ਵਿਜੀਲੈਂਸ ਵੱਲੋਂ ਲੁਧਿਆਣਾ ਟੈਂਡਰ ਘੁਟਾਲੇ ਵਿੱਚ ਦੋ ਡੀ.ਐਫ.ਐਸ.ਸੀ ਗ੍ਰਿਫਤਾਰ

Vigilance Bureau

ਸਾਬਕਾ ਮੰਤਰੀ ਆਸ਼ੂ ਦੇ ਦੋ ਨਿੱਜੀ ਸਹਾਇਕ ਅਤੇ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਖਿਲਾਫ ਪੀ.ਓ. ਦੀ ਕਾਰਵਾਈ ਸ਼ੁਰੂ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੰਗਲਵਾਰ ਨੂੰ ਲੁਧਿਆਣਾ ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਹੋਏ ਟੈਂਡਰ ਘੁਟਾਲੇ ਵਿੱਚ ਸ਼ਾਮਲ ਦੋ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀਐਫਐਸਸੀ) ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਆਰ.ਕੇ. ਸਿੰਗਲਾ, ਡਿਪਟੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਸਮੇਤ ਪੰਕਜ ਕੁਮਾਰ ਉਰਫ ਮੀਨੂ ਮਲਹੋਤਰਾ ਅਤੇ ਇੰਦਰਜੀਤ ਸਿੰਘ ਉਰਫ ਇੰਦੀ, ਦੋਵੇਂ ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਹਾਇਕ, ਨੂੰ ਭਗੌੜਾ ਕਰਾਰ ਦੇਣ ਵਿਰੁੱਧ ਅਦਾਲਤੀ ਕਾਰਵਾਈ ਅਰੰਭ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਸਮੇਤ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਵਿਰੁੱਧ ਐਫਆਈਆਰ ਨੰਬਰ 11 ਮਿਤੀ 16-08-2022, ਆਈਪੀਸੀ ਦੀ ਧਾਰਾ 420, 409, 467, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12, 13(2) ਤਹਿਤ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ।

ਉਨਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕਿ੍ਰਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜਤੀਏ) ਪਹਿਲਾਂ ਹੀ ਗਿ੍ਰਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕਿ੍ਰਸ਼ਨ ਲਾਲ ਵਿਰੁੱਧ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ।

ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਦੌਰਾਨ ਵਿਜੀਲੈਂਸ ਬਿਊਰੋ ਨੇ ਅੱਜ ਦੋ ਹੋਰ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨਾਂ ਵਿੱਚ ਸੁਖਵਿੰਦਰ ਸਿੰਘ ਗਿੱਲ ਤਤਕਾਲੀ ਡੀਐਫਐਸਸੀ ਲੁਧਿਆਣਾ ਪੱਛਮੀ ਅਤੇ ਹਰਵੀਨ ਕੌਰ ਤਤਕਾਲੀ ਡੀਐਫਐਸਸੀ ਲੁਧਿਆਣਾ ਪੂਰਬੀ ਸਨ ਜੋ ਇਸ ਸਮੇਂ ਸੁਖਵਿੰਦਰ ਸਿੰਘ ਗਿੱਲ ਡੀਐਫਐਸਸੀ ਫਰੀਦਕੋਟ ਅਤੇ ਹਰਵੀਨ ਕੌਰ ਡੀਐਫਐਸਸੀ ਜਲੰਧਰ ਤਾਇਨਾਤ ਹਨ।

ਉਨਾਂ ਕਿਹਾ ਕਿ ਉਕਤ ਟੈਂਡਰਾਂ ਦੀ ਅਲਾਟਮੈਂਟ ਸਮੇਂ ਇਹ ਦੋਸ਼ੀ ਜ਼ਿਲਾ ਟੈਂਡਰ ਕਮੇਟੀ ਦੇ ਮੈਂਬਰ/ਕਨਵੀਨਰ ਸਨ। ਉਹ ਕਮੇਟੀ ਦੇ ਹੋਰ ਮੈਂਬਰਾਂ ਦੇ ਨਾਲ ਟੈਂਡਰਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਜ਼ਿੰਮੇਵਾਰ ਸਨ, ਜਿਸ ਵਿੱਚ ਟਰਾਂਸਪੋਰਟ ਵਾਹਨਾਂ ਦੀ ਸੂਚੀ ਵੀ ਸ਼ਾਮਲ ਸੀ ਪਰ ਉਨਾਂ ਨੇ ਜਾਣਬੁੱਝ ਕੇ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਤਸਦੀਕ ਨਹੀਂ ਕਰਵਾਈ ਕਿਉਂਕਿ ਵਾਹਨਾਂ ਦੀ ਨੱਥੀ ਸੂਚੀ ਵਿੱਚ ਸਕੂਟਰਾਂ, ਮੋਟਰਸਾਈਕਲਾਂ ਆਦਿ ਦੇ ਨੰਬਰ ਲਿਖੇ ਗਏ ਸਨ। ਉਨਾਂ ਕਿਹਾ ਕਿ ਠੇਕੇਦਾਰਾਂ ਵੱਲੋਂ ਗਲਤ ਦਸਤਾਵੇਜ਼ ਪੇਸ਼ ਕਰਨ ਦੇ ਬਾਵਜੂਦ ਉਪਰੋਕਤ ਅਧਿਕਾਰੀਆਂ ਨੇ ਆਪਣੇ ਚਹੇਤੇ ਵਿਅਕਤੀਆਂ/ਠੇਕੇਦਾਰਾਂ ਤੋਂ ਰਿਸ਼ਵਤ ਲੈ ਕੇ ਟੈਂਡਰ ਅਲਾਟ ਕਰ ਦਿੱਤੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਤਫਤੀਸ਼ ਅਨੁਸਾਰ ਸੁਖਵਿੰਦਰ ਸਿੰਘ ਡੀਐਫਐਸਸੀ ਨੇ 2 ਲੱਖ ਰੁਪਏ ਅਤੇ ਇੱਕ ਆਈਫੋਨ ਰਿਸ਼ਵਤ ਵਜੋਂ ਲਿਆ ਸੀ ਅਤੇ ਹਰਵੀਨ ਕੌਰ ਡੀਐਫਐਸਸੀ ਨੇ ਮੁਲਜ਼ਮ ਤੇਲੂ ਰਾਮ ਠੇਕੇਦਾਰ ਤੋਂ ਠੇਕੇਦਾਰਾਂ/ਟੈਂਡਰਰਾਂ ਦਾ ਪੱਖ ਪੂਰਨ ਲਈ 3 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਉਨਾਂ ਦੱਸਿਆ ਕਿ ਇਨਾਂ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਿਉਰੋ ਵੱਲੋਂ ਬਾਕੀ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ