ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

Sunam News

ਸ਼ਹੀਦ ਊਧਮ ਸਿੰਘ ਈ-ਰਿਕਸ਼ਾ ਐਸੋਸੀਏਸ਼ਨ ਨੇ ਅਮਨ ਅਰੋੜਾ ਦਾ ਕੀਤਾ ਧੰਨਵਾਦ | Sunam News

  • ਸੁਨਾਮ ਹਲਕੇ ਦੇ ਬਹੁਪੱਖੀ ਵਿਕਾਸ ਲਈ ਲੋਕਾਂ ਦੀ ਮੰਗ ਅਨੁਸਾਰ ਲਗਾਤਾਰ ਕਰਵਾਏ ਜਾ ਰਹੇ ਹਨ ਕੰਮ: ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਵਾਸੀਆਂ ਦੀ ਸਹੂਲਤ ਲਈ ਈ-ਰਿਕਸ਼ੇ ਚਲਾਉਣ ਵਾਲ਼ਿਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਸ਼ਹੀਦ ਊਧਮ ਸਿੰਘ ਈ-ਰਿਕਸ਼ਾ ਐਸੋਸੀਏਸ਼ਨ ਨੂੰ ਸਥਾਨਕ ਬੱਸ ਅੱਡੇ ‘ਚ ਈ-ਰਿਕਸ਼ਾ ਖੜ੍ਹਾਉਣ ਲਈ ਜਗ੍ਹਾ ਅਲਾਟ ਕੀਤੀ ਗਈ ਹੈ। ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਈ-ਰਿਕਸ਼ਾ ਖੜ੍ਹਾ ਕਰਨ ਲਈ ਅਲਾਟ ਕੀਤੀ ਜਗ੍ਹਾ ਉੱਪਰ ਪੱਕਾ ਸ਼ੈੱਡ ਉਸਾਰਨ ਦਾ ਵੀ ਭਰੋਸਾ ਦਿੱਤਾ। (Sunam News)

ਈ-ਰਿਕਸ਼ਾ ਸਟੈਂਡ ਲਈ ਜਗ੍ਹਾ ਦਵਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਜਤਿੰਦਰ ਜੈਨ ਦਾ ਕੀਤਾ ਧੰਨਵਾਦ

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਤੇ ਇਸ ਮੰਤਵ ਲਈ ਲਗਾਤਾਰ ਲੋੜੀਂਦੇ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕਵਾਇਦ ਤਹਿਤ ਸੁਨਾਮ ਹਲਕੇ ਦੇ ਬਹੁਪੱਖੀ ਵਿਕਾਸ ਲਈ ਲੋਕਾਂ ਦੀ ਮੰਗ ਅਨੁਸਾਰ ਲਗਾਤਾਰ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਖੜ੍ਹੇ ਕਰਨ ਲਈ ਜਗ੍ਹਾ ਅਲਾਟ ਕਰਨ ਨਾਲ ਜਿੱਥੇ ਰਿਕਸ਼ਾ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਲੋੜੀਂਦੀ ਥਾਂ ਮਿਲੀ ਹੈ ਉੱਥੇ ਹੀ ਬੱਸ ਅੱਡੇ ਤੋਂ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ‘ਤੇ ਜਾਣ ਵਾਲੀਆਂ ਸਵਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਆਟੋਆਂ ਦੇ ਮੁਕਾਬਲੇ ਈ-ਰਿਕਸ਼ਾ ਵਾਤਾਵਰਣ ਪੱਖੀ ਹਨ ਅਤੇ ਇਹ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਣ ਨਹੀਂ ਫੈਲਾਉਂਦੇ।

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਪਹੁੰਚਾਉਣ ਲਈ ਉਹ ਖ਼ੁਦ ਪੂਰੀ ਤਰ੍ਹਾਂ ਸਰਗਰਮ ਹਨ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੂਬਾ ਪੱਧਰ ‘ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ‘ਚ ਵਿਕਾਸ ਕਾਰਜ ਪੂਰੀ ਤੇਜ਼ੀ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ ਅਤੇ ਜੇਕਰ ਇਨ੍ਹਾਂ ਵਿਕਾਸ ਕੰਮਾਂ ਵਿੱਚ ਕੋਈ ਊਣਤਾਈ ਨਜ਼ਰ ਆਉਂਦੀ ਹੈ ਤਾਂ ਸਬੰਧਤ ਵਿਅਕਤੀ ਜਾਂ ਧਿਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ

ਪ੍ਰੋਗਰਾਮ ਦੌਰਾਨ ਸ਼ਹੀਦ ਊਧਮ ਸਿੰਘ ਈ-ਰਿਕਸ਼ਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਜਗ੍ਹਾ ਦਵਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਸੀਨੀਅਰ ਆਗੂ ਜਤਿੰਦਰ ਜੈਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਮਾਰਕਿਟ ਕਮੇਟੀ ਮੁਕੇਸ਼ ਜੁਨੇਜਾ, ਸੀਨੀਅਰ ਆਗੂ ਜਤਿੰਦਰ ਜੈਨ, ਸੀਨੀਅਰ ਵਾਇਸ ਪ੍ਰਧਾਨ ਆਸ਼ਾ ਬਜਾਜ, ਐਮ.ਸੀ. ਦੀਪਿਕਾ, ਰਵੀ ਕਮਲ ਗੋਇਲ, ਸੰਦੀਪ ਜਿੰਦਲ, ਮਨਪ੍ਰੀਤ ਬਾਂਸਲ, ਸ਼ਹੀਦ ਊਧਮ ਸਿੰਘ ਈ-ਰਿਕਸ਼ਾ ਐਸੋਸੀਏਸ਼ਨ ਦੇ ਪ੍ਰਧਾਨ ਚਰਨਾ ਸਿੰਘ, ਸਕੱਤਰ ਵਿਜੇ ਕੁਮਾਰ, ਖ਼ਜ਼ਾਨਚੀ ਕ੍ਰਿਸ਼ਨ ਸਿੰਘ, ਵਾਇਸ ਪ੍ਰਧਾਨ ਐਸ.ਐਸ ਸਾਗਰ, ਚੇਅਰਮੈਨ ਬਲਦੇਵ ਸਿੰਘ ਦੇਬੀ, ਮੁੱਖ ਸਲਾਹਕਾਰ ਰੋਹੀ ਸਿੰਘ, ਸੁੱਖੀ ਸਿੰਘ ਤੇ ਵੱਡੀ ਗਿਣਤੀ ‘ਚ ਹੋਰ ਮੈਂਬਰ ਹਾਜ਼ਰ ਸਨ।