ਜਦ ਮੈਨੂੰ ਸੱਦਿਆ ਹੀ ਨਹੀਂ, ਮੈਂ ਕਿਉਂ ਜਾਵਾਂ, ਆਪੇ ਚੁਣ ਲੈਣ ਮੇਅਰ : ਸਿੱਧੂ

ਸਿੱਧੂ ਦੇ ਨਰਾਜ਼ ਹੋਣ ਤੋਂ ਬਾਅਦ ਕਾਂਗਰਸ ‘ਚ ਭੂਚਾਲ

  • ਨਰਾਜ਼ ਹੋਏ ਨਵਜੋਤ ਸਿੰਘ ਸਿੱਧੂ, ਅੰਮ੍ਰਿਤਸਰ ਮੇਅਰ ਦੀ ਚੋਣ ‘ਚ ਨਹੀਂ ਲੈਣਗੇ ਭਾਗ
  • ਮੇਅਰ ਦੀ ਚੋਣ ਲਈ ਨਾ ਹੀ ਸ਼ਾਮਲ ਕੀਤਾ ਸੀ ਕਮੇਟੀ ‘ਚ, ਨਾ ਹੀ ਮੀਟਿੰਗ ਲਈ ਦਿੱਤਾ ਸੱਦਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ਤਾਬੜਤੋੜ ਬੈਟਿੰਗ ਕਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਹੁਣ ਆਪਣੀ ਹੀ ਪਾਰਟੀ ਕਾਂਗਰਸ ਖ਼ਿਲਾਫ਼ ਮੋਰਚਾ ਸੰਭਾਲ ਲਿਆ ਹੈ। ਨਵਜੋਤ ਸਿੱਧੂ ਇਸ ਕਦਰ ਨਰਾਜ਼ ਹੋ ਗਏ ਹਨ ਕਿ ਉਨ੍ਹਾਂ ਨੇ ਅੱਜ 23 ਜਨਵਰੀ ਨੂੰ ਆਪਣੇ ਹੀ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਵਿੱਚ ਸ਼ਾਮਲ ਹੋਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਸਿੱਧੂ ਨੇ ਸਪੱਸ਼ਟ ਸ਼ਬਦਾਂ ਵਿੱਚ ਕਾਂਗਰਸ ਪਾਰਟੀ ਨੂੰ ਕਹਿ ਦਿੱਤਾ ਹੈ ਕਿ ਉਹ ਬਿਨਾਂ ਸੱਦੇ ਤੋਂ ਸਿਰਫ਼ ਸ੍ਰੀ ਹਰਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਰ ਹੀ ਜਾਂਦੇ ਹਨ। ਇਸ ਲਈ ਜਦੋਂ ਉਨ੍ਹਾਂ ਨੂੰ ਸੱਦਾ ਪੱਤਰ ਹੀ ਨਹੀਂ ਆਇਆ ਹੈ ਤਾਂ ਉਹ ਮੀਟਿੰਗ ਵਿੱਚ ਕਿਉਂ ਜਾਣ। ਇਸ ਲਈ ਜਿਨ੍ਹਾਂ ਨੇ ਮੇਅਰ ਨੂੰ ਚੁਣਨਾ ਹੈ, ਉਹ ਚੁਣ ਲੈਣ।

ਨਵਜੋਤ ਸਿੱਧੂ ਦੀ ਨਰਾਜ਼ਗੀ ਤੋਂ ਬਾਅਦ ਕਾਂਗਰਸ ਵਿੱਚ ਭੂਚਾਲ ਆ ਗਿਆ ਹੈ। ਅੰਮ੍ਰਿਤਸਰ ਦੇ ਲੀਡਰਾਂ ਅਤੇ ਵਿਧਾਇਕਾਂ ਦੇ ਮਨਾਉਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਸਣੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ੁਦ ਨਵਜੋਤ ਸਿੰਧੂ ਨੂੰ ਮਨਾਉਣ ਵਿੱਚ ਲਗੇ ਹੋਏ ਹਨ ਪਰ ਨਵਜੋਤ ਸਿੱਧੂ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ”ਭਾਅ ਜੀ, ਹੁਣ ਉਨਾਂ ‘ਤੇ ਦਬਾਅ ਨਾ ਪਾਇਆ ਜਾਵੇ, ਉਹ ਮੀਟਿੰਗ ਵਿੱਚ ਨਹੀਂ ਆਉਣਗੇ।”

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਔਰਤਾਂ ਲਈ ਕੀਤਾ ਇੱਕ ਹੋਰ ਐਲਾਨ

ਸਿੱਧੂ ਵੱਲੋਂ ਸਾਫ਼ ਲਫ਼ਜਾ ਵਿੱਚ ਜੁਆਬ ਮਿਲਣ ਤੋਂ ਬਾਅਦ ਕਾਂਗਰਸ ਦੇ ਦਿੱਗਜ਼ ਲੀਡਰ ਵੀ ਇਸ ਸੰਕਟ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੇਰ ਰਾਤ ਤੱਕ ਸਿੱਧੂ ਦੀ ਬੈਟਿੰਗ ਬੰਦ ਹੋਣ ਦਾ ਨਾਂਅ ਨਹੀਂ ਲੈ ਰਹੀ ਸੀ। ਇਥੇ ਦੱਸਣ ਯੋਗ ਹੈ ਕਿ ਮੇਅਰ ਦੀ ਚੋਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਪਟਿਆਲਾ ਲਈ ਬ੍ਰਹਮ ਮਹਿੰਦਰਾ ਅਤੇ ਸਾਧੂ ਧਰਮਸੋਤ ਦੀ ਡਿਊਟੀ ਲਗਾਈ ਗਈ ਸੀ ਤਾਂ ਜਲੰਧਰ ਲਈ ਅਰੁਣਾ ਚੌਧਰੀ ਅਤੇ ਅੰਮ੍ਰਿਤਸਰ ਲਈ ਤ੍ਰਿਪਤ ਰਾਜਿੰਦਰ ਬਾਜਵਾ ਦੀ ਡਿਊਟੀ ਲਗਾਈ ਸੀ। ਇਸ ਕਮੇਟੀ ਵਿੱਚੋਂ ਬਾਹਰ ਰੱਖਣ ਦੇ ਨਾਲ ਹੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਲਈ ਸਿੱਧੂ ਨੂੰ ਬਤੌਰ ਵਿਧਾਇਕ ਮੈਂਬਰ ਵੀ ਸੱਦਾ ਪੱਤਰ ਨਹੀਂ ਭੇਜਿਆ ਗਿਆ। ਜਿਸ ਕਾਰਨ ਨਵਜੋਤ ਸਿੱਧੂ ਨਰਾਜ਼ ਹੋ ਗਏ ਹਨ।