ਆਰਟੀਫੀਸ਼ੀਅਲ ਇੰਟੈਲੀਜੈਂਸ (ਬਣਾਵਟੀ ਗਿਆਨ) ਕੀ ਹੈ?

ਆਰਟੀਫੀਸ਼ੀਅਲ ਇੰਟੈਲੀਜੈਂਸ (ਬਣਾਵਟੀ ਗਿਆਨ) ਕੀ ਹੈ?

ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇੱਕ ਸ਼ਾਖਾ ਹੈ ਜਿਸਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ ਸੌਖੇ ਸ਼ਬਦਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮਸ਼ੀਨ ਦੁਆਰਾ ਸੂਝਵਾਨ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਸਮਰੱਥਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਖੋਜ ਜਾਨ ਮੈਕਕਾਰਥੀ ਨੇ 1950 ਦੇ ਵਿੱਚ ਕੀਤੀ ਸੀ।

ਆਰਟੀਫੀਸ਼ਲ ਇੰਟੈਲੀਜੈਂਸ ਦੀ ਲੋੜ:

ਆਰਟੀਫੀਸ਼ੀਅਲ ਇੰਟੈਲੀਜੈਂਸ ਅਧੀਨ ਮਸ਼ੀਨਾਂ ਵੱਲੋਂ ਮਨੁੱਖੀ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਪ੍ਰਕਿਰਿਆਵਾਂ ਦੇ ਵਿੱਚ ਸਿਖਲਾਈ, ਤਰਕ ਅਤੇ ਸਵੈ-ਸੁਧਾਰ ਸ਼ਾਮਲ ਹਨ। ਮਨੁੱਖ ’ਤੇ ਕੰਮ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਹੈ ਇਸ ਲਈ ਰੋਜਾਨਾ ਦੇ ਕੰਮ ਨੂੰ ਸਵੈ-ਚਾਲਿਤ ਕਰਨਾ ਵਧੀਆ ਵਿਚਾਰ ਹੈ ਇਹ ਸੰਗਠਨ ਦੀ ਮਨੁੱਖ ਸ਼ਕਤੀ ਨੂੰ ਬਚਾਉਂਦਾ ਅਤੇ ਉਤਪਾਦਕਤਾ ਨੂੰ ਵਧਾਉਂਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਕੰਪਨੀ ਹੁਨਰਮੰਦ ਵਿਅਕਤੀਆਂ ਨੂੰ ਕੰਪਨੀ ਦੇ ਵਿਕਾਸ ਲਈ ਪ੍ਰਾਪਤ ਕਰ ਸਕਦੀ ਹੈ। ਕੰਪਨੀਆਂ ਸਾਰੇ ਨਿਯਮਤ ਅਤੇ ਰੋਜ਼ਾਨਾ ਦੇ ਕੰਮ ਮਸ਼ੀਨਾਂ ਦੇ ਨਾਲ ਕਰਨਾ ਚਾਹੁੰਦੀਆਂ ਹਨ।

ਇਸ ਲਈ ਕੰਪਨੀਆਂ ਦੇ ਵਿੱਚ ਮਨੁੱਖਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਇਹ ਮਸ਼ੀਨਾਂ ਸਧਾਰਨ ਪ੍ਰੋਗਰਾਮਾਂ ਦੁਆਰਾ ਨਿਯਮਤ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਸਵੈ-ਚਾਲਿਤ ਕਰਦੀਆਂ ਹਨ। ਡਾਟਾ ਸਾਇੰਸ ਦੇ ਵਿਕਾਸ ਨਾਲ ਸਵੈ-ਚਾਲਨ ਵਧੇਰੇ ਆਮ ਹੋ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨ ਦੀ ਇੱਕ ਉਦਾਹਰਨ ਚੈਟ ਪੋਰਟਲ ਹਨ ਜਿਨ੍ਹਾਂ ਨੂੰ ਵੈਬਸਾਈਟਾਂ ’ਤੇ ਦੇਖਿਆ ਜਾ ਸਕਦਾ ਹੈ ਇਨ੍ਹਾਂ ਦੇ ਵਿੱਚ ਪਹਿਲਾਂ ਸਵਾਗਤ ਸੰਦੇਸ਼ ਆਉਂਦਾ ਹੈ ਫਿਰ ਅਸਲ ਗੱਲਬਾਤ ਸ਼ੁਰੂ ਹੁੰਦੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ:

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੰਟੈਲੀਜੈਂਟ ਸਿਸਟਮ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਖਤਰੇ ਅਤੇ ਡਾਟਾ ਉਲੰਘਣਾ ਦੀ ਪਛਾਣ ਕਰਦਾ ਤੇ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ।

ਮਸ਼ੀਨ ਲਰਨਿੰਗ ਐਲਗੋਰਿਦਮ ਅਤੇ ਮਾਡਲ ਦੀ ਮੱਦਦ ਨਾਲ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ ਦੀ ਪਛਾਣ ਅਤੇ ਇਸ ਸਬੰਧੀ ਭਵਿੱਖਬਾਣੀ ਕਰਨ ਦੇ ਵਿੱਚ ਮੱਦਦ ਮਿਲਦੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਅਲੈਕਸਾ ਅਤੇ ਕੋਰਟਾਣਾ ਜਿਹੇ ਵਰਚੁਅਲ ਡਿਜ਼ੀਟਲ ਸਹਾਇਕ ਦਾ ਨਿਰਮਾਣ ਕਰਨਾ ਸੰਭਵ ਹੋ ਸਕਿਆ ਹੈ ਜੋ ਸਾਡੀ ਪੁੱਛਗਿੱਛ ਦਾ ਜਵਾਬ ਦਿੰਦੇ ਹਨ। ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਵਰਗੇ ਸੋਸ਼ਲ ਮੀਡੀਆ ਚੈਨਲ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਹੁੰਦੇ ਹਨ। ਬਹੁਤ ਸਾਰੀਆਂ ਕੰਪਨੀਆਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ।

ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੱਦਦ ਨਾਲ ਡਾਟਾ ਇੱਕਠਾ ਕਰਦੀਆਂ ਹਨ ਅਤੇ ਇਸ ਡਾਟੇ ਦਾ ਪ੍ਰਯੋਗ ਉਹ ਮਾਰਕੀਟਿੰਗ ਦੇ ਫੈਸਲਿਆਂ, ਪਹਿਲਕਦਮੀਆਂ ਨੂੰ ਚਲਾਉਣ ਅਤੇ ਸੰਚਾਲਨ ਕਰਨ ਤੇ ਗ੍ਰਾਹਕ ਸੇਵਾ ਨੂੰ ਬਿਹਤਰ ਬਣਾਉਣ ਲਈ ਕਰਦੀਆਂ ਹਨ। ਸਮੱਗਰੀ ਨੂੰ ਬਣਾਉਣ ਤੋਂ ਲੈ ਕੇ ਗ੍ਰਾਹਕ ਨੂੰ ਸੇਵਾ ਦੇਣ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀਆਂ ਦੀ ਮੱਦਦ ਕਰਦੀ ਹੈ। ਇਹ ਕੰਪਨੀਆਂ ਨੂੰ ਪਹਿਲਾਂ ਤੋਂ ਚੰਗੇ ਉਤਪਾਦਾਂ ਅਤੇ ਸੇਵਾਵਾਂ ਨੂੰ ਡਿਜ਼ਾਈਨ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ। ਅਗਲੇ ਸ਼ੋਅ ਜਾਂ ਗਾਣੇ ਨੂੰ ਸੁਣਨ ਲਈ ਨੈੱਟਫਲਿਕਸ ਅਤੇ ਸਪੋਟੀਫਾਈ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸਿਫਾਰਸ਼ ਇੰਜਣ ਸਾਡੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਵਿੱਚ ਸਹਾਇਤਾ ਕਰਦੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੁਣ:

1. ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਗਲਤੀ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਕਿਉਂਕਿ ਸਾਰਾ ਕੰਮ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰੋਗਰਾਮ ਕੀਤਾ ਜਾਂਦਾ ਜਿਸ ਨਾਲ ਗਲਤੀਆਂ ਘੱਟ ਹੁੰਦੀਆਂ ਹਨ ਅਤੇ ਸਹੀ ਨਤੀਜਿਆਂ ’ਤੇ ਪਹੁੰਚਿਆ ਜਾ ਸਕਦਾ ਹੈ।

2. ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜੋਖਮ ਵਾਲੇ ਕੰਮ ਕਰਨੇ ਬਹੁਤ ਅਸਾਨ ਹੋ ਗਏ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਏ ਗਏ ਰੋਬਟ ਕਈ ਤਰ੍ਹਾਂ ਦੇ ਜੋਖਮ ਭਰੇ ਕੰਮ ਜਿਵੇਂ ਕਿ ਬੰਬ ਨੂੰ ਅਸਫਲ ਬਣਾਉਣਾ, ਸਮੁੰਦਰਾਂ ਦੇ ਡੂੰਘੇ ਹਿੱਸੇ ਦੀ ਪੜਤਾਲ ਕਰਨਾ, ਕੋਲੇ ਅਤੇ ਤੇਲ ਦੀ ਮਾਈਨਿੰਗ ਆਦਿ ਕਰਦੇ ਹਨ।

3. ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਈਆਂ ਮਸ਼ੀਨਾਂ ਬਿਨਾਂ ਕਿਸੇ ਬਰੇਕ ਅਤੇ ਬੋਰ ਹੋਏ ਲਗਾਤਾਰ ਕੰਮ ਕਰਦੀਆਂ ਹਨ ਜਿਸ ਨਾਲ ਕੰਮ ਛੇਤੀ ਖਤਮ ਹੋ ਜਾਂਦਾ ਹੈ।

4. ਮਨੁੱਖਾਂ ਨੂੰ ਇੱਕੋ ਤਰ੍ਹਾਂ ਦੇ ਕੰਮ ਹਰ ਦਿਨ ਕਰਨੇ ਪੈਂਦੇ ਹਨ ਜਿਵੇਂ ਕਿ ਧੰਨਵਾਦ ਲਈ ਈਮੇਲ ਭੇਜਣਾ, ਗਲਤੀਆਂ ਲੱਭਣ ਲਈ ਦਸਤਾਵੇਜਾਂ ਦੀ ਪੜਤਾਲ ਕਰਨਾ ਆਦਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਆਉਣ ਨਾਲ ਮਨੁੱਖਾਂ ਨੂੰ ਇਨ੍ਹਾਂ ਕੰਮਾਂ ਤੋਂ ਮੁਕਤੀ ਮਿਲੀ ਹੈ।

5. ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਡਿਜੀਟਲ ਸਹਾਇਕ ਯੂਜ਼ਰ ਦੀਆਂ ਲੋੜਾਂ ਨੂੰ ਸਮਝ ਕੇ ਉਸਦੀ ਮੱਦਦ ਕਰਦੇ ਹਨ ਜਿਸ ਨਾਲ ਮਨੁੱਖੀ ਸ਼ਕਤੀ ਦੀ ਬੱਚਤ ਹੁੰਦੀ ਹੈ।

6. ਮਸ਼ੀਨਾਂ ਮਨੁੱਖਾਂ ਦੇ ਮੁਕਾਬਲੇ ਛੇਤੀ ਫੈਸਲਾ ਕਰਦੀਆਂ ਹਨ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ।

7. ਆਰਟੀਫੀਸ਼ੀਅਲ ਇੰਟੈਲੀਜੈਂਸ ਹਰ ਖੇਤਰ ਦੇ ਵਿੱਚ ਨਵੀਆਂ ਖੋਜਾਂ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ ਜਿਸ ਨਾਲ ਮਨੁੱਖ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਮਿਲਦੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਔਗੁਣ:

1. ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਦੇ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਹਰ ਦਿਨ ਅੱਪਡੇਟ ਕਰਨਾ ਪੈਂਦਾ ਤਾਂ ਕਿ ਜਰੂਰਤਾਂ ਨੂੰ ਪੂਰਾ ਕਰ ਸਕੇ। ਇਨ੍ਹਾਂ ਮਸ਼ੀਨਾਂ ਦੀ ਮੁਰੰਮਤ ਅਤੇ ਰੱਖ-ਰਖਾਵ ’ਤੇ ਵੀ ਬਹੁਤ ਖਰਚ ਆਉਂਦਾ ਹੈ।

2. ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਨੇ ਮਨੁੱਖ ਨੂੰ ਬਹੁਤ ਆਲਸੀ ਬਣਾ ਦਿੱਤਾ ਹੈ।

3. ਹਰ ਸੰਗਠਨ ਘੱਟੋ-ਘੱਟ ਯੋਗਤਾ ਪ੍ਰਾਪਤ ਵਿਅਕਤੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਰੋਬੋਟਾਂ ਦੇ ਨਾਲ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੁੰਦੀ ਹੈ।

4. ਮਸ਼ੀਨਾਂ ਵਿੱਚ ਜਜ਼ਬਾਤ ਨਹੀਂ ਹੁੰਦੇ ਇਸ ਲਈ ਉਹ ਮਨੁੱਖਾਂ ਦੇ ਨਾਲ ਆਪਸੀ ਸਾਂਝ ਨਹੀਂ ਪਾ ਸਕਦੀਆਂ ਜੋ ਟੀਮ ਦੇ ਰੂਪ ਵਿੱਚ ਕੰਮ ਕਰਨ ਲਈ ਜਰੂਰੀ ਹੈ।

5. ਮਸ਼ੀਨਾਂ ਸਿਰਫ ਉਹੀ ਕੰਮ ਕਰ ਸਕਦੀਆਂ ਹਨ ਜਿਸ ਕੰਮ ਨੂੰ ਕਰਨ ਲਈ ਉਹ ਬਣਾਈਆਂ ਗਈਆਂ ਹਨ ਇਸ ਤੋਂ ਇਲਾਵਾ ਜੇ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ ਤੇ ਉਹ ਕੰਮ ਵਿਗਾੜ ਦੇਣਗੀਆਂ।
ਅੰਮ੍ਰਿਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ