ਕੇਂਦਰੀ ਸੇਵਾਵਾਂ ਵਿੱਚ ਸੂਬੇ ਦੀ ਨੁਮਾਇੰਦਗੀ ਵਧਾਉਣ ਲਈ ਕੀਤੀ ਪਹਿਲਕਦਮੀ
- ਇਨਾਂ ਕੇਂਦਰਾਂ ਰਾਹੀਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਦੇ ਨਾਲ-ਨਾਲ ਮਿਲੇਗੀ ਵਿੱਤੀ ਸਹਾਇਤਾ
(ਅਸ਼ਵਨੀ ਚਾਵਲਾ) ਚੰਡੀਗੜ। ਆਈ.ਏ.ਐਸ/ਆਈ.ਪੀ.ਐਸ/ਆਈ.ਆਰ.ਐਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਲਈ ਰਾਜ ਵਿੱਚ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਸਥਾਪਿਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। (Exam Coaching Center)
ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਸੇਵਾਵਾਂ ਖਾਸ ਕਰਕੇ ਯੂ.ਪੀ.ਐਸ.ਸੀ. ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿੱਚ ਸੂਬੇ ਦੇ ਘਟਦੇ ਅਨੁਪਾਤ ’ਤੇ ਚਿੰਤਾ ਪ੍ਰਗਟਾਈ। ਉਨਾਂ ਕਿਹਾ ਕਿ ਸੂਬੇ ਦੇ ਨੌਜਵਾਨ ਬੇਮਿਸਾਲ ਪ੍ਰਤਿਭਾ ਹੋਣ ਦੇ ਬਾਵਜੂਦ ਪਹਿਲਾ ਤਾਂ ਵਿਦੇਸ਼ ਜਾਣ ਵੱਲ ਝੁਕਾਅ ਹੋਣ ਕਾਰਨ ਅਤੇ ਦੂਜਾ ਸੂਬੇ ਵਿੱਚ ਮਿਆਰੀ ਕੋਚਿੰਗ ਦੀ ਘਾਟ ਕਾਰਨ ਇਨਾਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰ ਪਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਰੁਝਾਨ ਨੂੰ ਬਦਲਣ ਲਈ ਵਚਨਬੱਧ ਹੈ, ਜਿਸ ਲਈ ਪੰਜਾਬ ਭਰ ਵਿੱਚ ਇਹ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ। (Exam Coaching Center)
ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ
ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਮੁਫ਼ਤ ਮਿਆਰੀ ਸਿਖਲਾਈ ਦੇਣਗੇ ਅਤੇ ਸੂਬਾ ਤੇ ਕੇਂਦਰ ਸਰਕਾਰ ਦੋਵਾਂ ਵਿੱਚ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ। ਉਨਾਂ ਕਿਹਾ ਕਿ ਸੂਬੇ ਕੋਲ ਅਜਿਹੇ ਨੌਕਰਸ਼ਾਹ ਪੈਦਾ ਕਰਨ ਦੀ ਸ਼ਾਨਦਾਰ ਵਿਰਾਸਤ ਹੈ, ਜਿਨਾਂ ਨੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਕੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਅਮੀਰ ਪਰੰਪਰਾ ਨੂੰ ਭਵਿੱਖ ਵਿੱਚ ਵੀ ਬਰਕਰਾਰ ਰੱਖਣਾ ਹੋਵੇਗਾ, ਜਿਸ ਲਈ ਇਹ ਕੇਂਦਰ ਅਹਿਮ ਭੂਮਿਕਾ ਨਿਭਾਉਣਗੇ।