ਜ਼ੀਰੋ ਬਿੱਲਾਂ ਨੇ ਜਲਾਲਾਬਾਦ ਬਿਜਲੀ ਵੰਡ ਮੰਡਲ ’ਚ 74653 ਪਰਿਵਾਰਾਂ ਦਿੱਤੀ ਰਾਹਤ

Jalalabad Electricity Distribution
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ

ਜਲਾਲਾਬਾਦ (ਰਜਨੀਸ਼ ਰਵੀ) । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਘਰੇਲੂ ਬਿਜਲੀ ਵਰਤੋਂ ’ਚ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਤੱਕ ਦਿੱਤੀ ਜ਼ੀਰੋ ਬਿੱਲ ਦੀ ਸਹੂਲਤ ਬਿਜਲੀ ਵੰਡ ਮੰਡਲ ਜਲਾਲਾਬਾਦ (Jalalabad Electricity Distribution) ਦੇ ਹਜ਼ਾਰਾਂ ਪਰਿਵਾਰਾਂ ਲਈ ਵੱਡੀ ਰਾਹਤ ਬਣ ਕੇ ਆਈ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕੀਤਾ। ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਨੂੰ ਧਿਆਨ ਵਿਚ ਰੱਖਦਿਆਂ ਘਰੇਲੂ ਬਿਜਲੀ ਵਰਤੋਂ ਦੇ ਖ਼ਪਤਕਾਰਾਂ ਨੂੰ ਇੱਕ ਸਮਾਨ 600 ਯੂਨਿਟ ਤੱਕ ਵਰਤੋਂ ਹੋਣ ’ਤੇ ਜ਼ੀਰੋ ਬਿਜਲੀ ਬਿੱਲ ਦੀ ਸਹੂਲਤ ਦਾ ਲਾਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਪਖਪਾਤ ਤੋਂ ਉਪਰ ਉਠ ਕੇ ਹਰ ਵਰਗ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਦੇ ਰਹੀ ਹੈ। (Jalalabad Electricity Distribution)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਸਰਕਾਰ ਵਲੋ ਹਰ ਵਰਗ ਨੂੰ ਦਿੱਤੀ ਬਿਜਲੀ ਬਿੱਲਾਂ ਤੋਂ ਰਾਹਤ : ਜਗਦੀਪ ਕੰਬੋਜ ਗੋਲਡੀ

ਵਿਧਾਇਕ ਗੋਲਡੀ ਕੰਬੋਜ ਦੇ ਅਨੁਸਾਰ ਜੋ ਡਾਟੇ ਉਨ੍ਹਾਂ ਕੋਲ ਬਿਜਲੀ ਅਧਿਕਾਰੀਆਂ ਦੀ ਮਾਰਫਤ ਪਹੁੰਚੇ ਹਨ, ਉਨ੍ਹਾਂ ਡਾਟਿਆਂ ਅਨੁਸਾਰ ਸਾਲ 2022-23 ਦੇ ਆਖਰੀ ਬਿਲਿੰਗ ਤੱਕ ਜਲਾਲਾਬਾਦ ਬਿਜਲੀ ਵੰਡ ਮੰਡਲ ਦੀਆਂ ਪੰਜਾ ਬਿਜਲੀ ਸਬ ਡਵੀਜ਼ਨਾਂ ਤੋਂ 85 ਫ਼ੀਸਦੀ ਘਰੇਲੂ ਬਿਜਲੀ ਖ਼ਪਤਕਾਰ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ। 600 ਯੂਨਿਟ ਤੱਕ ਵਰਤੋਂ ਹੋਣ ’ਤੇ ਜ਼ੀਰੋ ਬਿਜਲੀ ਬਿੱਲ ਦੀ ਦਿੱਤੀ ਸਹੂਲਤ ਦਾ ਇਸ ਬਿਜਲੀ ਵੰਡ ਮੰਡਲ ਦੇ 74653 ਖ਼ਪਤਕਾਰਾਂ ਨੇ ਲਾਹਾ ਹਾਸਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਇਸ ਵੰਡ ਮੰਡਲ ਵਿੱਚ ਕੁੱਲ ਘਰੇਲੂ ਸਪਲਾਈ ਖਪਤਕਾਰ 87629 ਹਨ। ਵਿਧਾਇਕ ਨੇ ਮੰਡਲ ਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਜਲਾਲਾਬਾਦ ਸਿਟੀ ਬਿਜਲੀ ਉਪਮੰਡਲ ਵਿੱਚ 25872 ਘਰੇਲੂ ਖ਼ਪਤਕਾਰਾਂ ਵਿੱਚੋਂ 21724 ਪਰਿਵਾਰਾਂ ਦਾ ਬਿੱਲ ਜ਼ੀਰੋ ਆਇਆ ਹੈ। ਇਸੇ ਤਰ੍ਹਾਂ ਜਲਾਲਾਬਾਦ ਸਬ ਅਰਬਨ ਬਿਜਲੀ ਉਪਮੰਡਲ ਵਿੱਚ 14849 ਪਰਿਵਾਰਾਂ ’ਚੋਂ 12933 ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਅੱਜ, 9 ਵਜੇ ਤੱਕ ਹੋਈ 5.21 ਫ਼ੀਸਦੀ ਵੋਟਿੰਗ

ਇਸ ਤੋਂ ਇਲਾਵਾ ਜੇ ਗੁਆਂਢੀ ਹਲਕੇ ਗੁਰਹਰਸਹਾਏ ਦੀ ਗੱਲ ਕੀਤੀ ਜਾਵੇ ਤਾਂ ਉਥੇ 18336 ਘਰੇਲੂ ਬਿਜਲੀ ਖ਼ਪਤਕਾਰਾਂ ਵਿੱਚੋਂ 15088 ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਬਿਜਲੀ ਉਪ ਮੰਡਲ ਸਬ ਅਰਬਨ ਗੁਰਹਰਸਹਾਏ ਵਿੱਚ ਕੁੱਲ 16973 ਘਰੇਲੂ ਬਿਜਲੀ ਕੁਨੈਕਸ਼ਨ ਹਨ, ਜਿਨ੍ਹਾਂ ਵਿੱਚੋਂ 15080 ਦਾ ਬਿੱਲ ਜ਼ੀਰੋ ਆਇਆ ਹੈ। ਘੁਬਾਇਆ ਬਿਜਲੀ ਉਪ ਮੰਡਲ ਵਿੱਚ 11599 ਘਰੇਲੂ ਕੁਨੈਕਸ਼ਨਾਂ ’ਚੋਂ 9828 ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਜੀਰੋ ਬਿਲ ਅਧੀਨ ਆਉਣ ਵਾਲੇ ਪਰਿਵਾਰ ਵੀ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਧੰਨਵਾਦ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਹੈ ਤੇ ਉਹ ਇਸ ਪੈਸੇ ਦੀ ਹੋਰ ਸਾਧਨਾਂ ਵਿਚ ਵਰਤੋਂ ਕਰ ਸਕਦੇ ਹਨ।