ਨਸ਼ਿਆਂ ਦਾ ਕਹਿਰ: ਬਠਿੰਡਾ ‘ਚ ਚਿੱਟੇ ਨਾਲ ਇੱਕ ਹੋਰ ਔਰਤ ਦੀ ਮੌਤ

Drug Addiction, Woman Dies, Bathinda

ਪੁਲਿਸ ਵੱਲੋਂ ਤਿੰਨ ਔਰਤਾਂ ਖਿਲਾਫ਼ ਮੁਕੱਦਮਾ ਦਰਜ

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ ਸ਼ਹਿਰ ਵਿੱਚ ਚਿੱਟੇ ਨਾਲ ਇੱਕ ਹੋਰ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਇਸ ਔਰਤ ਨੂੰ ਚਿੱਟੇ ਦੀ ਚਾਟ ‘ਤੇ ਲਾਉਣ ਵਾਲੀਆਂ ਔਰਤਾਂ ਆਰਕੈਸਟਰਾ ‘ਚ ਕੰਮ ਕਰਨ ਵਾਲੀਆਂ ਸਨ ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਚਿੱਟੇ ਕਾਰਨ ਡਾਂਸਰ ਲੜਕੀ ਦੀ ਮੌਤ ਹੋ ਗਈ ਸੀ ਤਾਜਾ ਮਾਮਲਾ ਅਮਨਦੀਪ ਕੌਰ ਵਾਸੀ ਊਧਮ ਸਿੰਘ ਨਗਰ ਦਾ ਹੈ, ਜਿਸ ਦੀ ਸ਼ਨੀਵਾਰ ਦੇਰ ਸ਼ਾਮ ਸਿਵਲ ਹਸਪਤਾਲ ‘ਚ ਮੌਤ ਹੋ ਗਈ ਸੀ ਉਸ ਨੂੰ ਇਸੇ ਦਿਨ ਹੀ ਗੰਭੀਰ ਅਵਸਥਾ ‘ਚ ਉਸ ਦੇ ਪਤੀ ਜਗਜੀਤ ਸਿੰਘ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਸੀ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਇਸ ਸਬੰਧ ‘ਚ ਤਿੰਨ ਔਰਤਾਂ ਖਿਲਾਫ ਪੁਲਿਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਧੰਦੇ ਦੇ ਸਿਲਸਿਲੇ ‘ਚ ਬਾਹਰ ਹੀ ਰਹਿੰਦਾ ਸੀ ਜਦੋਂ ਕਦੇ ਵੀ ਉਸ ਦੀ ਪਤਨੀ ਨੂੰ ਪੈਸਿਆਂ ਦੀ ਜਰੂਰਤ ਪੈਂਦੀ ਤਾਂ ਉਹ ਉਸ ਦੇ ਖਾਤੇ ‘ਚ ਪੈਸੇ ਪੁਆ ਦਿੰਦਾ ਸੀ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਜਲਦੀ ਪੈਸੇ ਖਤਮ ਹੋਣ ਬਾਰੇ ਕਹਿਣ ਲੱਗੀ ਤਾਂ ਉਸ ਨੂੰ ਸ਼ੱਕ ਪੈ ਗਿਆ ਇਸ ਨੂੰ ਦੇਖਦਿਆਂ ਕੁਝ ਦਿਨ ਪਹਿਲਾਂ ਜਦੋਂ ਉਹ ਆਇਆ ਤਾਂ ਉਸ ਦੀ ਪਤਨੀ ਦੀ ਹਾਲਤ ਕੁਝ ਬਦਲੀ ਬਦਲੀ ਨਜ਼ਰ ਆ ਰਹੀ ਸੀ ਉਸ ਨੇ ਡਾਕਟਰ ਤੋਂ ਦਵਾਈ ਵਗੈਰਾ ਦੁਆਈ ਪਰ ਕੋਈ ਅਸਰ ਨਹੀਂ ਹੋਇਆ ਉਸ ਨੇ ਦੱਸਿਆ ਕਿ ਕਾਫੀ ਜੋਰ ਦੇ ਕੇ ਪੁੱਛਣ ‘ਤੇ ਉਸ ਦੀ ਪਤਨੀ ਨੇ ਚਿੱਟੇ ਦੀ ਵਰਤੋਂ ਅਤੇ ਆਰਕੈਸਟਰਾ ਲੜਕੀਆਂ ਦੀ ਗੱਲ ਕਬੂਲ ਲਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਪੈਸੇ ਤਾਂ ਨਸ਼ੇ ਕਰਨ ਲਈ ਖਰਚ ਕਰ ਰਹੀ ਹੈ

ਜਗਜੀਤ ਸਿੰਘ ਨੇ ਦੱਸਿਆ ਕਿ ਪਤਨੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹ ਉਸ ਨੂੰ ਸਿਵਲ ਹਸਪਤਾਲ ‘ਚ ਲਿਆਂਦਾ ਜਿੱਥੇ ਉਹ ਦਮ ਤੋੜ ਗਈ ਇਲਾਜ ਦੌਰਾਨ ਅਮਨਦੀਪ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਇਲਾਕੇ ‘ਚ ਚਿੱਟਾ ਅਸਾਨੀ ਨਾਲ ਮਿਲ ਜਾਂਦਾ ਹੈ ਜਿਸ ਕਰਕੇ ਲੋਕ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ

ਆਰਕੈਸਟਰਾ ਧੰਦੇ ਨਾਲ ਜੁੜੇ ਚਿੱਟੇ ਦੇ ਤਾਰ

ਡਾਂਸਰ ਲੜਕੀ ਦੀ ਮੌਤ ਉਪਰੰਤ ਅਮਨਦੀਪ ਕੌਰ ਦੇ ਮਾਮਲੇ ਨੇ ਸਾਹਮਣੇ ਲੈ ਆਂਦਾ ਹੈ ਕਿ ਆਰਕੈਸਟਰਾ ਧੰਦਾ ਨਸ਼ਿਆਂ ਦਾ ਕਥਿਤ ਹੱਬ ਬਣਦਾ ਜਾ ਰਿਹਾ ਹੈ ਅਮਨਦੀਪ ਕੌਰ ਨੂੰ ਚਿੱਟੇ ਦੇ ਨਸ਼ੇ ‘ਤੇ ਲਾਉਣ ਵਾਲੀਆਂ ਤਿੰਨ ਔਰਤਾਂ ਵੀ ਇਸੇ ਕੰਮ ਨਾਲ ਜੁੜੀਆਂ ਹੋਈਆਂ ਹਨ ਮ੍ਰਿਤਕਾ ਦਾ ਪਤੀ ਜਗਜੀਤ ਸਿੰਘ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ ਉਸ ਦੀ ਗੈਰਮੌਜ਼ੂਦਗੀ ‘ਚ ਘਰ ਇਕੱਲੀ ਹੋਣ ਕਰਕੇ ਆਰਕੈਸਟਰਾ ‘ਚ ਕੰਮ ਕਰਨ ਵਾਲੀਆਂ ਲੜਕੀਆਂ ਨੇ ਉਸ ਨੂੰ ਆਪਣੇ ਜਾਲ ‘ਚ ਫਸਾਉਣ ਲਈ ਦੋ ਤਿੰਨ ਵਾਰ ਚਿੱਟੇ ਦੀ ਵਰਤੋਂ ਕਰਵਾ ਦਿੱਤੀ ਤੇ ਖੁਦ ਗਾਇਬ ਹੋ ਗਈਆਂ ਜਦੋਂ ਅਮਨਦੀਪ ਕੌਰ ਨੂੰ ਨਸ਼ੇ ਦੀ ਜਰੂਰਤ ਪੈਂਦੀ ਤਾਂ ਉਹ ਨਸ਼ੇ ਦੀ ਲਤ ਪੂਰੀ ਕਰਨ ਲਈ ਮਹਿਲਾਵਾਂ ਵੱਲੋਂ ਦੱਸੇ ਨਸ਼ਾ ਤਸਕਰਾਂ ਤੋਂ ਚਿੱਟਾ ਖਰੀਦਣ ਲੱਗ ਗਈ, ਜਿਸ ‘ਤੇ ਦੋ ਹਜ਼ਾਰ ਰੁਪਏ ਖਰਚ ਆਉਂਦਾ ਸੀ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਲਦ: ਤਫਤੀਸ਼ੀ ਅਫਸਰ

ਅਮਨਦੀਪ ਕੌਰ ਦੀ ਮੌਤ ਸਬੰਧੀ ਉਸ ਦੇ ਪਤੀ ਜਗਜੀਤ ਸਿੰਘ ਦੇ ਬਿਆਨਾਂ ‘ਤੇ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਤੇ ਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀਅਨ ਊਧਮ ਸਿੰਘ ਨਗਰ ਤੋਂ ਇਲਾਵਾ  ਰਣਜੀਤ ਕੌਰ ਪਤਨੀ ਕੌਰ ਸਿੰਘ ਵਾਸੀ ਲਾਲ ਸਿੰਘ ਬਸਤੀ ਖਿਲਾਫ 27/61/85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਪਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਏਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।