ਸ਼ੱਕੀ ਹਾਲਤ ‘ਚ ਮਿਲੀ ਨੌਜਵਾਨਾਂ ਦੀ ਲਾਸ਼

 ਕਤਲ ਮਾਮਲੇ ‘ਚ 4 ਖਿਲਾਫ਼ ਮਾਮਲਾ ਦਰਜ਼

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ ਸੁਰੇਸ਼ ਗਰਗ) ਅੱਜ ਸਵੇਰੇ ਸ਼ਹਿਰ ਦੀ ਬਠਿੰਡਾ ਰੋਡ ਬਾਈਪਾਸ ਨੇੜੇ ਹਰਿਆਲੀ ਪੰਪ ਤੋਂ ਪੁਲਿਸ ਨੂੰ ਇੱਕ ਕਰੀਬ 25 ਸਾਲਾਂ ਲੜਕੇ ਦੀ ਲਹੂ ਲੁਹਾਣ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਗਲੀ ਨੰਬਰ-3 ਅਬੋਹਰ ਰੋਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਾਢੇ 9 ਵਜੇ ਥਾਣਾ ਸਦਰ ਪੁਲਿਸ ਨੂੰ ਕਿਸੇ ਵਿਅਕਤੀ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਬਠਿੰਡਾ ਰੋਡ ਸਥਿਤ ਹਰਿਆਲੀ ਪੰਪ ਦੇ ਨਜਦੀਕ ਸੜਕ ਦੇ ਕਿਨਾਰੇ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਪੁਲਿਸ ਨੇ ਤੁਰੰਤ ਮੌਕੇ ‘ਤੇ ਜਾ ਕੇ ਲਾਸ਼ ਨੁੰ ਕਬਜੇ ਵਿੱਚ ਲੈ ਲਿਆ ਅਤੇ ਉਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ। ਮੁਰਦਾਘਰ ਵਿੱਚ ਆਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 9 ਵਜੇ ਰਜੀਵ ਕੁਮਾਰ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਉਸ ਨੂੰ ਕੋਟਕਪੂਰਾ ਰੋਡ ਸਥਿਤ ਪੁਰਾਣੀ ਚੁੰਗੀ ਨੇੜੇ ਕਿਸੇ ਸ਼ਾਦੀ ਦੇ ਫੰਗਸ਼ਨ ਵਿੱਚ ਬੁਲਾਇਆ ਗਿਆ ਸੀ।

ਘਰੋਂ ਰਜੀਵ ਕੁਮਾਰ ਆਪਣੇ ਮੋਟਰਸਾਈਕਲ ਤੇ ਗਿਆ ਪਰ ਸਾਰੀ ਰਾਤ ਘਰ ਵਾਪਸ ਨਹੀਂ ਆਇਆ। ਪਰਿਵਾਰ ਅਨੁਸਾਰ ਸਵੇਰੇ ਉਹਨਾਂ ਨੂੰ ਪੁਲਿਸ ਵਲੋਂ ਸੂਚਿਤ ਕੀਤਾ ਗਿਆ ਕਿ ਉਹਨਾ ਦੇ ਲੜਕੇ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਬਾਪ ਅਤੇ ਭਰਾ ਨੇ ਕੁਝ ਵਿਅਕਤੀਆਂ ਦਾ ਨਾਮ ਸ਼ੱਕ ਦੇ ਆਧਾਰ ਤੇ ਪੁਲਿਸ ਨੂੰ ਦਰਜ ਕਰਵਾਇਆ ਹੈ ਪਰ ਪੁਲਿਸ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ। ਮ੍ਰਿਤਕ ਦੇ ਸਰੀਰ ਤੇ ਤੇਜ਼ ਹਥਿਆਰ ਨਾਲ ਕੀਤੇ ਜਖਮਾਂ ਦੇ ਨਿਸ਼ਾਨ ਹਨ। ਮ੍ਰਿਤਕ ਦਾ ਮੋਟਰਸਾਈਕਲ ਅਤੇ ਮੋਬਾਇਲ ਗਾਇਬ ਹਨ, ਸਿੱਧੇ ਤੌਰ ਤੇ ਇਹ ਮਾਮਲਾ ਕਤਲ ਦਾ ਜਾਪਦਾ ਹੈ। ਪਰਿਵਾਰਿਕ ਮੈਂਬਰ ਵਲੋਂ ਜਤਾਏ ਸ਼ੱਕ ਅਤੇ ਸਬੂਤਾਂ ਦੇ ਅਧਾਰ ਤੇ ਪੁਲਿਸ ਵਲੋਂ ਚਾਰ ਵਿਅਕਤੀਆਂ ਡਾ. ਸਤੀਸ਼ ਕੁਮਾਰ, ਅਕਾਸ਼, ਵਰਮਾ, ਕਮਲ ਵਿਰੁੱਧ ਮੁਕੱਦਮਾ ਨੰਬਰ 177 ਮਿਤੀ 21 ਨਵੰਬਰ 2019 ਅਧੀਨ ਧਾਰਾ 302 ਆਈਪੀਸੀ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।