ਜਿਹੜਾ ਕਰੂਗਾ ਮਜੀਠੀਆ ਨੂੰ ਗ੍ਰਿਫਤਾਰ, ਉਹਨੂੰ ਮਿਲੇਗੀ ਤਰੱਕੀ ਅਤੇ ਨਗਦ ਇਨਾਮ, ਸਰਕਾਰ ਦੇ ਰਹੀ ਐ ਅਧਿਕਾਰੀਆਂ ਨੂੰ ਲਾਲਚ

 ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ, ਕੋਈ ਅਧਿਕਾਰੀ ਨਹੀਂ ਕਰਨਾ ਚਾਹੁੰਦਾ ਝੂਠਾ ਕੇਸ ਦਰਜ

  • ਅਧਿਕਾਰੀਆਂ ਵੱਲੋਂ ਛੁੱਟੀ ’ਤੇ ਜਾਣ ਕਰਕੇ ਸੁਖਜਿੰਦਰ ਰੰਧਾਵਾ ਅਤੇ ਚੰਨੀ ਦੇ ਰਹੇ ਹਨ ਪੁਲਿਸ ਅਧਿਕਾਰੀਆਂ ਨੂੰ ਲਾਲਚ
  • ਮਜੀਠੀਆ ਨੂੰ ਗਿ੍ਰਫ਼ਤਾਰ ਕਰਨ ਦੀ ਸਾਜ਼ਿਸ਼ ’ਚ ਰੋਜ਼ਾਨਾ ਹੁੰਦੀਆਂ ਹਨ ਮੀਟਿੰਗਾਂ, ਕੁਲਬੀਰ ਜ਼ੀਰਾ ਵੀ ਹੁੁੰਦੈ ਮੀਟਿੰਗ ’ਚ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਜਿਹੜਾ ਵੀ ਪੁਲਿਸ ਅਧਿਕਾਰੀ ਬਿਕਰਮ ਮਜੀਠੀਆ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗਿ੍ਰਫ਼ਤਾਰ ਕਰੇਗਾ। ਉਸ ਪੁਲਿਸ ਅਧਿਕਾਰੀ ਨੂੰ ਤੁਰੰਤ ਤਰੱਕੀ ਦੇ ਨਾਲ ਕਰੋੜਾਂ ਰੁਪਏ ਦਾ ਨਗਦੀ ਇਨਾਮ ਵੀ ਦਿੱਤਾ ਜਾਵੇਗਾ। ਇਹ ਲਾਲਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਪੁਲਿਸ ਅਧਿਕਾਰੀਆਂ ਨੂੰ ਦੇਣ ਵਿੱਚ ਲੱਗੇ ਹੋਏ ਹਨ। ਇਸ ਤਰ੍ਹਾਂ ਦੇ ਲਾਲਚ ਦੇਣ ਦੇ ਬਾਵਜੂਦ ਪੁਲਿਸ ਦੇ ਉੱਚ ਅਧਿਕਾਰੀ ਛੁੱਟੀਆਂ ਲੈ ਕੇ ਇੱਕ ਪਾਸੇ ਹੋ ਰਹੇ ਹਨ। ਜਿਸ ਕਾਰਨ ਹੀ ਸਰਕਾਰ ਬੌਖਲਾਹਟ ਵਿੱਚ ਆ ਕੇ ਆਪਣੇ ਹੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਤੱਕ ਦੀ ਗੱਲ ਕਰ ਰਹੀ ਹੈ ਪਰ ਬਿਕਰਮ ਮਜੀਠੀਆ ਨੂੰ ਝੂਠੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਤਾਂ ਅਕਾਲੀ ਦਲ ਵੀ ਤੁਰੰਤ ਕਾਰਵਾਈ ਕਰੇਗਾ। ਇਹ ਵੱਡਾ ਦਾਅਵਾ ਸ਼ੋ੍ਰਮਣੀ ਅਕਾਲੀ ਦਲ ਦੇ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ ਹੈ।

ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਬਿਕਰਮ ਮਜੀਠੀਆ ਨੂੰ ਗਿ੍ਰਫ਼ਤਾਰ ਕਰਨ ਲਈ ਚਰਨਜੀਤ ਸਿੰਘ ਚੰਨੀ ਦੀ ਸਾਰੀ ਸਰਕਾਰ ਹੀ ਲਗੀ ਹੋਈ ਹੈ ਪਰ ਕਿਸੇ ਨੂੰ ਕੁਝ ਵੀ ਇਹੋ ਜਿਹਾ ਨਹੀਂ ਮਿਲ ਰਿਹਾ ਹੈ, ਜਿਸ ਦੇ ਆਧਾਰ ’ਤੇ ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਸਕੇ। ਬਿਕਰਮ ਮਜੀਠੀਆ ਖ਼ਿਲਾਫ਼ ਨਾ ਹੀ ਕੋਈ ਸ਼ਿਕਾਇਤ ਆਈ ਹੈ ਅਤੇ ਨਾ ਹੀ ਕੋਈ ਨਸ਼ੇ ਦੀ ਬਰਾਮਦਗੀ ਹੋਈ ਹੈ ਤਾਂ ਫਿਰ ਕਿਹੜੇ ਦੋਸ਼ਾਂ ਤਹਿਤ ਗਿ੍ਰਫ਼ਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਡੀਕਲ ਛੁੱਟੀ ’ਤੇ ਗਏ ਐਸ.ਕੇ. ਅਸਥਾਨਾ ਦੀ ਲੀਕ ਹੋਈ ਚਿੱਠੀ ਤੋਂ ਚਰਨਜੀਤ ਚੰਨੀ ਇੰਨ੍ਹਾ ਜ਼ਿਆਦਾ ਡਰੇ ਕਿਉਂ ਹੋਏ ਹਨ। ਇਸ ਮਾਮਲੇ ਦੀ ਜਾਂਚ ਕਰਵਾਉਣੀ ਚੰਗੀ ਗੱਲ ਹੈ ਪਰ ਨਾਲ ਇਹ ਵੀ ਜਾਂਚ ਕਰਵਾ ਲਈ ਜਾਵੇ ਕਿ ਅਧਿਕਾਰੀਆਂ ’ਤੇ ਇਸ ਤਰ੍ਹਾਂ ਦੇ ਝੂਠੇ ਮਾਮਲੇ ਦਰਜ ਕਰਵਾਉਣ ਲਈ ਦਬਾਅ ਕੌਣ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਸਾਜ਼ਿਸ਼ ਰਚਣ ਲਈ ਪਹਿਲਾਂ ਮੀਟਿੰਗਾਂ ਪੰਜਾਬ ਦੇ ਰਾਜਪਾਲ ਰਿਹਾਇਸ਼ ਵਿੱਚ ਸਥਿਤ ਰੈਸਟ ਹਾਉੂਸ ਵਿੱਚ ਹੰੁਦੀਆਂ ਸਨ ਤਾਂ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋ ਰਹੀਆਂ ਹਨ ਪਰ ਉਨ੍ਹਾਂ ਮੀਟਿੰਗਾਂ ਦਾ ਹਿੱਸਾ ਸ਼ੋ੍ਰਮਣੀ ਅਕਾਲੀ ਦਲ ਦਾ ਕੋਈ ਲੀਡਰ ਨਹੀਂ ਹੁੰਦਾ ਹੈ। ਇਨ੍ਹਾਂ ਮੀਟਿੰਗਾਂ ਦੀ ਜਾਣਕਾਰੀ ਕੌਣ ਲੀਕ ਕਰ ਰਿਹਾ ਹੈ ਅਤੇ ਅਕਾਲੀ ਦਲ ਨੂੰ ਕਿਵੇਂ ਪਤਾ ਚੱਲ ਰਿਹਾ ਹੈ, ਇਸ ਬਾਰੇ ਵੀ ਪੜਤਾਲ ਕਰਵਾ ਲੈਣੀ ਚਾਹੀਦੀ ਹੈ, ਕਿਉਂਕਿ ਇਸ ਮਾਮਲੇ ਵਿੱਚ ਖ਼ੁਦ ਮੁੱਖ ਮੰਤਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਸਕਦੇ ਹਨ।

ਸ. ਗਰੇਵਾਲ ਨੇ ਅੱਗੇ ਕਿਹਾ ਕਿ ਕਿਸੇ ਵੀ ਜਾਂਚ ਟੀਮ ਨੂੰ ਕੋਈ ਵੀ ਸਿਆਸੀ ਲੀਡਰ ਜਾਂ ਫਿਰ ਸਰਕਾਰ ਪ੍ਰਭਾਵਿਤ ਨਹੀਂ ਕਰ ਸਕਦੀ ਹੈ, ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਦੇਸ਼ ਹੈ, ਫਿਰ ਵੀ ਡਰੱਗ ਜਾਂਚ ਮਾਮਲੇ ਵਿੱਚ ਸਰਕਾਰ ਹਰ ਤਰੀਕੇ ਨਾਲ ਮਾਮਲੇ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ।

ਕੁਲਬੀਰ ਜ਼ੀਰਾ ਕਿਉਂ ਹੁੰਦਾ ਐ ਹਰ ਮੀਟਿੰਗ ਦਾ ਹਿੱਸਾ ?

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾ ਦੀ ਹਰ ਮੀਟਿੰਗ ਵਿੱਚ ਮੌਜੂਦਗੀ ’ਤੇ ਸੁਆਲ ਖੜ੍ਹਾ ਕਰਦੇ ਹੋਏ ਕਿਹਾ ਕਿ ਉਹ ਕਿਹੜੀ ਹੈਸੀਅਤ ਨਾਲ ਮੀਟਿੰਗਾਂ ਦਾ ਹਿੱਸਾ ਬਣਾ ਰਿਹਾ ਹੈ। ਜਦੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਣੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੁੰਦੀ ਹੈ ਤਾਂ ਕੁਲਬੀਰ ਜ਼ੀਰਾ ਮੌਕੇ ’ਤੇ ਬੈਠ ਕੇ ਆਪਣੀ ਦਖ਼ਲ ਅੰਦਾਜ਼ੀ ਕਿਉਂ ਕਰ ਰਿਹਾ ਹੁੰਦਾ ਹੈ। ਇਸ ਸਬੰਧੀ ਚਰਨਜੀਤ ਚੰਨੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ