ਬਠਿੰਡਾ ਜ਼ੇਲ ’ਚ ਗੈਂਗਸਟਰਾਂ ਦੇ ਦੋ ਗਰੁੱਪ ਆਪਸ ’ਚ ਭਿੜੇ

Bathinda Jail
  • ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸ਼ਾਰਪ ਸ਼ੂਟਰਾਂ ਦੀ ਮੱਦਦ ਵਾਲੇ ਸਾਰਜ਼ ਸੰਧੂ ਤੇ ਇੱਕ ਹੋਰ ਦੀ ਹੋਈ ਕੁੱਟਮਾਰ

(ਸੁਖਜੀਤ ਮਾਨ) ਬਠਿੰਡਾ l ਬਠਿੰਡਾ ਦੀ ਕੇਂਦਰੀ ਜ਼ੇਲ ’ਚ ਬੰਦ ਵੱਡੀ ਗਿਣਤੀ ਗੈਂਗਸਟਰ ਜ਼ੇਲ ਸੁਰੱਖਿਆ ਪ੍ਰਬੰਧਕਾਂ ਲਈ ਚੁਣੌਤੀ ਬਣੇ ਹੋਏ ਹਨ। ਬੀਤੇ ਦਿਨੀਂ ਦੋ ਗੈਂਗਸਟਰ ਗਰੁੱਪ ਜ਼ੇਲ ਅੰਦਰ ਆਪਸ ’ਚ ਭਿੜ ਪਏ। ਦੋ ਗੈਂਗਸਟਰਾਂ ਵੱਲੋਂ ਆਪਣੀ ਕੁੱਟਮਾਰ ਹੋਣ ਦੇ ਦੋਸ਼ ਲਗਾਏ ਗਏ ਹਨ। ਥਾਣਾ ਕੈਂਟ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰ ਲਿਆ ਹੈ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਰਪ ਸੂਟਰਾਂ ਨੂੰ ਉਸਦੀ ਕਾਰ ਤੱਕ ਪਹੁੰਚਾਉਣ ਵਿੱਚ ਮੱਦਦ ਕਰਨ ਦੇ ਮਾਮਲੇ ’ਚ ਮੁਲਜ਼ਮ ਮੰਨੇ ਜਾ ਰਹੇ ਗੈਂਗਸਟਰ ਸਾਰਜ ਮਿੰਟੂ ਉਰਫ ਸਾਰਜ ਸੰਧੂ ਤੇ ਸਾਗਰ ਨਾਲ 30 ਜੁਲਾਈ ਨੂੰ ਕੇਂਦਰੀ ਜੇਲ ਬਠਿੰਡਾ ’ਚ ਕੁੱਟਮਾਰ ਕੀਤੀ ਗਈ ਹੈ। ਕੇਂਦਰੀ ਜੇਲ ਬਠਿੰਡਾ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਥਾਣਾ ਕੈਂਟ ਪੁਲਿਸ ਕੋਲ ਦੱਸਿਆ ਕਿ ਜ਼ੇਲ ’ਚ ਬੰਦ ਕੈਦੀ ਗੈਂਗਸਟਰ ਜੋਗਿੰਦਰ ਸਿੰਘ ਪੁੱਤਰ ਲਾਲ ਸਿੰਘ ਤੇ ਕੈਦੀ ਗੈਂਗਸਟਰ ਪਲਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਨੇ ਕੇਂਦਰੀ ਜ਼ੇਲ ਬਠਿੰਡਾ ਅੰਦਰ ਕੈਦੀ ਸਾਗਰ ਅਤੇ ਸਾਰਜ ਸੰਧੂ ਦੀ ਕੁੱਟਮਾਰ ਕੀਤੀ ਹੈ।

ਪਤਾ ਲੱਗਿਆ ਹੈ ਕਿ ਕੁੱਝ ਦਿਨ ਪਹਿਲਾਂ ਵੀ ਦੋਵੇਂ ਗੈਂਗਸਟਰਾਂ ਦਾ ਸਾਰਜ ਮਿੰਟੂ ਉਰਫ ਸਾਰਜ ਸੰਧੂ ਤੇ ਸਾਗਰ ਨਾਲ ਝਗੜਾ ਹੋਇਆ ਸੀ। ਬੀਤੀ 30 ਜੁਲਾਈ ਨੂੰ ਜਦੋਂ ਜੇਲ ਅੰਦਰੋਂ ਬੰਦੀਆਂ ਨੂੰ ਕੱਢਿਆ ਗਿਆ ਤਾਂ ਚਾਰੇ ਗੈਂਗਸਟਰ ਆਹਮੋ-ਸਾਹਮਣੇ ਆ ਗਏ। ਇਸੇ ਦੌਰਾਨ ਸਾਰਜ ਮਿੰਟੂ ਉਰਫ ਸਾਰਜ ਸੰਧੂ ਤੇ ਸਾਗਰ ਦੀ ਕੁੱਟਮਾਰ ਕਰ ਦਿੱਤੀ।

ਲੜਾਈ ਦਾ ਪਤਾ ਲੱਗਣ ’ਤੇ ਜੇਲ ਅਧਿਕਾਰੀਆਂ ਨੇ ਚਾਰੇ ਗੈਂਗਸਟਰਾਂ ਨੂੰ ਵੱਖ-ਵੱਖ ਬੈਰਕਾਂ ’ਚ ਬੰਦ ਕਰ ਦਿੱਤਾ ਅਤੇ ਮਾਮਲੇ ਦੀ ਸੂਚਨਾ ਥਾਣਾ ਕੈਂਟ ਪੁਲਿਸ ਨੂੰ ਦਿੱਤੀ ਗਈ। ਥਾਣਾ ਕੈਂਟ ਪੁਲਿਸ ਨੇ ਕੇਂਦਰੀ ਜੇਲ ਬਠਿੰਡਾ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖਿਲਾਫ਼ ਧਾਰਾ 323, 34, ਸੈਕਸ਼ਨ 52 ਪ੍ਰੀਜ਼ਨ ਐਕਟ 1894 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਦੱਸਣਯੋਗ ਹੈ ਕਿ ਸਾਰਜ ਮਿੰਟੂ ਖਿਲਾਫ਼ ਵੀ ਪਿਛਲੇ ਦਿਨਾਂ ਦੌਰਾਨ ਜ਼ੇਲ ’ਚੋਂ ਸੋਸ਼ਲ ਮੀਡੀਆ ’ਤੇ ਫੋਟੋਆਂ ਅਪਲੋਡ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ਼ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ