ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕੱਲ੍ਹ ਪੈਣਗੀਆਂ ਵੋਟਾਂ

Jalandhar Lok Sabha Poll
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ।

16.21 ਲੱਖ ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

  •  ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸਾਰੇ ਪ੍ਰਬੰਧ ਮੁਕੰਮਲ: ਸਿਬਿਨ ਸੀ
  •  ਜਲੰਧਰ ਵਿੱਚ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ ਢੁਕਵੀਂ ਗਿਣਤੀ ਵਿੱਚ ਸੀ.ਏ.ਪੀ.ਐਫ. ਅਤੇ ਪੁਲਿਸ ਬਲ ਤਾਇਨਾਤ
  • ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਭਰਮਾਉਣ ਅਤੇ ਅਨੈਤਿਕ ਅਮਲਾਂ ਨੂੰ ਰੋਕਣ ’ਤੇ ਰਹੇਗਾ ਵਿਸ਼ੇਸ਼ ਧਿਆਨ
  • ਡੀ.ਸੀ, ਸੀ.ਪੀ. ਅਤੇ ਐਸ.ਐਸ.ਪੀਜ਼ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਲੋੜ ਅਨੁਸਾਰ ਕਦਮ ਚੁੱਕਣ ਦੀਆਂ ਹਦਾਇਤਾਂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਦਫ਼ਤਰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਵੱਲੋਂ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਲੋੜੀਂਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਅਮਲਾ ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ। (Jalandhar Lok Sabha Poll) ਉਨਾਂ ਦੱਸਿਆ ਕਿ ਕੁੱਲ 16,21,759 ਵੋਟਰ ਹਨ ਜਿਨਾਂ ਵਿੱਚ 8,44,904 ਪੁਰਸ਼, 7,76,855 ਔਰਤਾਂ, 10,286 ਦਿਵਿਆਂਗ ਵਿਅਕਤੀ, 1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਵੋਟਰ ਅਤੇ 41 ਟਰਾਂਸਜੈਂਡਰ ਹਨ। ਉਨਾਂ ਕਿਹਾ ਕਿ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ।

1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ

ਉਨਾਂ (Chief Electoral Officer, Sibin C) ਦੱਸਿਆ ਕਿ ਕੁੱਲ 19 ਉਮੀਦਵਾਰਾਂ ਵਿੱਚੋਂ ਤਿੰਨ ਕੌਮੀ ਪਾਰਟੀਆਂ ਦੇ, ਇੱਕ ਸੂਬਾਈ ਪਾਰਟੀ ਤੋਂ, ਸੱਤ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦਕਿ ਅੱਠ ਆਜ਼ਾਦ ਉਮੀਦਵਾਰ ਹਨ। ਉਨਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਸਿਬਿਨ ਸੀ ਨੇ ਦੱਸਿਆ ਕਿ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਤਿੰਨ ਤੋਂ ਵੱਧ ਪੋਲਿੰਗ ਸਟੇਸ਼ਟ ਵਾਲੀਆਂ ਥਾਵਾਂ ਜੋ ਕਿ ਜਲੰਧਰ ਸੰਸਦੀ ਹਲਕੇ ਵਿੱਚ ਕੁੱਲ 166 ਹਨ, ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਜਾਣਗੇ।

ਉਨਾਂ ਕਿਹਾ ਕਿ 542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ ਜਿਨਾਂ ਵਿੱਚੋਂ 16 ਨੂੰ ਅਤਿ ਸੰਵੇਦਨਸ਼ੀਲ ਅਤੇ 30 ਨੂੰ ਐਕਸਪੈਂਡੀਚਰ ਸੈਂਸਟਿਵ ਪਾਕਿਟਸ ਵਜੋਂ ਦਰਸਾਇਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸੀ.ਈ.ਓ. ਪੰਜਾਬ ਨੇ ਦੱਸਿਆ ਕਿ ਇਨਾਂ ਚੋਣਾਂ ਵਿੱਚ 4839 ਬੈਲਟ ਯੂਨਿਟ, 2927 ਕੰਟਰੋਲ ਯੂਨਿਟ ਅਤੇ 2973 ਵੀ.ਵੀ.ਪੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ 45 ਮਾਡਲ ਪੋਲਿੰਗ ਸਟੇਸ਼ਨ ਹੋਣਗੇ ਅਤੇ 9 (ਪ੍ਰਤੀ ਏਸੀ ਇੱਕ) ਪੋਲਿੰਗ ਸਟੇਸ਼ਨ ਔਰਤਾਂ ਦੁਆਰਾ ਪ੍ਰਬੰਧਿਤ ਹੋਣਗੇ।

Candidate Death, Poll Process Deferred
ਜਲੰਧਰ ਲੋਕ ਸਭਾ ਚੋਣ ਲਈ ਵੋਟਾਂ।

ਕੋਵਿਡ-19 ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਉਨਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ’ਤੇ ਪੀਣ ਵਾਲਾ ਪਾਣੀ, ਟੈਂਟ ਅਤੇ ਕੁਰਸੀਆਂ, ਘੱਟੋ-ਘੱਟ ਇਕ ਵਹੀਲ ਚੇਅਰ ਵਰਗੀਆਂ ਸਹੂਲਤਾਂ ਹੋਣਾ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ’ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਨਿਯਮਾਂ ਤਹਿਤ ਸਮੱਗਰੀ ਹੋਵੇਗੀ, ਜਦਕਿ ਕੋਵਿਡ ਵੇਸਟ ਮਟੀਰੀਅਲ ਦੇ ਨਿਪਟਾਰੇ ਲਈ ਕੂੜੇਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਉਨਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ।

ਮਰੀਜ਼ ਘਰੋਂ ਕਰ ਸਕਣਗੇ ਵੋਟਿੰਗ (Jalandhar Lok Sabha Poll)

ਉਨਾਂ ਅੱਗੇ ਕਿਹਾ ਕਿ 80 ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ, ਦਿਵਿਆਂਗ ਵਿਅਕਤੀਆਂ ਅਤੇ ਕੋਵਿਡ ਦੇ ਮਰੀਜ਼ਾਂ ਨੂੰ ਉਨਾਂ ਦੇ ਘਰਾਂ ਤੋਂ ਹੀ ਵੋਟ ਪਾਉਣ ਲਈ ਪੋਸਟਲ ਬੈਲਟ ਦੀ ਸਹੂਲਤ ਪ੍ਰਦਾਨ ਕੀਤੀ ਗਈ ਅਤੇ 888 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਈ।
ਸਿਬਿਨ ਸੀ ਨੇ ਕਿਹਾ ਕਿ ਈ.ਵੀ.ਐਮ. ਦੀ ਢੋਆ-ਢੁਆਈ ਲਈ 703 ਜੀ.ਪੀ.ਐਸ. ਅਧਾਰਤ ਵਾਹਨ ਵਰਤੇ ਜਾ ਰਹੇ ਹਨ ਅਤੇ ਵੈੱਬ ਕੈਮਰਿਆਂ ਜ਼ਰੀਏ 27 ਫਲਾਇੰਗ ਸਕੁਐਡ ਟੀਮ (ਪ੍ਰਤੀ ਏਸੀ ਤਿੰਨ) ਚੌਵੀ ਘੰਟੇ ਚੌਕਸੀ ਰੱਖ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਡੀਜੀਪੀ ਪਹੁੰਚੇ ਲੁਧਿਆਣਾ : ਬੱਸ ਸਟੈਂਡ ’ਤੇ ਚੈਕਿੰਗ, 2 ਦਿਨ ਚੱਲੇਗੇ ਤਲਾਸ਼ੀ ਮੁਹਿੰਮ

ਸੀ.ਈ.ਓ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੌਮੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ’ਤੇ 1083 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ’ਚੋਂ 989 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 94 ਪ੍ਰਕਿਰਿਆ ਅਧੀਨ ਹਨ। ਉਨਾਂ ਅੱਗੇ ਦੱਸਿਆ ਕਿ ਵੀ-ਵਿਜਿਲ ਐਪ ’ਤੇ 1381 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿੱਚੋਂ 1142 ਸਹੀ ਪਾਈਆਂ ਗਈਆਂ ਅਤੇ ਉਨਾਂ ਦਾ ਨਿਰਧਾਰਤ 100 ਮਿੰਟਾਂ ਵਿੱਚ ਨਿਬੇੜਾ ਕੀਤਾ ਗਿਆ।

ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ (Jalandhar Lok Sabha Poll)

ਅਮਨ-ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਕਿਹਾ ਕਿ ਸੰਸਦੀ ਹਲਕੇ ਵਿੱਚ ਤਾਇਨਾਤ ਪੁਲਿਸ ਪਾਰਟੀਆਂ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੇ ਲੈਣ-ਦੇਣ ਸਬੰਧੀ ਕਾਰਵਾਈਆਂ ਨੂੰ ਠੱਲ ਪਾਉਣ ਵਾਸਤੇ ਚੰਗੀ ਤਰਾਂ ਤਲਾਸ਼ੀ ਲਈ ਜਾ ਰਹੀ ਹੈ। ਸੀ.ਈ.ਓ. ਪੰਜਾਬ ਨੇ ਇਹ ਵੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) 8 ਮਈ, 2023 ਸ਼ਾਮ 6 ਵਜੇ ਤੋਂ ਲਾਗੂ ਹੋ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜਲੰਧਰ ਜ਼ਿਲੇ ਨੂੰ 8 ਮਈ, 2023 ਸ਼ਾਮ 6 ਵਜੇ ਤੋਂ ਵੋਟਾਂ ਪੈਣ ਭਾਵ 10 ਮਈ, 2023 ਤੱਕ ਡਰਾਈ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਜ਼ਿਲੇ ਵਿੱਚ ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਰਹੇਗੀ।

LEAVE A REPLY

Please enter your comment!
Please enter your name here