ਕਰੰਟ ਲੱਗਣ ਨਾਲ ਦੋ ਦੀ ਮੌਤ

ਕਰੰਟ ਲੱਗਣ ਨਾਲ ਦੋ ਦੀ ਮੌਤ

ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲ੍ਹੇ ਦੇ ਪਿੰਡ ਨਾਈਵਾਲਾ ਤੇ ਠੁੱਲੀਵਾਲ ਵਿਖੇ ਇੱਕ ਮਜ਼ਦੂਰ ਤੇ ਇੱਕ ਕਿਸਾਨ ਦੀ ਕਰੰਟ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਥਾਣਾ ਠੁੱਲੀਵਾਲ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਠੁੱਲੀਵਾਲ ਵਾਸੀ ਕਿਸਾਨ ਕਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਬਰਸਾਤ ਦੇ ਮੌਸਮ ਦੌਰਾਨ ਹੀ ਆਪਣੇ ਖੇਤ ਵਿੱਚ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਸੀ। ਇਸ ਦੌਰਾਨ ਮੋਟਰ ਦੇ ਸਟਾਰਟਰ ‘ਚ ਅਚਾਨਕ ਆਏ ਕਰੰਟ ਨਾਲ ਉਸਨੂੰ ਜੋਰਦਾਰ ਝਟਕਾ ਲੱਗਿਆ। ਜਿਸ ਦਾ ਪਤਾ ਲਗਦਿਆਂ ਹੀ ਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਬਰਨਾਲਾ ਦੇ ਹਸਪਤਾਲ ਵਿੱਚ ਲਿਆਂਦਾ ਜਿੱਥੇ ਡਾਕਟਰਾਂ ਨੇ ਕਿਸਾਨ ਕਰਮਜੀਤ ਸਿੰਘ (40) ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਉਣ ਪਿੱਛੋਂ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

Death Family Members

ਦੂਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਨਾਈਵਾਲਾ ਵਾਸੀ ਮਜ਼ਦੂਰ ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਜੋ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਹੈ, ਪਿੰਡ ਦੇ ਹੀ ਇੱਕ ਕਿਸਾਨ ਦੇ ਖੇਤ ਵਿਚਲੇ ਕੋਠੇ ਦੀ ਛੱਤ ਤੋਂ ਮੀਂਹ ਦਾ ਪਾਣੀ ਕੱਢ ਰਿਹਾ ਸੀ। ਜਿੱਥੇ ਉਸਨੂੰ ਕੋਠੇ ਦੇ ਲਾਗੇ ਦੀ ਲੰਘਦੀ 11 ਹਜ਼ਾਰ ਵੋਲਟ ਵਾਲੀ ਬਿਜਲੀ ਦੀ ਲਾਇਨ ਦੇ ਸੰਪਰਕ ‘ਚ ਆਉਣ ਕਾਰਨ ਜ਼ੋਰਦਾਰ ਝਟਕਾ ਲੱਗਾ ਤੇ ਉਹ ਛੱਤ ਤੋਂ ਹੇਠਾਂ ਜਾ ਡਿੱਗਾ। ਹੇਠਾਂ ਡਿਗਦਿਆਂ ਹੀ ਗੁਰਮੁੱਖ ਸਿੰਘ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ  ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਪਿੱਛੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ