ਭਾਰਤ ਖਿਲਾਫ਼ ਜ਼ਹਿਰ ਉਗਲ ਰਿਹੈ ਜ਼ਾਕਿਰ ਨਾਇਕ

ZakirNaik, Poisoned, Against, India

ਬਲਰਾਜ ਸਿੰਘ ਸਿੱਧੂ ਐਸ.ਪੀ.

ਭਾਰਤ ਦਾ ਸਭ ਤੋਂ ਵੱਧ ਲੋੜੀਂਦਾ ਕੱਟੜਪੰਥੀ ਜ਼ਾਕਿਰ ਅਬਦੁਲ ਕਰੀਮ ਨਾਇਕ ਉਰਫ ਜ਼ਾਕਿਰ ਨਾਇਕ 2016 ਤੋਂ ਮਲੇਸ਼ੀਆ ਵਿੱਚ ਛਿਪਿਆ ਹੋਇਆ ਹੈ। ਇਸਲਾਮ ਦੀ ਅਥਾਹ ਜਾਣਕਾਰੀ ਹੋਣ ਕਾਰਨ ਉਸ ਨੂੰ ਮਲੇਸ਼ੀਆ ਵਿੱਚ ਇੱਕ ਸਟਾਰ ਦਾ ਦਰਜ਼ਾ ਹਾਸਲ ਹੈ। ਉਸਾਮਾ ਬਿਨ ਲਾਦੇਨ ਨੂੰ ਆਪਣਾ ਆਦਰਸ਼ ਮੰਨਣ ਵਾਲੇ ਜ਼ਾਕਿਰ ਦੇ ਲੈਕਚਰ ਖਚਾਖਚ ਭਰੇ ਸਟੇਡੀਅਮਾਂ ਵਿੱਚ ਹੁੰਦੇ ਹਨ। ਬੇਹੱਦ ਕੱਟੜ ਸੁੰਨੀ ਸਲਾਫੀ-ਵਹਾਬੀ ਫਿਰਕੇ ਦਾ ਪੈਰੋਕਾਰ ਅਤੇ ਪ੍ਰਚਾਰਕ ਜ਼ਾਕਿਰ ਨਾਇਕ ਐਨਾ ਪ੍ਰਸਿੱਧ ਹੈ ਕਿ ਖੁਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਂਦੀਰ ਮੁਹੰਮਦ ਉਸ ਦੇ ਪ੍ਰੋਗਰਾਮਾਂ ‘ਚ ਹਾਜ਼ਰੀ ਲਵਾ ਚੁੱਕੇ ਹਨ। ਪਰ ਹੁਣ ਭਾਰਤ ਦੇ ਜਬਰਦਸਤ ਵਿਰੋਧ ਅਤੇ ਮਲੇਸ਼ੀਆ ਵਿੱਚ ਫਿਰਕੂ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਨ ਕਾਰਨ ਜ਼ਾਕਿਰ ‘ਤੇ ਮਲੇਸ਼ੀਆ ‘ਚ ਲੈਕਚਰ ਦੇਣ ‘ਤੇ ਪਾਬੰਦੀ ਲੱਗ ਚੁੱਕੀ ਹੈ। ਭਾਰਤ ਵੱਲੋਂ ਲਗਾਤਾਰ ਉਸ ਦੀ ਹਵਾਲਗੀ ਲਈ ਜ਼ੋਰ ਪਾਇਆ ਜਾ ਰਿਹਾ ਹੈ। 18 ਜੁਲਾਈ 2017 ਨੂੰ ਭਾਰਤ ਸਰਕਾਰ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਸ਼ਿਫਾਰਸ਼ ‘ਤੇ ਜ਼ਾਕਿਰ ਨਾਇਕ ਦਾ ਪਾਸਪੋਰਟ ਕੈਂਸਲ ਕਰ ਦਿੱਤਾ ਹੈ।

ਜ਼ਾਕਿਰ ਨਾਇਕ ਦਾ ਜਨਮ 18 ਅਕਤੂਬਰ 1965 ਨੂੰ ਮੁੰਬਈ ਦੇ ਇੱਕ ਮੱਧਵਰਗੀ ਪਰਿਵਾਰ ‘ਚ ਹੋਇਆ ਸੀ। ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ ਨਾਇਕ ਨੇ ਟੋਪੀਵਾਲਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕੀਤੀ। ਇਸਲਾਮੀ ਪ੍ਰਚਾਰਕ ਬਣਨ ਤੋਂ ਪਹਿਲਾਂ ਕਈ ਸਾਲ ਉਹ ਮੈਡੀਕਲ ਪ੍ਰੈਕਟਿਸ ਕਰਦਾ ਰਿਹਾ। ਉਹ ਬਾਕੀ ਇਸਲਾਮੀ ਪ੍ਰਚਾਰਕਾਂ ਵਾਂਗ ਅਰਬੀ-ਫਾਰਸੀ ਦੀ ਬਜਾਏ ਇੰਗਲਿਸ਼ ਵਿੱਚ ਭਾਸ਼ਣ ਦਿੰਦਾ ਹੈ ਤੇ ਰਵਾਇਤੀ ਕੱਪੜੇ ਪਹਿਨਣ ਨਾਲੋਂ ਪੈਂਟ, ਕੋਟ ਤੇ ਟਾਈ ਪਹਿਨਣੀ ਜਿਆਦਾ ਪਸੰਦ ਕਰਦਾ ਹੈ। 1991 ਤੱਕ ਉਹ ਇੱਕ ਆਮ ਇਨਸਾਨ ਸੀ, ਪਰ ਕੱਟੜਵਾਦੀ ਮੌਲਾਨਾ ਅਹਿਮਦ ਦੀਦਤ ਨਾਲ ਮੁਲਾਕਾਤ ਹੋਣ ਤੋਂ ਬਾਅਦ ਉਸ ਦੇ ਵਿਚਾਰ ਲਗਾਤਾਰ ਕੱਟੜ ਹੁੰਦੇ ਗਏ। 1992 ਵਿੱਚ ਉਸ ਨੇ ਇਸਲਾਮ ਦੇ ਵਹਾਬੀ-ਸਲਾਫੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਇਸਲਾਮਿਕ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ 1998 ਵਿੱਚ ਉਸ ਨੇ ਗਰੀਬ ਮੁਸਲਿਮ ਵਿਦਿਆਥੀਆਂ ਦੀ ਮੱਦਦ ਲਈ ਮੁੰਬਈ ਵਿਖੇ ਇਸਲਾਮਿਕ ਇੰਟਰਨੈਸ਼ਨਲ ਸਕੂਲ ਤੇ ਯੂਨਾਈਟਿਡ ਇਸਲਾਮਿਕ ਏਡ ਦੀ ਸਥਾਪਨਾ ਕੀਤੀ।

ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ 1999 ‘ਚ ਉਸ ਨੇ ਪੀਸ ਟੀਵੀ ਨੈੱਟਵਰਕ ਸ਼ੁਰੂ ਕੀਤਾ। ਲੇਕਿਨ ਲਗਾਤਾਰ ਪ੍ਰਸਾਰਿਤ ਹੋਣ ਵਾਲੇ ਭਾਰਤ ਵਿਰੋਧੀ ਫਿਰਕੂ ਪ੍ਰੋਗਰਾਮਾਂ ਕਾਰਨ 2012 ‘ਚ ਇਸ ‘ਤੇ ਪਾਬੰਦੀ ਲਾ ਦਿੱਤੀ ਗਈ। ਪਰ ਇਹ ਚੈਨਲ ਅਜੇ ਵੀ ਸੋਸ਼ਲ ਮੀਡੀਆ ‘ਤੇ ਬੇਹੱਦ ਮਕਬੂਲ ਹੈ ਤੇ ਇਸ ਦੇ ਲੱਖਾਂ ਸਰੋਤੇ ਹਨ। ਉਹ ਇਸਲਾਮ ਬਾਰੇ ਵੱਖ-ਵੱਖ ਦੇਸ਼ਾਂ ਵਿੱਚ 6000 ਤੋਂ ਵੱਧ ਭਾਸ਼ਣ ਦੇ ਚੁੱਕਾ ਹੈ। ਉਹ ਇੰਟਰਨੈੱਟ ‘ਤੇ ਸਭ ਤੋਂ ਵੱਧ ਡਾਊਨਲੋਡ ਕੀਤਾ ਜਾਣ ਵਾਲਾ ਇਸਲਾਮੀ ਕੱਟੜਵਾਦੀ ਹੈ। ਉਸ ਨੇ ਪਹਿਲੀ ਵਾਰ 1994 ਵਿੱਚ ਮੁੰਬਈ ਪੱਤਰਕਾਰ ਸੰਘ ਦੁਆਰਾ ਆਯੋਜਿਤ ਬੰਗਲਾਦੇਸ਼ੀ ਲਿਖਾਰੀ ਤਸਲੀਮਾ ਨਸਰੀਨ ਦੇ ਨਾਵਲ ਲੱਜਾ ਬਾਰੇ ਇੱਕ ਬਹਿਸ ਵਿੱਚ ਹਿੱਸਾ ਲਿਆ ਸੀ। ਨਾਇਕ ਨੇ ਅਜਿਹੀ ਅੱਗ ਲਾਊ ਤਕਰੀਰ ਕੀਤੀ ਕਿ ਪ੍ਰਭਾਵਿਤ ਹੋ ਕੇ ਅਨੇਕਾਂ ਇਸਲਾਮੀ ਸੰਗਠਨਾਂ ਨੇ ਤਸਲੀਮਾ ਨਸਰੀਨ ਦੇ ਖਿਲਾਫ ਫਤਵੇ ਜਾਰੀ ਕਰ ਦਿੱਤੇ ਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਇਸ ਨਾਵਲ ‘ਤੇ ਪਾਬੰਦੀ ਲੱਗ ਗਈ।

2004 ਵਿੱਚ ਉਸ ਨੂੰ ਅਸਟਰੇਲੀਆ ਦੇ ਇਸਲਾਮਿਕ ਇਨਫਰਮੇਸ਼ਨ ਐਂਡ ਸਰਵਿਸ ਨੈਟਵਰਕ ਨੇ ਲੈਕਚਰ ਦੇਣ ਲਈ ਮੈਲਬਰਨ ਯੂਨੀਵਰਸਿਟੀ ਬੁਲਾਇਆ। ਉਸ ਨੇ ਇਹ ਬਿਆਨ ਦੇ ਕੇ ਤਰਥਲੀ ਮਚਾ ਦਿੱਤੀ ਕਿ ਪੱਛਮੀ ਔਰਤਾਂ ਘੱਟ ਕੱਪੜੇ ਪਹਿਨ ਕੇ ਖੁਦ ਹੀ ਦੁਰਾਚਾਰ ਨੂੰ ਸੱਦਾ ਦਿੰਦੀਆਂ ਹਨ। ਇਸ ਤੋਂ ਬਾਅਦ ਅਗਸਤ 2006 ‘ਚ ਉਸ ਨੂੰ ਇੰਗਲੈਂਡ ਦੇ ਸ਼ਹਿਰ ਕਾਰਡਿਫ ਵਿਖੇ ਲੈਕਚਰ ਲਈ ਸੱਦਿਆ ਗਿਆ। ਉਸ ਦੇ ਇਨ੍ਹਾਂ ਕਾਰਿਆਂ ਤੇ ਪੱਛਮ ਵਿਰੋਧੀ ਬਿਆਨਾਂ ਕਾਰਨ ਬ੍ਰਿਟਿਸ਼ ਐਮ.ਪੀ. ਡੇਵਿਡ ਡੇਵਿਸ ਨੇ ਇਸ ਦੀ ਆਮਦ ਦਾ ਸਖਤ ਵਿਰੋਧ ਕੀਤਾ। ਉਸ ਦੀ ਵਿਰੋਧਤਾ ਦੇ ਬਾਵਜੂਦ ਜ਼ਾਕਿਰ ਨਾਇਕ ਇੰਗਲੈਂਡ ਵਿੱਚ ਜ਼ਹਿਰ ਉਗਲਣ ਵਿੱਚ ਕਾਮਯਾਬ ਰਿਹਾ। ਪਰ ਆਪਣੀਆਂ ਫਿਰਕੂ ਕਰਤੂਤਾਂ ਕਾਰਨ ਉਹ ਜਲਦੀ ਹੀ ਪੱਛਮੀ ਦੇਸ਼ਾਂ ਵਿੱਚ ਬਦਨਾਮ ਹੋ ਗਿਆ। ਇੰਗਲੈਂਡ ਤੇ ਕੈਨੇਡਾ ਸਮੇਤ ਅਨੇਕਾਂ ਦੇਸ਼ਾਂ ਨੇ ਜ਼ਾਕਿਰ ਨਾਇਕ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਬਾਅਦ ਭਾਰਤ ਦੇ ਸਖਤ ਰਵੱਈਏ ਨੂੰ ਭਾਂਪਦੇ ਹੋਏ ਨਾਇਕ ਭਾਰਤ ਵਾਪਸ ਆਉਣ ਦੀ ਬਜਾਏ ਮਲੇਸ਼ੀਆ ਦੌੜ ਗਿਆ।

ਜ਼ਾਕਿਰ ਨਾਇਕ ਇਸਲਾਮ ਦੀ ਕੱਟੜ ਮੱਧਕਾਲੀਨ ਵਿਆਖਿਆ ਕਰਦਾ ਹੈ। ਉਸ ਅਨੁਸਾਰ ਸੰਗੀਤ, ਚਿੱਤਰਕਲਾ ਅਤੇ ਨਾਚ ਗੈਰ-ਇਸਲਾਮੀ ਹਨ। ਉਹ ਚੋਰੀ ਕਰਨ ਵਾਲਿਆਂ ਦੇ ਹੱਥ-ਪੈਰ ਵੱਢਣ ਦਾ ਹਮਾਇਤੀ ਹੈ। ਉਸ ਦਾ ਕਹਿਣਾ ਹੈ ਕਿ ਮਰਦ ਘਰ ਦਾ ਮੁਖੀਆ ਹੈ, ਉਸ ਨੂੰ ਆਪਣੀ ਪਤਨੀ ਨੂੰ ਕੁੱਟਣ ਦਾ ਅਧਿਕਾਰ ਹੈ। ਉਹ ਮੀਡੀਆ, ਖਾਸ ਤੌਰ ‘ਤੇ ਪੱਛਮੀ ਮੀਡੀਆ ਦਾ ਘੋਰ ਵਿਰੋਧੀ ਹੈ। ਉਸ ਅਨੁਸਾਰ ਇਸਲਾਮ ਨੂੰ ਦੁਨੀਆਂ ਦੇ ਸਾਹਮਣੇ ਅੱਤਵਾਦ ਦੇ ਪ੍ਰਤੀਕ ਦੇ ਰੂਪ ਵਿੱਚ ਬਦਨਾਮ ਕਰਨ ਵਿੱਚ ਸਭ ਤੋਂ ਵੱਡਾ ਹੱਥ ਪੱਛਮੀ ਮੀਡੀਆ ਦਾ ਹੈ। ਉਹ ਜ਼ੇਹਾਦ ਦਾ ਪੱਕਾ ਸਮੱਰਥਕ ਹੈ। 2009 ਵਿੱਚ ਨਿਊਯਾਰਕ ਮੈਟਰੋ ਰੇਲ ਵਿੱਚ ਬੰਬ ਧਮਾਕਾ ਕਰਨ ਵਾਲੇ ਅਲਕਾਇਦਾ ਦੇ ਅੱਤਵਾਦੀ ਨਜ਼ੀਬੁਲਾਹ ਜ਼ਾਜ਼ੀ, 2016 ਦੇ ਢਾਕਾ ਬੰਬ ਧਮਾਕੇ (ਬੰਗਲਾਦੇਸ਼) ਅਤੇ 2019 ਦੇ ਸ਼੍ਰੀਲੰਕਾ ਦੇ ਬੰਬ ਧਮਾਕੇ ਕਰਨ ਵਾਲੇ ਅੱਤਵਾਦੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਹ ਜ਼ਾਕਿਰ ਨਾਇਕ ਦੇ ਲੈਕਚਰਾਂ ਤੋਂ ਪ੍ਰਭਾਵਿਤ ਹੋ ਕੇ ਹੀ ਅੱਤਵਾਦੀ ਬਣੇ ਹਨ।

ਮਲੇਸ਼ੀਆ ਦੀ ਅਬਾਦੀ ਵਿੱਚ 68% ਮੁਸਲਮਾਨ 24% ਚੀਨੀ ਬੋਧੀ ਅਤੇ 8% ਹਿੰਦੂ ਹਨ। ਜ਼ਾਕਿਰ ਨਾਇਕ ਨੇ ਕੁਝ ਦੇਰ ਤੋਂ ਬੋਧੀਆਂ ਅਤੇ ਹਿੰਦੂਆਂ ਦੇ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕੀਤਾ ਹੋਇਆ ਹੈ। ਉਹ ਚੀਨੀਆਂ ਤੇ ਹਿੰਦੂਆਂ ਨੂੰ ਮਲੇਸ਼ੀਆ ਵਿੱਚੋਂ ਜਬਰਦਸਤੀ ਬਾਹਰ ਕੱਢਣ ਬਾਰੇ ਲੈਕਚਰਬਾਜ਼ੀ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਮਲੇਸ਼ੀਆ ਦੇ ਹਿੰਦੂ ਮਹਾਂਧੀਰ ਮੁਹੰਮਦ ਦੀ ਬਜਾਏ ਨਰਿੰਦਰ ਮੋਦੀ ਦੇ ਵੱਧ ਵਫਾਦਾਰ ਹਨ। ਮਲੇਸ਼ੀਆ ਧਰਮ ਨਿਰਪੱਖ ਤੇ ਸ਼ਾਂਤੀ ਪਸੰਦ ਦੇਸ਼ ਹੈ। ਉਸ ਦੇ ਇਨ੍ਹਾਂ ਫਿਰਕੂ ਬਿਆਨਾਂ ਨੇ ਮਲੇਸ਼ੀਆ ਵਿੱਚ ਹਾਹਾਕਾਰ ਮਚਾ ਦਿੱਤੀ ਹੈ। 15 ਅਗਸਤ ਨੂੰ ਚਾਰ ਮਲੇਸ਼ੀਅਨ ਕੈਬਨਿਟ ਮੰਤਰੀਆਂ ਨੇ ਜ਼ਾਕਿਰ ਦੀ ਪੀ. ਆਰ. ਕੈਂਸਲ ਕਰ ਕੇ ਉਸ ਨੂੰ ਭਾਰਤ ਹਵਾਲੇ ਕਰ ਦੇਣ ਦੀ ਮੰਗ ਕੀਤੀ। ਆਮ ਨਾਗਰਿਕਾਂ ਨੇ ਉਸ ਦੇ ਖਿਲਾਫ ਪੁਲਿਸ ਕੋਲ 115 ਸ਼ਿਕਾਇਤਾਂ ਦਰਜ਼ ਕਰਵਾਈਆਂ। 16 ਅਗਸਤ ਨੂੰ ਸ਼ਾਹੀ ਮਲੇਸ਼ੀਅਨ ਪੁਲਿਸ ਨੇ ਉਸ ਤੋਂ 7 ਘੰਟਿਆਂ ਤੱਕ ਪੁੱਛਗਿੱਛ ਕੀਤੀ। ਰਾਸ਼ਟਰਪਤੀ ਮਹਾਂਧੀਰ ਮੁਹੰਮਦ ਨੇ ਵੀ ਬਿਆਨ ਦਿੱਤਾ ਹੈ ਕਿ ਜੇ ਜ਼ਾਕਿਰ ਨੇ ਮਲੇਸ਼ੀਆ ਦੇ ਲੋਕਾਂ ਦੇ ਆਪਸੀ ਪਿਆਰ, ਧਾਰਮਿਕ ਸਾਂਝ, ਅਮਨ-ਸ਼ਾਂਤੀ ਅਤੇ ਸੁਰੱਖਿਆ ਦੇ ਖਿਲਾਫ ਕੋਈ ਭੜਕਾਊ ਕਾਰਵਾਈ ਕੀਤੀ ਤਾਂ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ। 22 ਅਗਸਤ ਨੂੰ ਪੁਲਿਸ ਨੇ ਉਸ ਦੇ ਖਿਲਾਫ ਮਲੇਸ਼ੀਆ ਵਿੱਚ ਲੈਕਚਰ ਦੇਣ ‘ਤੇ ਪਾਬੰਦੀ ਲਾ ਦਿੱਤੀ ਹੈ। ਜ਼ਾਕਿਰ ਨੇ ਇਸ ਸਬੰਧੀ ਮਾਫੀ ਵੀ ਮੰਗ ਲਈ ਹੈ ਪਰ ਉਸ ਦੇ ਮਾੜੇ ਦਿਨ ਆ ਗਏ ਲੱਗਦੇ ਹਨ। ਭਾਰਤ ਵਿੱਚ ਉਸ ਦੇ ਖਿਲਾਫ ਦੇਸ਼ਧ੍ਰੋਹ, ਮਨੀ ਲਾਂਡਰਿੰਗ ਅਤੇ ਹੋਰ ਕਈ ਧਰਾਵਾਂ ਅਧੀਨ ਮੁਕੱਦਮੇ ਦਰਜ਼ ਹਨ। ਈ. ਡੀ. ਨੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਹੈ। ਲੱਗਦਾ ਹੈ ਕਿ ਜਲਦੀ ਹੀ ਉਸ ਨੂੰ ਭਾਰਤ ਲਿਆ ਕੇ ਉਸ ਦੇ ਖਿਲਾਫ ਕੇਸ ਚਲਾਏ ਜਾਣਗੇ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।