ਬਠਿੰਡਾ ਪੁਲਿਸ ਵੱਲੋਂ 4 ਕਿਲੋ ਹੈਰੋਇਨ ਸਮੇਤ ਦੋ ਕਾਬੂ

Heroin
ਬਠਿੰਡਾ: ਹੈਰੋਇਨ ਸਮੇਤ ਗਿ੍ਰਫਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ।

 ਬਾਰਡਰ ਏਰੀਏ ਤੋਂ ਲੈ ਕੇ ਆਏ ਸੀ ਹੈਰੋਇਨ ( Heroin)

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਤੇ ਸੀਆਈਏ ਸਟਾਫ-1 ਨੇ ਸਾਂਝੇ ਯਤਨਾਂ ਤਹਿਤ ਦੋ ਵਿਅਕਤੀਆਂ ਨੂੰ 4 ਕਿਲੋ ਹੈਰੋਇਨ ਸਮੇਤ ਕਰੇਟਾ ਗੱਡੀ ਗ੍ਰਿਫਤਾਰ ਕੀਤਾ ਹੈ। ( Heroin) ਇਸ ਗਿਰੋਹ ਦੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਬਾਕੀ ਹੈ ਜਦੋਂ ਕਿ ਮੁੱਖ ਸਰਗਨਾ ਫਿਰੋਜ਼ਪੁਰ ਜੇਲ੍ਹ ’ਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲਿਆਂਦਾ ਜਾਵੇਗਾ।

ਇਸ ਸਬੰਧੀ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਤੇ ਐੱਸਪੀ (ਡੀ) ਅਜੈ ਗਾਂਧੀ ਅਤੇ ਡੀਐੱਸਪੀ (ਡੀ) ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੀਆਈਏ ਸਟਾਫ-1 ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਪੂਹਲੀ ਕੋਲ ਸਰਹਿੰਦ ਨਹਿਰ ਦੇ ਪੁਲ ਤੋਂ ਗੁਰਜਿੰਦਰ ਸਿੰਘ ਉਰਫ ਸਾਹਬੀ ਅਤੇ ਸੰਦੀਪ ਸਿੰਘ ਉਰਫ ਫੌਜੀ ਨੂੰ ਚਿੱਟੇ ਰੰਗ ਦੀ ਕਰੇਟਾ ਗੱਡੀ (ਪੀ.ਬੀ 05 ਏ ਆਰ-2766) ਸਮੇਤ ਕਾਬੂ ਕਰਕੇ ਉਹਨਾਂ ਕੋਲੋਂ 04 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਵਾਈ। ਮੁਲਜ਼ਮਾਂ ਖਿਲਾਫ ਥਾਣਾ ਨਥਾਣਾ ਵਿਖੇ ਮੁਕੱਦਮਾ ਨੰਬਰ 116, ਅਧੀਨ ਧਾਰਾ 21ਸੀ/61/85 ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਅਣਪਛਾਤਿਆਂ ਵੱਲੋਂ ਛੁਰਾ ਮਾਰ ਕੇ ਫੈਕਟਰੀ ਮੁਲਾਜ਼ਮ ਦੀ ਹੱਤਿਆ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਗੁਰਜਿੰਦਰ ਸਿੰਘ ਉਰਫ ਸਾਹਬੀ ਅਤੇ ਸੰਦੀਪ ਸਿੰਘ ਦੋਵੇਂ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਕੁਲਬੀਰ ਸਿੰਘ ਵਾਸੀ ਪੁਰਾਣੀ ਸੁੰਦਰ ਨਗਰ ਵਾਲੀ ਗਲੀ ਨੰਬਰ 6/7 ਅਖੀਰਲਾ ਚੌਂਕ ਅਬੋਹਰ ਨਾਲ ਤਾਲ-ਮੇਲ ਕਰਕੇ ਬਾਰਡਰ ਏਰੀਆ ਵਿੱਚੋਂ ਹੈਰੋਇਨ ਲੈ ਕੇ ਆਏ ਸਨ। ਐੱਸਐੱਸਪੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਰੀ ਅਤੇ ਗੁਰਜਿੰਦਰ ਸਿੰਘ ਉਰਫ ਸਾਹਬੀ ਆਪਸ ਵਿੱਚ ਰਿਸ਼ਤੇਦਾਰ ਹਨ। ਹਰਪ੍ਰੀਤ ਸਿੰਘ ਉਰਫ ਹੈਰੀ ਇਸ ਵਕਤ ਫਿਰੋਜ਼ਪੁਰ ਜ਼ੇਲ੍ਹ ਵਿੱਚ ਬੰਦ ਹੈ ਜਿਸ ਖਿਲਾਫ ਨਸ਼ਾ ਤਸਕਰੀ ਦੇ ਕਾਫੀ ਮੁਕੱਦਮੇ ਦਰਜ ਹਨ, ਜਿਸ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ ਗਿੱਛ ਕੀਤੀ ਜਾਵੇਗੀ।

ਹੁਣ ਤੱਕ ਦੀ ਪੜਤਾਲ ਮਗਰੋਂ ਇਸ ਮਾਮਲੇ ਵਿੱਚ ਸੰਈਅਮ ਅਨੇਜਾ ਪੁੱਤਰ ਕਿ੍ਰਸ਼ਨ ਲਾਲ ਵਾਸੀ ਅਬੋਹਰ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਕੁਲਬੀਰ ਸਿੰਘ ਵਾਸੀ ਅਬੋਹਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਮੁਕੱਦਮੇ ’ਚ ਧਾਰਾ 25/29ਐਨ ਡੀ ਪੀ ਐਸ ਐਕਟ ਦਾ ਵਾਧਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਪੁਲਿਸ ਲਈ ਚੁਣੌਤੀ ਹੈ ਜ਼ੇਲ੍ਹਾਂ ’ਚੋਂ ਚੱਲਦਾ ਨਸ਼ੇ ਦਾ ਧੰਦਾ

ਹੈਰੋਇਨ ਸਮੇਤ ਗ੍ਰ੍ਰਿਫਤਾਰ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਹੈਰੋਇਨ ਮੁਹੱਈਆ ਕਰਵਾਉਣ ਵਾਲੇ ਹਰਪ੍ਰੀਤ ਸਿੰਘ ਉਰਫ ਹੈਰੀ ਨਸ਼ਿਆਂ ਦੇ ਕਈ ਮਾਮਲਿਆਂ ਕਾਰਨ ਜ਼ੇਲ੍ਹ ’ਚ ਬੰਦ ਹੈ। ਇਸ ਦੇ ਬਾਵਜੂਦ ਉਸ ਵੱਲੋਂ ਜ਼ੇਲ੍ਹ ’ਚੋਂ ਹੀ ਨਸ਼ਿਆਂ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਅਨੇਕਾਂ ਅਜਿਹੇ ਮਾਮਲੇ ਆਏ ਹਨ ਜਿਨ੍ਹਾਂ ’ਚ ਨਸ਼ਾ ਸਪਲਾਈ ਦੇ ਮੁੱਖ ਸਰਗਨੇ ਜ਼ੇਲ੍ਹਾਂ ’ਚ ਹਨ ਪਰ ਬਾਹਰ ਨਸ਼ਾ ਸਪਲਾਈ ਦਾ ਧੰਦਾ ਉਹਨਾਂ ਦੇ ਇਸ਼ਾਰਿਆਂ ’ਤੇ ਚੱਲ ਰਿਹਾ ਹੈ। ਜ਼ੇਲ੍ਹਾਂ ’ਚੋਂ ਚੱਲਦਾ ਨਸ਼ੇ ਦਾ ਇਹ ਧੰਦਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ।