Canada Murder Case: ਕੈਨੇਡਾ ’ਚ ਸਿੱਖ ਮਹਿਲਾ ਦੀ ਮੌਤ, ਪਤੀ ਖਿਲਾਫ ਕਤਲ ਦਾ ਦੋਸ਼
ਲੰਡਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ, ਦੋਸ਼ ਅਜੇ ਅਦਾਲਤ ’ਚ ਸਾਬਤ ਨਹੀਂ ਹੋਏ
Canada Murder Case: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿੱਚ ਇੱਕ ਸਿੱਖ ਮਹਿਲਾ ਰਮਨ ਦੇਵੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ 41 ਸਾਲਾ ਪਤੀ ਮਨਦੀਪ ਸਿੰਘ ’ਤੇ ਸੈਕੰਡ-ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਥਿਤ ਘਰੇਲੂ ਹਿੰਸਾ ਅਤੇ ਦੋਵਾਂ ਦੇ ਰਿਸ਼ਤੇ ਨਾਲ ਜੁੜੇ ਪਿਛਲੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਦੱਖਣ-ਪੂਰਬੀ ਲੰਡਨ ਦੇ ਚੇਲਟਨ ਰੋਡ ਸਥਿਤ ਇੱਕ ਘਰ ਵਿੱਚ ਘਟਨਾ ਵਾਪਰੀ ਸੀ। ਘਟਨਾ ਤੋਂ ਬਾਅਦ ਰਮਨ ਦੇਵੀ ਨੂੰ ਗੰਭੀਰ ਹਾਲਤ ਵਿੱਚ ਪਾਇਆ ਗਿਆ, ਪਰ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਰਮਨ ਦੇਵੀ ਅਤੇ ਮਨਦੀਪ ਸਿੰਘ ਆਪਸ ਵਿੱਚ ਪਤੀ-ਪਤਨੀ ਸਨ। ਘਟਨਾ ਸਮੇਂ ਘਰ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ, ਹਾਲਾਂਕਿ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: PM Modi Mann Ki Baat: ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ': ਅੱਤਵਾਦ 'ਤੇ ਅੱਖਾਂ ਚੁੱਕਣ ਵਾਲਿਆਂ ਨੂੰ ਭਾਰਤ ਦੇਵੇਗਾ ਢੁਕਵਾਂ ਜਵਾਬ
ਰਮਨ ਦੇਵੀ ਦੋ ਛੋਟੇ ਬੱਚਿਆਂ ਦੀ ਮਾਂ ਸਨ ਅਤੇ ਉਹ ਰਜਿਸਟਰਡ ਮਸਾਜ ਥੈਰੇਪੀ ਦਾ ਕੋਰਸ ਪੂਰਾ ਕਰਨ ਤੋਂ ਕਰੀਬ ਪੰਜ ਮਹੀਨੇ ਰਹਿੰਦੇ ਸਨ। ਉਨ੍ਹਾਂ ਦੇ ਜਾਣਕਾਰਾਂ ਮੁਤਾਬਕ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਕਰੀਅਰ ਸ਼ੁਰੂ ਕਰਨ ਨੂੰ ਲੈ ਕੇ ਉਤਸ਼ਾਹਿਤ ਸਨ। ਰਮਨ ਦੇਵੀ ਦੀ ਜਾਣਕਾਰ ਅਤੇ ਗੁਆਂਢਣ ਸੈਂਡਰਾ ਸਾਂਚੇਜ਼ ਨੇ ਦੱਸਿਆ ਕਿ ਰਮਨ ਅਤੇ ਮਨਦੀਪ ਦੇ ਚਾਰ ਸਾਲਾ ਪੁੱਤਰ ਅਤੇ ਸੱਤ ਸਾਲਾ ਧੀ ਹਨ। ਬੱਚਿਆਂ ਦੀ ਦੇਖਭਾਲ ਵਿੱਚ ਮੱਦਦ ਕਰਨ ਲਈ ਰਮਨ ਦੀ ਮਾਂ ਭਾਰਤ ਤੋਂ ਕੈਨੇਡਾ ਆਈ ਹੋਈ ਸੀ।
ਮਨਦੀਪ ਸਿੰਘ ਨੂੰ 18 ਸਤੰਬਰ ਨੂੰ ਐਲਗਿਨ-ਮਿਡਲਸੈਕਸ ਡਿਟੈਂਸ਼ਨ ਸੈਂਟਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤੀ ਕਾਰਵਾਈ ਦੌਰਾਨ ਉਸ ਨੇ ਪੰਜਾਬੀ ਦੁਭਾਸ਼ੀਏ ਦੀ ਸਹਾਇਤਾ ਦੀ ਮੰਗ ਕੀਤੀ। ਫਿਲਹਾਲ ਉਸ ’ਤੇ ਸੈਕੰਡ-ਡਿਗਰੀ ਕਤਲ ਦਾ ਦੋਸ਼ ਹੈ ਅਤੇ ਮਾਮਲਾ ਨਿਆਂਇਕ ਪ੍ਰਕਿਰਿਆ ਅਧੀਨ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੀਆਂ ਸਾਰੀਆਂ ਪਰਿਸਥਿਤੀਆਂ ਅਤੇ ਪਤੀ-ਪਤਨੀ ਦੇ ਰਿਸ਼ਤੇ ਨਾਲ ਸਬੰਧਤ ਪਿਛਲੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ’ਤੇ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।