ਮਹਿੰਗੀ ਵਿੱਦਿਆ ਪ੍ਰਾਪਤ ਕਰਕੇ ਨੌਜਵਾਨ ਕਿੱਧਰ ਜਾਣ?

ਮਹਿੰਗੀ ਵਿੱਦਿਆ ਪ੍ਰਾਪਤ ਕਰਕੇ ਨੌਜਵਾਨ ਕਿੱਧਰ ਜਾਣ?

ਇੱਕ ਮਹਿੰਗੀ ਵਿੱਦਿਆ, ਦੂਸਰਾ ਸਾਡੇ ਦੇਸ਼ ਵਿਚ ਵਿਅਕਤੀ ਦੀ ਵਿੱਦਿਅਕ ਯੋਗਤਾ ਦੇ ਪੱਧਰ ਦੇ ਰੁਜ਼ਗਾਰ ਦੇ ਵਸੀਲੇ ਵੀ ਨਾਮਾਤਰ ਹਨ। ਏਥੇ ਪੀਐੱਚਡੀ ਯੋਗਤਾ ਵਾਲਾ ਵੀ ਦਰਜਾ ਚਾਰ ਕਰਮਚਾਰੀ ਦੀ ਨੌਕਰੀ ਲਈ ਫਾਰਮ ਭਰਨ ਲਈ ਮਜ਼ਬੂਰ ਹੈ। ਪੀਐੱਚਡੀ ਡਿਗਰੀ ਹੋਲਡਰ ਨੌਜਵਾਨ ਪਾਸ ਦਸਵੀਂ ਪਾਸ ਮੰਤਰੀਆਂ ਤੋਂ ਨੌਕਰੀ ਦੀ ਆਸ ਲਾਈ ਬੈਠੇ ਹਨ। ਅਜਿਹਾ ਵਰਗ ਜ਼ਿੰਦਗੀ ਦੇ ਦੋ ਦਹਾਕੇ ਪੜ੍ਹਾਈ ਦੇ ਲੇਖੇ ਲਾ ਕੇ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਬਹੁਤ ਭੁੱਖਾਂ-ਤ੍ਰੇਹਾਂ ਕੱਟਦਾ ਹੈ। ਫਿਰ ਜ਼ਿੰਦਗੀ ਦੀ ਅਜਿਹੀ ਸਟੇਜ ਵੀ ਆਉਂਦੀ ਹੈ ਜਦ ਉਮਰ ਵਿਆਹ ਦੀ ਹੋ ਜਾਂਦੀ ਹੈ, ਮਾਪੇ ਬਜ਼ੁਰਗ ਹੋ ਜਾਂਦੇ ਹਨ,

ਘਰ ਅਤੇ ਖੇਤੀਬਾੜੀ ਦੇ ਸੰਦ ਪੁਰਾਣੇ ਹੋ ਜਾਂਦੇ ਹਨ ਅਤੇ ਕੋਈ ਰੁਜ਼ਗਾਰ ਦਾ ਵਸੀਲਾ ਨਹੀਂ ਬਣਦਾ। ਬਜ਼ੁਰਗ ਮਾਪਿਆਂ ਦੀ ਇਹੋ ਪੁਕਾਰ ਹੁੰਦੀ ਹੈ ਕਿ ‘ਖਸਮਾਂ ਨੂੰ ਖਾਵੇ ਨੌਕਰੀ, ਨਾ ਮਿਲੇ, ਪੁੱਤ ਤੂੰ ਵਿਆਹ ਕਰਵਾ ਲੈ ਸਾਡੇ ਬੈਠੇ-ਬੈਠੇ, ਅਸੀਂ ਵੀ ਪੋਤੇ-ਪੋਤੀ ਦਾ ਮੂੰਹ ਵੇਖ ਲਈਏ’। ਅਜਿਹੇ ਹਾਲਾਤ ਕਾਲਜੇ ਵਿਚ ਧੂਹ ਪਾਉਂਦੇ ਹਨ। ਕਾਲਜ, ਯੂਨੀਵਰਸਿਟੀਆਂ ਵਿਚ ਪੜ੍ਹਦਿਆਂ ਜੋ ਸੁਪਨੇ ਚੰਗੇਰੇ ਭਵਿੱਖ ਲਈ ਦੇਖੇ ਹੁੰਦੇ ਹਨ, ਉਨ੍ਹਾਂ ਦਾ ਘਾਣ ਹੁੰਦਾ ਦੇਖ ਦਿਲ-ਦਿਮਾਗ ਖੌਲ ਜਾਂਦਾ ਹੈ।

ਇੰਜ ਪ੍ਰਤੀਤ ਹੁੰਦਾ ਹੈ ਕਿ ਪੜ੍ਹਨ ਵਾਲੇ ਵਿਦਿਆਰਥੀ ਤਾਂ ਸ਼ਾਇਦ ਕਾਲਜਾਂ ਯੂਨੀਵਰਸਿਟੀਆਂ ਦੇ ਪੱਕੇ ਅਧਿਆਪਕਾਂ ਦੀ ਨੌਕਰੀ ਮਹਿਫੂਜ਼ ਰੱਖਣ ਦਾ ਸਾਧਨ ਹੀ ਬਣ ਕੇ ਰਹਿ ਗਏ ਹਨ। ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿਚ ਪੜ੍ਹੇ ਅਤੇ ਨੈੱਟ ਪਾਸ ਵਿਅਕਤੀਆਂ ਨੂੰ ਸਰਕਾਰੀ ਤਾਂ ਕੀ ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲ ਰਹੀ। ਨੈੱਟ ਪਾਸ ਅਤੇ ਉਚੇਰੀ ਸਿੱਖਿਆ ਪ੍ਰਾਪਤ ਬਹੁਤੇ ਸਾਥੀ ਨੌਕਰੀ ਨਾ ਮਿਲਣ ਕਾਰਨ ਖੱਜਲ-ਖੁਆਰ ਹੋ ਰਹੇ ਹਨ। ਜੇ ਨੌਕਰੀ ਮਿਲਦੀ ਵੀ ਹੈ ਤਾਂ ਬਹੁਤ ਘੱਟ ਤਨਖ਼ਾਹ ਮਿਲਦੀ ਹੈ। ਅਜਿਹੇ ਕਾਲਜ ਵੀ ਹਨ ਜੋ ਮਹੀਨੇ ਦੀ 21600 ਰੁਪਏ ਤਨਖਾਹ ਦੇਣ ਦੇ ਦਸਤਖਤ ਕਰਵਾ ਕੇ ਜਾਂ ਖਾਤੇ ਵਿਚ ਪਵਾ ਕੇ ਯੂਜੀਸੀ ਦੀਆਂ ਨਜ਼ਰਾਂ ਵਿਚ ਸੱਚੇ ਬਣਦੇ ਹਨ ਪਰ ਬਾਅਦ ਵਿਚ ਅੱਧੇ ਪੈਸੇ ਸਿੱਧੇ ਹੱਥੀਂ ਵਸੂਲ ਕਰਦੇ ਹਨ।

ਹਾਲਾਤ ਇਸ ਕਦਰ ਮਾੜੇ ਹਨ ਕਿ ਕਈ ਸਕੂਲ, ਕਾਲਜ ਤਾਂ ਨੌਕਰੀ ਲਈ ਬਾਇਓਡੇਟਾ ਫੜਨ ਦੀ ਵੀ ਫੀਸ ਵਸੂਲ ਕਰ ਰਹੇ ਹਨ। ਫੀਸ ਵੀ ਸਿੱਧੀ ਵਸੂਲ ਨਹੀਂ ਕਰਦੇ ਬਲਕਿ ਬੈਂਕਾਂ ਦੀਆਂ ਲੰਮੀਆਂ ਲਾਈਨਾਂ ਵਿਚ ਲੱਗ ਕੇ ਡਿਮਾਂਡ ਡ੍ਰਾਫਟ ਬਣਾਉਣਾ ਪੈਂਦਾ ਹੈ। ਇਸ ਤੋਂ ਬਾਅਦ ਇਹ ਵੀ ਨਹੀਂ ਪਤਾ ਕਿ ਇੰਟਰਵਿਊ ਲਈ ਫੋਨ ਆਵੇ ਜਾਂ ਨਾ ਆਵੇ। ਪ੍ਰਾਈਵੇਟ ਵਿੱਦਿਅਕ ਅਦਾਰੇ ਹੱਦੋਂ ਵੱਧ ਕਾਰਜਭਾਰ ਪਾ ਹੋਰ ਵੀ ਸ਼ੋਸ਼ਣ ਕਰਦੇ ਹਨ। ਗਜ਼ਟਿਡ ਛੁੱਟੀ ਵਾਲੇ ਦਿਨ ਵੀ ਇਨ੍ਹਾਂ ਦਾ ਕੰਮਕਾਜੀ ਦਿਨ ਹੁੰਦਾ ਹੈ। ਅਧਿਆਪਨ ਦੇ ਨਾਲ-ਨਾਲ ਕਾਲਜਾਂ ਦੇ ਦਫਤਰੀ ਕੰਮਕਾਜ ਦਾ ਵਾਧੂ ਬੋਝ ਪਾਇਆ ਜਾਂਦਾ ਹੈ।

ਅਧਿਆਪਕਾਂ ਨੂੰ ਇੱਕ ਤਰ੍ਹਾਂ ਕਲਰਕ ਬਣਾ ਕੇ ਰੱਖ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੇ ਦਾਖਲੇ ਲਈ ਟਾਰਗੇਟ ਦਿੱਤੇ ਜਾਂਦੇ ਹਨ। ਕਾਲਜ ਵਿਚ ਦਾਖਲਾ ਕਰਾਉਣ ਦੇ ਅਧਾਰ ‘ਤੇ ਅਧਿਆਪਕ ਅਮਲੇ ਦੀ ਤਨਖਾਹ ਵਿਚ ਵਾਧਾ ਕੀਤਾ ਜਾਂਦਾ ਹੈ। ਏਨਾ ਸਭ ਕਰਨ ਦੇ ਬਾਵਜੂਦ ਨੌਕਰੀ ਮਹਿਫੂਜ਼ ਨਹੀਂ ਹੈ, ਤੇ ਪਤਾ ਨਹੀਂ ਕਾਲਜ ਕਿਸ ਦਿਨ ਕਹਿ ਦੇਵੇ ਕਿ ਦਾਖਲਾ ਘੱਟ ਹੋਣ ਤੇ ਕੰਮ ਦਾ ਬੋਝ ਘੱਟ ਹੋਣ ਕਾਰਨ ਤੁਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਹਰ ਸਮੈਸਟਰ ਪੂਰਾ ਹੋਣ ਤੋਂ ਬਾਅਦ ਕਈ ਮਹੀਨਿਆਂ ਲਈ ਸੇਵਾਮੁਕਤ ਕਰ ਦਿੱਤਾ ਜਾਂਦਾ ਹੈ, ਅਜਿਹੀ ਸੂਰਤ ਵਿਚ ਪੜ੍ਹਾਉਣ ਦਾ ਤਜ਼ਰਬਾ ਸਰਟੀਫਿਕੇਟ ਵੀ ਟੁੱਟਵੇਂ ਸਮੇਂ ਦਾ ਬਣਦਾ ਹੈ।

ਹਰ ਸੈਸ਼ਨ ਵੇਲੇ ਨਵੇਂ ਸਿਰੇ ਤੋਂ ਇੰਟਰਵਿਊ ਲਈ ਜਾਂਦੀ ਹੈ ਤੇ ਕਈ ਵਾਰ ਪੁਰਾਣੇ ਕੰਮ ਕਰਦੇ ਅਧਿਆਪਕੀ ਅਮਲੇ ਦੀ ਜਗ੍ਹਾ ਨਵਾਂ ਵੀ ਭਰਤੀ ਕਰ ਲਿਆ ਜਾਂਦਾ ਹੈ। ਇਹ ਸਭ ਸਕੂਲਾਂ ਵਿਚ ਵੀ ਹੋ ਰਿਹਾ ਹੈ। ਅਜਿਹੇ ਹਾਲਾਤ ਦਾ ਸਾਹਮਣਾ ਬਹੁਤੇ ਪੜ੍ਹੇ-ਲਿਖੇ ਨੌਜਵਾਨ ਇਨ੍ਹੀਂ ਦਿਨੀਂ ਮਜਬੂਰੀ ਵੱਸ ਕਰ ਰਹੇ ਹਨ। ਉਨ੍ਹਾਂ ਨੂੰ ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਪੜ੍ਹ-ਲਿਖ ਅਤੇ ਨੈੱਟ, ਟੈੱਟ ਪਾਸ ਕਰਕੇ ਕੋਈ ਗੁਨਾਹ ਕਰ ਲਿਆ ਹੋਵੇ। ਇਹ ਸਾਡੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦਾ ਅਸਲ ਦੁਖਾਂਤ ਹੈ। ਇਸ ਤਰ੍ਹਾਂ ਬਹੁਤੇ ਵਿਅਕਤੀ ਮਾਰੂ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨਾਲ ਖੁਦ ਦੇ ਸੁਪਨੇ ਤਾਂ ਚਕਨਾਚੂਰ ਹੁੰਦੇ ਹੀ ਹਨ ਮਾਪਿਆਂ ਦੀਆਂ ਆਸਾਂ ‘ਤੇ ਵੀ ਪਾਣੀ ਫਿਰ ਜਾਂਦਾ ਹੈ।

ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਹਰ ਸਾਲ ਫੀਸਾਂ ਵਿਚ ਅੰਨ੍ਹੇਵਾਹ ਵਾਧਾ ਕਰ ਰਹੇ ਹਨ। ਪੰਜਾਬ ਦੀ ਹੁਨਰਮੰਦ ਜਵਾਨੀ ਦਾ ਹੁਨਰ ਆਰਥਿਕਤਾ ਦੀ ਮਾਰ ਦੀ ਭੇਟ ਚੜ੍ਹ ਰਿਹਾ ਹੈ। ਦੇਸ਼ ਦਾ ਭਵਿੱਖ ਫੀਸਾਂ ਵਿਚ ਵਾਧੇ ਅਤੇ ਪੜ੍ਹ-ਲਿਖ ਕੇ ਬੇਰੁਜ਼ਗਾਰੀ ਨਾਲ ਦੋ-ਚਾਰ ਹੁੰਦਾ, ਧਰਨੇ ਲਾਉਂਦਾ, ਟੈਂਕੀਆਂ ‘ਤੇ ਚੜ੍ਹਦਾ ਪੁਲਿਸ ਦੇ ਡੰਡੇ ਅਤੇ ਪਾਣੀ ਦੀਆਂ ਬੁਛਾੜਾਂ ਝੱਲ ਰਿਹਾ ਹੈ। ਕੀ ਤੀਜੇ ਨੇਤਰ ਦਾ ਇਹੋ ਮੁੱਲ ਪੈਣਾ ਸੀ? ਮਹਿੰਗੀ ਵਿੱਦਿਆ ਅਤੇ ਬੇਰੁਜ਼ਗਾਰੀ ਨੇ ਪੜ੍ਹੇ-ਲਿਖੇ ਵਰਗ ਅਤੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਅਜਿਹੀ ਸਥਿਤੀ ਨੂੰ ਭਾਂਪਦੇ ਹੋਏ ਨੌਜਵਾਨ ਪੀੜ੍ਹੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਪ੍ਰਤੀ ਬੇਰੁਖੀ ਅਪਣਾਉਂਦੇ ਹੋਏ ਵਿਦੇਸ਼ਾਂ ਵੱਲ ਨੂੰ ਰੁਖ਼ਸਤ ਹੋ ਰਹੀ ਹੈ। ਘਰ ਅਤੇ ਮਾਪੇ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਇਹ ਸਭ ਮਾੜੇ ਸਿਸਟਮ ਅਤੇ ਮਜ਼ਬੂਰੀ ਕਾਰਨ ਹੋ ਰਿਹਾ ਹੈ। ਵਿਦੇਸ਼ਾਂ ਵੱਲ ਵਧਦੇ ਰੁਝਾਨ ਕਾਰਨ ਕਈ ਕਾਲਜ ਬੰਦ ਹੋਣ ਦੇ ਕਿਨਾਰੇ ਹਨ। ਅੱਜ ਸਥਿਤੀ ਇਹ ਹੈ ਕਿ ਆਈਲੈਟਸ ਸੈਂਟਰਾਂ ਵਿਚ ਕਾਲਜਾਂ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੈ। ਜਦ ਕਾਲਜ ਹੀ ਬੰਦ ਹੋ ਗਏ ਤਾਂ ਨੌਕਰੀਆਂ ਕਿੱਥੋਂ ਮਿਲਣਗੀਆਂ।

ਪਰ ਮਾੜੀ ਕਿਸਮਤ ਨੂੰ ਹੁਣ ਕੋਰੋਨਾ ਸੰਕਟ ਨੇ ਨਿਰਾਸ਼ ਨੌਜਵਾਨ ਪੀੜ੍ਹੀ ਦੀ ਵਿਦੇਸ਼ਾਂ ਵੱਲ ਲਾਈ ਉਮੀਦ ‘ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਕੋਰੋਨਾ ਨੇ ਅਮਰੀਕਾ, ਕੈਨੇਡਾ, ਅਸਟਰੇਲੀਆ ਤੇ ਦੂਜੇ ਯੂਰਪੀ ਮੁਲਕਾਂ ਦੀ ਆਰਥਿਕ ਹਾਲਤ ਪਤਲੀ ਕਰ ਦਿੱਤੀ ਹੈ ਤੇ ਉਨ੍ਹਾਂ ਦੇ ਆਪਣੇ ਹੀ ਵੱਡੀ ਗਿਣਤੀ ਨੌਜਵਾਨ ਤੇ ਪੇਸ਼ੇਵਰ ਬੇਰੁਜ਼ਗਾਰ ਹੋ ਚੁੱਕੇ ਹਨ ਤਾਂ ਉਨ੍ਹਾਂ ਤੋਂ ਭਾਰਤੀ ਨੌਜਵਾਨ ਕੀ ਆਸ ਰੱਖਣ! ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਲੋੜ ਤੋਂ ਜ਼ਿਆਦਾ ਨਵੇਂ ਬਣ ਰਹੇ ਵਿੱਦਿਅਕ ਅਦਾਰਿਆਂ ਦੀ ਪ੍ਰਵਾਨਗੀ ਲਈ ਸਕੂਲ ਬੋਰਡਾਂ ਤੇ ਯੂਨੀਵਰਸਿਟੀਆਂ ਵੱਲੋਂ ਮਾਪਦੰਡ ਤੈਅ ਕੀਤੇ ਜਾਣ।

ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਵੇਂ ਕਿੱਤਾਮੁਖੀ ਕੋਰਸਾਂ ਨੂੰ ਸਕੂਲ਼ ਅਤੇ ਅੰਡਰ ਗ੍ਰੈਜੂਏਟ ਪੱਧਰ ‘ਤੇ ਹੋਂਦ ਵਿਚ ਲਿਆਉਣ। ਇਹ ਸੱਚ ਹੈ ਕਿ ਹਰ ਇੱਕ ਪੜ੍ਹੇ-ਲਿਖੇ ਨੂੰ ਨੌਕਰੀ ਮਿਲਣਾ ਸੰਭਵ ਨਹੀਂ ਹੈ ਸੋ ਇਸ ਲਈ ਕਿੱਤਾਮੁਖੀ ਨਵੇਂ ਕੋਰਸ ਉਲੀਕੇ ਅਤੇ ਲਾਗੂ ਕੀਤੇ ਜਾਣ ਤਾਂ ਜੋ ਪੜ੍ਹ-ਲਿਖ ਕੇ ਨਵੇਂ-ਨਵੇਂ ਵਿਗਿਆਨਕ ਢੰਗਾਂ ਨਾਲ ਖੇਤੀ ਤੇ ਹੋਰ ਸਹਾਇਕ ਧੰਦੇ ਸ਼ੁਰੂ ਕੀਤੇ ਜਾ ਸਕਣ। ਪੰਜਾਬ ਵਿਚ ਕਮਾਈ ਕਰਨ ਦੇ ਹੋਰ ਬਹੁਤ ਸਾਧਨ ਹਨ। ਜੇ ਅਜਿਹਾ ਹੋਵੇਗਾ ਤਾਂ ਯਕੀਨਨ ਬੇਰੁਜ਼ਗਾਰੀ ਤੇ ਨਸ਼ਿਆਂ ਵਰਗੀਆਂ ਮਾਰੂ ਅਲਾਮਤਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਤੇ ਨੌਜਵਾਨਾਂ ਨੂੰ ਵਿਦੇਸ਼ੀ ਧਰਤੀ ਵੱਲ ਵੀ ਨਹੀਂ ਦੇਖਣਾ ਪਵੇਗਾ।।
ਸਾਬਕਾ ਪ੍ਰਿੰਸੀਪਲ,
ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.