਘ ਨੇ ਉਸਨੂੰ ਪੁੱਛਿਆ।

‘ਕਿਸ਼ਨ ਸਿੰਹਾਂ ਮੈਂ ਇਹ ਨਹੀਂ ਕਹਿੰਦਾ ਕਿ ਤੂੰ ਵੱਡੇ-ਵੱਡੇ ਵਪਾਰੀਆਂ ਵਾਂਗ ਬੈਂਕਾਂ ਤੋਂ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਜਾ। ਇਹ ਲੈਣ-ਦੇਣ ਤਾਂ ਇਮਾਨਦਾਰੀ ਨਾਲ ਚੱਲਦੇ ਨੇ, ਤੂੰ ਜਿਸਦਾ ਵੀ ਲੈਣ-ਦੇਣ ਕਰਨਾ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਆਪਣੀ ਮਜਬੂਰੀ ਦੱਸ ਤੇ ਵਾਜਿਬ ਸਮਾਂ ਲੈ ਅਤੇ ਫਿਰ ਸੱਚੇ ਮਨ ਨਾਲ ਮਿਹਨਤ ਕਰ। ਉਸ ਪਰਮਾਤਮਾ ਦਾ ਨਾਮ ਲੈ ਕੇ ਫਸਲ ਬੀਜ ਅਤੇ ਉਸਨੂੰ ਮਿਹਨਤ ਨਾਲ ਪਾਲ, ਤੂੰ ਵੇਖੀਂ ਪਰਮਾਤਮਾ ਤੇਰੀ ਮਿਹਨਤ ਨੂੰ ਜਰੂਰ ਫ਼ਲ ਲਾਵੇਗਾ। ਐਵੇਂ ਨਾ ਜਿੰਦਗੀ ਤੋਂ ਨਾਰਾਜ਼ ਹੋ, ਇਹ ਤਾਂ ਪਰਮਾਤਮਾ ਦਾ ਦਿੱਤਾ ਅਣਮੁੱਲਾ ਤੋਹਫਾ ਹੈ।

ਜੇਕਰ ਇੰਝ ਹੀ ਸਾਰੇ ਸੰਸਾਰ ਦਾ ਢਿੱਡ ਭਰਨ ਵਾਲਾ ਅੰਨਦਾਤਾ ਭੁੱਖ-ਨੰਗ ਨਾਲ ਜੂਝਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਇਹਨਾਂ ਲਹਿਰਾਉਂਦੀਆਂ ਫਸਲਾਂ ਦੀ ਥਾਂ ਵੱਡੀਆਂ-ਵੱਡੀਆਂ ਫੈਕਟਰੀਆਂ ਤੇ ਕਾਰਖਾਨੇ ਲੱਗ ਜਾਣਗੇ ਕਿਉਂਕਿ ਜੇਕਰ ਕਿਸਾਨ ਹੀ ਨਹੀਂ ਹੋਵੇਗਾ ਤਾਂ ਅਨਾਜ ਕਿਵੇਂ ਪੈਦਾ ਹੋਵੇਗਾ?’

‘ਕਿਸ਼ਨ ਸਿੰਹਾਂ, ਆਹ ਕੀ ਟੁਕਰ-ਟੁਕਰ ਨਿੰਮ ਵੱਲ ਵੇਖੀ ਜਾਨਾ? ਆਜਾ ਚਾਹ ਧਰੀ ਹੋਈ ਆ ਪੀ ਲਵੀਂ ਘੁੱਟ।’ ਗੁਆਂਢੀ ਖੇਤ ਵਾਲੇ ਦਰਸ਼ਨ ਸਿੰਘ ਨੇ ਕਿਸ਼ਨ ਨੂੰ ਅਵਾਜ਼ ਮਾਰੀ। ਇਹ ਅਵਾਜ਼ ਸੁਣਦਿਆਂ ਹੀ ਕਿਸ਼ਨ ਸਿੰਘ ਦੀ ਸੋਚਾਂ ਦੀ ਲੜੀ ਟੁੱਟੀ, ਉਸਨੇ ਆਪਣੇ-ਆਪ ਨੂੰ ਸੰਭਾਲਿਆ। ‘ਬੱਸ ਬਾਈ ਸਿੰਆਂ, ਚਾਹ ਤੇ ਘਰੋਂ ਹੁਣੇ ਪੀ ਕੇ ਆਇਆ ਸੀ। ਨਾਲੇ ਆਹ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾਣਾ, ਕਾਫੀ ਸਮਾਂ ਹੋ ਗਿਆ।’
ਉਸਨੇ ਨਿੰਮ ਵੱਲ ਵੇਖਿਆ, ਕੋਈ ਪੰਛੀ ਨਹੀਂ ਸੀ। ਉਹ ਸ਼ਾਇਦ ਉਸਦਾ ਵਿਚਾਰਾਂ ਰੂਪੀ ਪੰਛੀ ਸੀ ਜਿਸਨੇ ਉਸਦੀ ਮਰ ਰਹੀ ਜ਼ਮੀਰ ਨੂੰ ਜਗਾਇਆ ਸੀ। ਕਿਸ਼ਨ ਸਿੰਘ ਨੇ ਦਾਤੀ ਚੁੱਕੀ ਅਤੇ ਜ਼ਿੰਦਗੀ ਦੇ ਦੁੱਖਾਂ-ਤਕਲੀਫਾਂ ਤੋਂ ਬਾਗੀ ਹੋ ਕੇ ਫਿਰ ਆਪਣੇ ਕੰਮ ਲੱਗ ਗਿਆ।

ਸੁਖਵਿੰਦਰ ਚਹਿਲ,
ਸੰਗਤ ਕਲਾਂ (ਬਠਿੰਡਾ)।
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।