ਬਿਊਨਸ ਆਇਸਰ (ਏਜੰਸੀ)। ਬ੍ਰਾਜੀਲ ਦੇ ਸਾਓ ਪਾਉਲੋ ਰਾਜ ’ਚ ਭਾਰੀ ਵਰਖਾ, ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕਰੀਬ 60 ਜਣਿਆਂ ਦੀ ਮੌਤ ਹੋ ਗਈ ਹੈ। ਬ੍ਰਾਜੀਲ ਦੀਆਂ ਮੀਡੀਆ ਰਿਪੋਰਟਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਨੇ ਸ਼ੁੱਕਰਵਾਰ ਨੂੰ ਮਿ੍ਰਤਕਾਂ ਦੀ ਗਿਣਤੀ 54 ਦੱਸੀ ਸੀ। ਸਾਓ ਸੇਬਾਸਟਿਆਓ ਦੀ ਨਗਰ ਪਾਲਿਕਾ ’ਚ 53 ਜਣਿਆਂ ਦੀ ਮੌਤ ਹੋ ਗਈ। ਬ੍ਰਾਜੀਲ ਦੇ ਜੀ1 ਸਮਾਚਾਰ ਪੋਰਟਲ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 59 ਤੱਕ ਪਹੰੁਚ ਗਈ ਹੈ। ਖੋਜ ਅਤੇ ਬਚਾਅ ਅਭਿਆਨ ਸੱਤ ਦਿਨਾਂ ਤੋਂ ਚੱਲ ਰਿਹਾ ਹੈ ਜਿਸ ’ਚ 150 ਤੋਂ ਜ਼ਿਆਦਾ ਵਿਸ਼ੇਸ਼ ਟੀਮਾਂ ਸ਼ਾਮਲ ਹਨ। (Flood in Brazil)
ਸਾਓ ਪਾਉਲੋ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਹਫ਼ਤੇ ਦੇ ਅੰਤ ’ਚ ਆਏ ਹੜ੍ਹ ਤੇ ਧਰਤੀ ਖਿਸਕਣ ਕਾਰਨ ਇਸ ਖੇਤਰ ’ਚ 760 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਸਨ ਅਤੇ ਪ੍ਰਭਾਵਿਤ ਖੇਤਰਾਂ ਤੋਂ 1730 ਲੋਕਾਂ ਨੂੰ ਕੱਢਿਆ ਗਿਆ। ਸਾਓ ਪਾਉਲੋ ਦੇ ਗਵਰਨਰ ਟਾਰਸਿਸਓ ਗੇਮਸ ਡੀ ਫ੍ਰੀਟਾਸ ਨੇ ਕਈ ਨਗਰ ਪਾਲਿਕਾਵਾਂ ’ਚ ਐਮਰਜੈਂਸੀ ਦੀ ਸਥਿਤੀ ਐਲਾਨ ਕਰ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਿਲਾਦਿਮੀਰ ਪੁਤਿਨ ਨੇ ਸੋਮਵਾਰ ਨੂੰ ਸਾਓ ਪਾਉਲੋ ’ਚ ਆਏ ਹੜ੍ਹ ’ਤੇ ਬਾ੍ਰਜੀਲ ਦੇ ਰਾਸ਼ਟਰਪਤੀ ਲੁਈਜ ਇਨਾਸੀਓ ਲੂਲਾ ਡਾ ਸਿਲਵਾ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। (Flood in Brazil)