ਵਿਧਾਇਕ ਦੇ ਭਰੋਸੇ ਮਗਰੋਂ ਇੱਕ ਹਫਤੇ ਤੱਕ ਸੰਘਰਸ ਅੱਗੇ ਪਾਉਣ ਮਗਰੋਂ ਉੱਠੇ ਲੋਕ
ਫਰੀਦਕੋਟ (ਗੁਰਪ੍ਰੀਤ ਪੱਕਾ) ਪੰਜਾਬ ਸਰਕਾਰ ਦੁਆਰਾ ਫਰੀਦਕੋਟ ਨੇੜਿਓਂ ਲੰਘਦੀਆਂ ਜੋੜੀਆਂ ਨਹਿਰਾਂ, ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਦੇ ਕੰਕਰੀਟੀਕਰਨ ਦੇ ਵਿਰੋਧ ਵਿੱਚ ਫਰੀਦਕੋਟ ਨਿਵਾਸੀਆਂ ਵੱਲੋਂ ਜਲ ਜੀਵਨ ਬਚਾਓ ਮੋਰਚੇ ਦੀ ਅਗਵਾਈ ਵਿੱਚ ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਦਾ ਘਿਰਾਓ ਕੀਤਾ ਗਿਆ। ਘਿਰਾਓ ਤੋਂ ਪਹਿਲਾਂ ਸਥਾਨਕ ਮਿੰਨੀ ਸਕੱਤਰੇਤ ਵਿਖੇ ਹੋਏ ਭਾਵਪੂਰਤ ਇਕੱਠ ਵਿੱਚ ਸਹਿਰ ਅਤੇ ਇਲਾਕੇ ਦੀਆਂ ਵੱਖ-ਵੱਖ ਵਾਤਾਵਰਣ, ਸਮਾਜ ਸੇਵੀ, ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਅਤੇ ਇਲਾਕਾ ਨਿਵਾਸੀ ਸ਼ਾਮਲ ਹੋਏ।ਇਹ ਇਕੱਠ ਮਿੰਨੀ ਸਕੱਤਰੇਤ ਤੋਂ ਤੁਰ ਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਦੇ ਬਾਹਰ ਪਹੁੰਚਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਜਲ ਜੀਵਨ ਬਚਾਓ ਮੋਰਚੇ ਦੇ ਕਨਵੀਨਰ ਸੰਕਰ ਸ਼ਰਮਾ, ਕੋ ਕਨਵੀਨਰ ਸ਼ਿਵਜੀਤ ਸਿੰਘ ਸੰਘਾ , ਡਾ . ਪਿ੍ਰਤਪਾਲ ਸਿੰਘ , ਕਰਮਜੀਤ ਸਿੰਘ , ਸੰਦੀਪ ਅਰੋੜਾ, ਜਤਿੰਦਰ ਕੁਮਾਰ , ਸਿਮਰਜੀਤ ਬਰਾੜ , ਗੁਰਦਿਆਲ ਭੱਟੀ , ਹਰਪਾਲ ਸਿੰਘ ਮਚਾਕੀ , ਦਵਿੰਦਰ ਸਿੰਘ , ਰਾਜਬੀਰ ਗਿੱਲ , ਗੁਰਮੀਤ ਸਿੰਘ , ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨਹਿਰਾਂ ਨੂੰ ਕੰਕਰੀਟ ਕਰਨਾ ਕੁਦਰਤ ਵਿਰੋਧੀ ਕਾਰਾ ਹੈ ਅਤੇ ਇਹ ਲੋਕਾਂ ਦੀ ਸਾਹ ਰੰਗ ‘ ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਫਰੀਦਕੋਟ ਦੇ ਜਮੀਨ ਹੇਠਲੇ ਪਾਣੀ ਅਤੇ ਸਹਿਰ ਨਿਵਾਸੀਆਂ ਲਈ ਮਾਰੂ ਸਾਬਤ ਹੋਵੇਗਾ, ਇਸ ਨਾਲ ਫਰੀਦਕੋਟ ਦਾ ਪਾਣੀ ਜਹਿਰੀਲਾ, ਡੂੰਘਾ ਹੋ ਕੇ ਪੀਣਯੋਗ ਨਹੀਂ ਰਹੇਗਾ।ਇਸ ਨਾਲ ਕੇਵਲ ਮਨੁੱਖ ਹੀ ਨਹੀਂ ਸਗੋਂ ਭਾਰੀ ਭਰਕਮ ਮਸ਼ੀਨਰੀ ਕਰਕੇ ਨਹਿਰਾਂ ਕਿਨਾਰੇ ਲੱਗੇ ਹੋਏ 20 ਹਜ਼ਾਰ ਕੀਮਤੀ ਰੁੱਖਾਂ ਦਾ ਵੀ ਨੁਕਸਾਨ ਹੋਵੇਗਾ ਜੋ ਕਿ ਫਰੀਦਕੋਟ ਦੇ ਪੌਣ ਪਾਣੀ ਦੇ ਨਾਲ-ਨਾਲ ਬਨਸਪਤੀ ਅਤੇ ਜੀਵ ਜੰਤੂਆਂ ਲਈ ਵੀ ਨੁਕਸਾਨਦਾਇਕ ਹੋਵੇਗਾ।ਸਹਿਰ ਨਿਵਾਸੀਆਂ ਵੱਲੋਂ ਕਿਸੇ ਵੀ ਕੀਮਤ ‘ ਤੇ ਇਸ ਨੁਕਸਾਨ ਨੂੰ ਰੋਕਣ ਲਈ ਤਹੱਈਆ ਕੀਤਾ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਉਹ ਆਪਣੀ ਗੱਲ ਵਿਧਾਇਕ, ਸਪੀਕਰ ਪੰਜਾਬ ਵਿਧਾਨ ਸਭਾ, ਡਿਪਟੀ ਕਮਿਸਨਰ ਫਰੀਦਕੋਟ ਅਤੇ ਸਬੰਧਤ ਮਹਿਕਮੇ ਸਾਹਮਣੇ ਰੱਖ ਚੁੱਕੇ ਹਨ ਪਰੰਤੂ ਕਿਸੇ ਵੱਲੋਂ ਵੀ ਤਸੱਲੀਬਖਸ ਜਵਾਬ ਨਾ ਮਿਲਣ ’ਤੇ ਉਹਨਾਂ ਨੂੰ ਮਜ਼ਬੂਰਨ ਵਿਧਾਇਕ ਦੇ ਘਰ ਦਾ ਘਿਰਾਓ ਕਰਨਾ ਪਿਆ ਹੈ। ਜਿਸ ਵਕਤ ਇਹ ਘਿਰਾਓ ਚੱਲ ਰਿਹਾ ਸੀ ਤਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਇਕੱਠ ਵਿੱਚ ਪਹੁੰਚ ਗਏ ਅਤੇ ਬੈਠ ਕੇ ਬੁਲਾਰਿਆਂ ਦਾ ਸੰਬੋਧਨ ਸੁਣਦੇ ਰਹੇ।
ਉਹਨਾਂ ਮੋਰਚੇ ਦੇ ਆਗੂਆਂ ਤੋਂ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ ਜਿਸ ਦੀ ਪ੍ਰਵਾਨਗੀ ਮਿਲਣ ’ਤੇ ਉਹਨਾਂ ਲੋਕਾਂ ਅਤੇ ਬੁਲਾਰਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਉਂਦੇ ਹਫਤੇ ਦੇ ਪਹਿਲੇ ਦਿਨ ਹੀ ਉਹ ਚੰਡੀਗੜ੍ਹ ਜਾਣਗੇ ਅਤੇ ਇਸ ਮਸਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਤ ਵਿਭਾਗ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫਰੀਦਕੋਟ ਦੇ ਲੋਕਾਂ ਦਾ ਪੱਖ ਰੱਖਣਗੇ। ਉਹਨਾਂ ਭਰੋਸਾ ਦਿੱਤਾ ਕਿ ਉਹ ਫਰੀਦਕੋਟ ਦੇ ਲੋਕਾਂ ਨਾਲ ਹਨ ਅਤੇ ਅਜਿਹਾ ਕੋਈ ਵੀ ਫੈਸਲਾ ਨਹੀਂ ਹੋਣ ਦੇਣਗੇ ਜਿਸ ਨਾਲ ਫਰੀਦਕੋਟ ਦੇ ਪੌਣ ਪਾਣੀ , ਵਾਤਾਵਰਣ ਅਤੇ ਲੋਕਾਂ ਦਾ ਨੁਕਸਾਨ ਹੋਵੇ ਬਸ਼ਰਤੇ ਕਿ ਉਹਨਾਂ ਨੂੰ ਸਰਕਾਰ ਨਾਲ ਗੱਲ ਕਰਨ ਦਾ ਸਮਾਂ ਮਿਲ ਜਾਵੇ।
ਜਲ ਜੀਵਨ ਬਚਾਓ ਮੋਰਚੇ ਵੱਲੋਂ ਉਹਨਾਂ ਦੇ ਜਵਾਬ ਵਿੱਚ ਇੱਕ ਹਫਤੇ ਦਾ ਸਮਾਂ ਦਿੰਦਿਆਂ ਸੰਘਰਸ ਨੂੰ ਹਫਤਾ ਅੱਗੇ ਪਾ ਦਿੱਤਾ ਗਿਆ ਅਤੇ ਹਫਤੇ ਦੇ ਅੰਦਰ ਅੰਦਰ ਸਰਕਾਰ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ।
ਸਰਕਾਰ ਨਾਲ ਗੱਲਬਾਤ ਕਰਨ ਲਈ ਤੱਥਾਂ ਤੋਂ ਜਾਣੂ ਹੋਣ ਵਾਸਤੇ ਵਿਧਾਇਕ ਵੱਲੋਂ ਜਲ ਜੀਵਨ ਬਚਾਓ ਮੋਰਚੇ ਦੀ ਕੋਰ ਕਮੇਟੀ ਨਾਲ ਵੱਖਰੇ ਤੌਰ ‘ ਤੇ ਮੀਟਿੰਗ ਵੀ ਕੀਤੀ ਗਈ , ਜਿਸ ਵਿੱਚ ਮੋਰਚੇ ਦੇ ਆਗੂਆਂ ਵੱਲੋਂ ਤੱਥਾਂ ਸਹਿਤ ਹੋਣ ਵਾਲੇ ਨੁਕਸਾਨ ਸਬੰਧੀ ਵਿਧਾਇਕ ਨੂੰ ਬਾਰੀਕੀ ਨਾਲ ਜਾਣੂੰ ਕਰਵਾਇਆ ਗਿਆ।
ਇਸ ਦੌਰਾਨ ਘਿਰਾਓ ਵਿੱਚ ਸਥਾਨਕ ਫਰੀਦਕੋਟ ਨਿਵਾਸੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ , ਕਿਰਤੀ ਕਿਸਾਨ ਯੂਨੀਅਨ , ਪੇਂਡੂ ਮਜਦੂਰ ਯੂਨੀਅਨ , ਪੰਜਾਬ ਸਟੂਡੈਂਟ ਯੂਨੀਅਨ , ਪੈਪਸੂ ਰੋਡ ਟਰਾਂਪੋਰਟ ਕਰਮਚਾਰੀ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਫਤਿਹ, ਭਾਰਤੀ ਕਿਸਾਨ ਯੂਨੀਅਨ ਬਹਿਰੂ, ਪੈਨਸ਼ਨਰਜ ਐਸੋਸੀਏਸ਼ਨ, ਆਲ ਇੰਡੀਆ ਸਟੂਡੈਂਟ ਫੈਡਰੇਸਨ, ਗਰਾਮ ਸਭਾ ਮਿਸਨ, ਪੰਜਾਬ ਸਟੇਟ ਮਨਿਸਟ੍ਰੀਅਲ ਯੂਨੀਅਨ, ਮਿਸਲ ਸਤਲੁਜ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪੇਂਡੂ ਮਜਦੂਰ ਯੂਨੀਅਨ, ਆਰਐੱਮਪੀ ਐਸੋਸੀਏਸ਼ਨ, ਸਿਹਤ ਵਿਭਾਗ ਕਲੈਰੀਕਲ ਯੂਨੀਅਨ, ਪੈਰਾਮੈਡੀਕਲ ਅਤੇ ਕਲਾਸ ਫੋਰ ਯੂਨੀਅਨ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ’ਚ ਸ਼ਾਮਲ ਹੋਏ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ