ਬੇਖੌਫ਼ ਹੋਏ ਲੁਟੇਰੇ, ਪਿਸਤੌਲ ਦਿਖਾ ਕੇ ਖੋਹੀ ਸਵਿਫ਼ਟ ਡਿਜਾਇਰ ਕਾਰ

Ludhiana News
(ਸੰਕੇਤਕ ਫੋਟੋ)।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਬਿਨਾਂ ਕਿਸੇ ਭੈਅ ਦੇ ਆਪਣੀ ਮਾੜੀ ਮਨਸਾ ਨੂੰ ਅੰਜਾਮ ਦੇ ਰਹੇ ਹਨ। ਜਿਸ ਕਾਰਨ ਲੋਕਾਂ ’ਚ ਪੁਲਿਸ ਦੀ ਕਾਰਗੁਜਾਰੀ ਪ੍ਰਤੀ ਰੋਸ ਹੈ। ਅਜਿਹਾ ਹੀ ਇੱਕ ਮਾਮਲਾ ਸਨਅੱਤੀ ਸ਼ਹਿਰ ਲੁਧਿਆਣਾ ਦੇ ਸਮਰਾਲਾ ਚੌਂਕ ’ਚ ਸਾਹਮਣੇ ਆਇਆ ਹੈ। ਜਿੱਥੇ ਪਿਸਤੌਲ ਨਾਲ ਗੋਲੀ ਮਾਰ ਦੇਣ ਦਾ ਡਰ ਪੈਦਾ ਕਰਕੇ ਇੱਕ ਬਦਮਾਸ ਨੇ ਡਿਜਾਇਰ ਕਾਰ ਖੋਹੀ ਤੇ ਫ਼ਰਾਰ ਹੋ ਗਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮਨਦੀਪ ਸਿੰਘ ਵਾਸੀ ਪਿੰਡ ਲਾਲਵਾ ਨੇ ਦੱਸਿਆ ਕਿ 5 ਅਕਤੂਬਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਗੱਡੀ ਨੰਬਰ ਪੀਬੀ 13 ਬੀ.ਐੱਮ. – 0197 ਮਾਰਕਾ ਸਵਿਫ਼ਟ ਡਿਜਾਇਰ ’ਚ ਸਵਾਰ ਹੋ ਕੇ ਵਾਪਸ ਪਿੰਡ ਵੱਲ ਨੂੰ ਪਰਤ ਰਿਹਾ ਸੀ ਪਰ ਰਾਤੀ ਤਕਰੀਬਨ ਸਾਢੇ ਕੁ 9 ਵਜੇ ਲੁਧਿਆਣਾ ਵਿਖੇ ਜਲੰਧਰ ਬਾਈਪਾਸ ਲਾਗੇ ਉਸ ਨੂੰ ਨੀਂਦ ਆਉਣ ਲੱਗੀ ਤੇ ਉਹ ਗੁਰਦੁਆਰਾ ਨਾਨਕਸਰ ਸਾਹਿਬ ਸਮਰਾਲਾ ਚੌਂਕ ਨਜ਼ਦੀਕ ਹੀ ਗੱਡੀ ਖੜੀ ਕਰਕੇ ਕੰਡਕਟਰ ਸਾਇਡ ਵਾਲੀ ਸੀਟ ’ਤੇ ਸੌ ਗਿਆ।

ਸਵੇਰੇ 4 ਕੁ ਵਜੇ ਇੱਕ ਮੋਨੇ ਵਿਅਕਤੀ ਨੇ ਉਸ ਦੀ ਗੱਡੀ ਦੀ ਤਾਕੀ ’ਤੇ ਹੱਥ ਮਾਰਿਆ ਅਤੇ ਪਿਸਤੌਲ ਦਿਖਾ ਕੇ ਲਾਕ ਖੁੱਲਵਾਇਆ ਤੇ ਗੱਡੀ ’ਚ ਬੈਠ ਗਿਆ। ਮਨਦੀਪ ਸਿੰਘ ਮੁਤਾਬਕ ਗੱਡੀ ’ਚ ਬੈਠਦਿਆਂ ਹੀ ਸਬੰਧਿਤ ਮੋਨੇ ਵਿਅਕਤੀ ਨੇ ਆਪਣੇ ਹੱਥ ’ਚ ਫੜਿਆ ਪਿਸਤੌਲ ਉਸ ’ਤੇ ਤਾਣਿਆ ਅਤੇ ਗੋਲੀ ਮਾਰ ਦੇਣ ਦੀ ਗੱਲ ਆਖਦਿਆਂ ਗੱਡੀ ਵਿੱਚੋਂ ਉੱਤਰ ਜਾਣ ਲਈ ਕਿਹਾ। ਜਿਉਂ ਹੀ ਉਹ ਗੱਡੀ ਵਿੱਚੋਂ ਉਤਰਿਆ ਤਾਂ ਬਦਮਾਸ ਗੱਡੀ ਲੈ ਕੇ ਰਫ਼ੂ ਚੱਕਰ ਹੋ ਗਿਆ।

ਇਹ ਵੀ ਪੜ੍ਹੋ : ICC World Cup 2023 : ਅੱਜ ਖੇਡੇ ਜਾਣਗੇ ਦੋ ਮੁਕਾਬਲੇ, ਪੜ੍ਹੋ ਖਾਸ ਗੱਲਾਂ

ਜਿਵੇਂ ਤਿਵੇਂ ਉਹ ਪੁਲਿਸ ਕੋਲ ਪਹੰੁਚਿਆ ਅਤੇ ਆਪਣੇ ਨਾਲ ਵਾਪਰੀ ਘਟਨਾਂ ਦੀ ਸੂਚਨਾ ਦਿੱਤੀ। ਮਾਮਲੇ ਦੇ ਤਫ਼ਤੀਸੀ ਅਫ਼ਸਰ ਪ੍ਰੇਮ ਚੰਦ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਲਾਲਵਾ (ਜ਼ਿਲਾ ਪਟਿਆਲਾ) ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕਰਕੇ ਤਫ਼ਤੀਸ ਆਰੰਭ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸ਼ਿਕਾਇਤ ਮੁਤਾਬਕ ਸਮਰਾਲਾ ਚੌਂਕ ’ਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖ਼ੰਗਾਲੀ ਜਾ ਰਹੀ ਹੈ।