
Vishav Punjabi Sabha Felicitation: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜੋਨ ਪੰਜਾਬ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ, ਗੀਤਕਾਰ/ਗਾਇਕ ਸੁਰਜੀਤ ਗਿੱਲ ਅਤੇ ਸਫਲ ਮੰਚ ਸੰਚਾਲਕ/ਅਦਾਕਾਰ ਜਸਬੀਰ ਸਿੰਘ ਜੱਸੀ ਦੇ ਸਨਮਾਨ ਕਰਨ ਵਾਸਤੇ, ਸਨਮਾਨ ਸਮਾਗਮ, ਸਮਾਜ ਸੇਵੀ ਰਾਜਵੀਰ ਸਿੰਘ ਸੰਧੂ ਪ੍ਰਧਾਨ ਮਾਲਵਾ ਜੋਨ ਪੰਜਾਬ ਦੀ ਅਗਵਾਈ ਵਿੱਚ ਪਿੰਡ ਭਲੂਰ ਵਿਖੇ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸੇਵਾ ਮੁਕਤ ਐਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਸਬ ਰਜਿਸਟਰਾਰ ਗੁਰਚਰਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਹਾਜ਼ਰ ਗਾਇਕਾਂ ਨੇ ਆਪੋ-ਆਪਣੇ ਗੀਤ ਪੇਸ਼ ਕੀਤੇ ਅਤੇ ਮੁੱਖ ਮਹਿਮਾਨਾਂ ਨੇ ਪੰਜਾਬੀ ਕਲਚਰ ਅਤੇ ਇਸ ’ਚ ਫੈਲ ਰਹੀਆਂ ਬੁਰਾਈਆਂ ਨੂੰ ਕਿਵੇਂ ਸਾਫ ਕੀਤਾ ਜਾਵੇ ਅਤੇ ਗੰਧਲੇ ਹੋ ਰਹੇ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਬਚਾਇਆ ਜਾਵੇ ਵਿਸ਼ੇ ’ਤੇ ਖੁੱਲ੍ਹ ਕੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਇਹ ਵੀ ਪੜ੍ਹੋ: Punjab News: ਸਖਤ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ, ਅਧਿਕਾਰੀਆਂ ਨੂੰ ਨੋਟਿਸ ਜਾਰੀ
ਇਸ ਮੌਕੇ ਹਾਜ਼ਰੀਨਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਸਾਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਅਹਿਮ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਪ੍ਰਧਾਨ ਰਾਜਵੀਰ ਸੰਧੂ ਨੇ ਕਿਹਾ ਸਾਡੀਆਂ ਸਨਮਾਨਿਤ ਸ਼ਖਸ਼ੀਅਤਾਂ ਹਰਿੰਦਰ ਸੰਧੂ ਅਤੇ ਸੁਰਜੀਤ ਗਿੱਲ ਨੇ ਹਮੇਸ਼ਾ ਵਧੀਆ ਲਿਖਿਆ ਹੈ ਅਤੇ ਵਧੀਆ ਹੀ ਗਾਇਆ ਹੈ। ਇਸ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ। ਨਵੇਂ ਉਭਰਦੇ ਕਲਾਕਾਰਾਂ ਨੂੰ ਹਰਿੰਦਰ ਸੰਧੂ ਵਰਗੇ ਲੋਕ ਗਾਇਕ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਨੂੰ ਅਹਿਮੀਅਤ ਦਿੱਤੀ ਹੈ।
ਉਨ੍ਹਾਂ ਕਿਹਾ ਮੰਚ ਸੰਚਾਲਕ/ਅਦਾਕਾਰ ਜਸਬੀਰ ਸਿੰਘ ਜੱਸੀ ਨੇ ਮੰਚ ਸੰਚਾਲਨ ਦੌਰਾਨ ਆਪਣੇ ਸ਼ਬਦਾਂ ਨੂੰ ਇਸ ਕਦਰ ਢਾਲਿਆ ਹੈ ਕਿ ਉਨ੍ਹਾਂ ਦੇ ਮੂੰਹੋਂ ਨਿਕਲਦੇ ਸ਼ਬਦ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਜਾਂਦੇ ਹਨ। ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਅਤੇ ਸੁਰਜੀਤ ਗਿੱਲ ਨੇ ਸੱਭਿਆਚਾਰਕ ਗੀਤਾਂ ਨਾਲ ਰੰਗ ਬੰਨਿਆ ਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਵਿਸ਼ਵ ਪੰਜਾਬੀ ਸਭਾ ਦਾ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਉਕਤ ਤਿੰਨੋਂ ਸ਼ਖਸੀਅਤਾਂ ਦਾ 35 ਅੱਖਰੀ ਲੋਈਆਂ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ, ਗ੍ਰਾਮ ਪੰਚਾਇਤ ਭਲੂਰ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।