ਟਰੰਪ ਦਾ ਅੜੀਅਲ ਰਵੱਈਆ

Trump, Stern, Attitude

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਝਟਕੇ ਨਾਲ ਆਪਣੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੀ ਛੁੱਟੀ ਕੀਤੀ ਹੈ ਉਹ ਨਾ ਸਿਰਫ਼ ਹੈਰਾਨੀਜਨਕ ਹੈ ਸਗੋਂ ਟਰੰਪ ਦੇ ਅੜੀਅਲ ਤੇ ਮਨਮਰਜ਼ੀ ਵਾਲੇ ਰਵੱਈਏ ਨੂੰ ਹੀ ਉਜਾਗਰ ਕਰਦਾ ਹੈ ਟਿਲਰਸਨ ਨੂੰ ਉਸ ਵੇਲੇ ਬਦਲਿਆ ਗਿਆ ਜਦੋਂ ਉਹ ਅਫ਼ਰੀਕਾ ਦੇ ਦੌਰੇ ‘ਤੇ ਸਨ ਤੇ ਹਟਾਉਣ ਸਬੰਧੀ ਫੈਸਲੇ ਕਾਰਨ ਉਹਨਾਂ ਨੂੰ ਵਾਪਸ ਮੁੜਨਾ ਪਿਆ ਹੈ ਟਰੰਪ ਨੇ ਆਪਣੇ ਟਵੀਟ ‘ਚ ਸਾਫ਼ ਲਿਖਿਆ ਹੈ ਕਿ ਇਹ ਫੈਸਲਾ ਉਹਨਾਂ ਦਾ ਆਪਣਾ ਹੈ ਕਈ ਮਾਮਲਿਆਂ ‘ਚ ਉਹਨਾਂ ਦੋਵਾਂ ‘ਚ ਸਹਿਮਤੀ ਨਹੀਂ ਹੈ।

ਇੱਕ ਵਿਦੇਸ਼ ਮੰਤਰੀ ਨੂੰ ਉਸ ਦੇ ਦੌਰੇ ਵਿਚਕਾਰੋਂ ਹਟਾਉਣ ਦੇ ਫੈਸਲੇ ‘ਚ ਜਲਦਬਾਜ਼ੀ ਤੇ ਜ਼ਰੂਰਤ ਤੋਂ ਵੱਧ ਜੋਸ਼ ਦਾ ਹੀ ਨਤੀਜਾ ਹੇ ਟਰੰਪ ਇਰਾਨ ਤੇ ਉੱਤਰੀ ਕੋਰੀਆ ਸਬੰਧੀ ਨੀਤੀ ‘ਚ ਟਿਲਰਸਨ ਨਾਲ ਸਹਿਮਤ ਨਹੀਂ ਸਨ ਟਰੰਪ ਦਾ ਉਕਤ ਦੇਸ਼ਾਂ ਪ੍ਰਤੀ ਰਵੱਈਆ ਸਖ਼ਤੀ ਵਾਲਾ ਰਿਹਾ ਹੈ ਤੇ ਜੰਗ ਦੀਆਂ ਧਮਕੀਆਂ ਤੱਕ ਵੀ ਦਿੱਤੀਆਂ ਗਈਆਂ ਉਨ੍ਹਾਂ ਦੇ ਵਿਚਾਰਾਂ ਨਾਲ ਪੇਂਟਾਗਨ ਅਧਿਕਾਰੀ ਵੀ ਸਹਿਮਤ ਨਹੀਂ ਇੱਕ ਸੀਨੀਅਰ ਅਧਿਕਾਰੀ ਨੇ ਇਰਾਨ ਨਾਲ ਪਰਮਾਣੂ ਸਮਝੌਤੇ ਨੂੰ ਅਮਰੀਕਾ ਲਈ ਫਾਇਦੇਮੰਦ ਦੱਸਿਆ ਹੈ ਪਰ ਟਰੰਪ ਇਸ ਸਮਝੌਤੇ ਨੂੰ ਤੋੜਨ ਲਈ ਅੜੇ ਹੋਏ ਹਨ।

ਦੂਜੇ ਪਾਸੇ ਇਰਾਨ ਅਮਰੀਕਾ ਸਾਹਮਣੇ ਕਿਸੇ ਵੀ ਤਰ੍ਹਾਂ ਝੁਕਣ ਲਈ ਤਿਆਰ ਨਹੀਂ ਟਰੰਪ ਦੀ ਸਖਤੀ ਤੇ ਜੋਸ਼ੀਲੇ ਭਾਸ਼ਣਾਂ ਨੂੰ ਇਰਾਨ ਮੁਸਲਮਾਨ ਵਿਰੋਧੀ ਕਰਾਰ ਦੇ ਕੇ ਮੁਸਲਿਮ ਦੇਸ਼ਾਂ ਨੂੰ ਅਮਰੀਕਾ ਦੇ ਖਿਲਾਫ਼ ਇਕੱਠਾ ਹੋਣ ਦਾ ਸੱਦਾ ਦੇ ਰਿਹਾ ਹੈ ਅਜਿਹੇ ਹਾਲਾਤਾਂ ‘ਚ ਤੀਜੀ ਸੰਸਾਰ ਜੰਗ ਦਾ ਖ਼ਤਰਾ ਬਣਦਾ ਜਾ ਰਿਹਾ ਹੈ, ਜੋ ਪਹਿਲੀਆਂ ਦੋ ਜੰਗਾਂ ਤੋਂ ਵੱਖਰੀ ਹੋ ਸਕਦੀ ਹੈ ਤੀਜੀ ਜੰਗ ‘ਚ ਦੇਸ਼ਾਂ ਦੇ ਨਾਲ-ਨਾਲ ਧਰਮਾਂ ਦੇ ਨਾਂਅ ‘ਤੇ ਟਕਰਾਓ ਹੋਰ ਵੀ ਖਤਰਨਾਕ ਹੋ ਸਕਦਾ ਹੈ ਅਜਿਹੇ ਸਮੇਂ ‘ਚ ਜੋਸ਼ ਨਹੀਂ ਸਗੋਂ ਹੋਸ਼ ਅਤੇ ਸੰਜਮ ਦੀ ਜਰੂਰਤ ਹੈ ਟਰੰਪ ਜੋਸ਼ੀਲੇ ਤੇ ਸਖਤ ਸ਼ਬਦਾਂ ਦੀ ਵਰਤੋਂ ਕਰਨ ‘ਚ ਮਸ਼ਹੂਰ ਰਹੇ ਹਨ ਇਸ ਲਈ ਉਹਨਾਂ ਨੂੰ ਸੰਜਮ ਤੇ ਨਰਮੀ ਵਾਲੇ ਆਗੂ ਪਸੰਦ ਨਹੀਂ ਹਨ।

ਇਸ ਮਾਮਲੇ ‘ਚ ਟਰੰਪ ਨੂੰ ਜੰਗ ਦੀ ਭਿਆਨਕਤਾ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਅਮਰੀਕਾ ਆਪਣੇ ਹਿੱਤਾਂ ਖਾਤਰ ਦੂਜੇ ਦੇਸ਼ ਅੰਦਰ ਦਖ਼ਲ ਦੇਣ ਤੇ ਉਹਨਾਂ ਨੂੰ ਜੰਗ ਦੀ ਅੱਗ ‘ਚ ਝੋਕਣ ਤੋਂ ਗੁਰੇਜ਼ ਕਰੇ ਭਾਵੇਂ ਟਿਲਰਸਨ ਦੇ ਅਸਤੀਫ਼ੇ ਪਿੱਛੇ ਟਰੰਪ ਦੇ ਸਾਰੇ ਇਰਾਦੇ ਜਾਹਿਰ ਨਹੀਂ ਹੋਏ ਪਰ ਇਹ ਗੱਲ ਜ਼ਰੂਰ ਸਪੱਸ਼ਟ ਹੈ ਕਿ ਟਰੰਪ ਇਰਾਨ ਜਾਂ ਕੋਰਿਆਈ ਦੇਸ਼ਾਂ ਸਬੰਧੀ ਆਪਣੇ ਐਲਾਨਾਂ ਤੋਂ ਪਿੱਛੇ ਹਟਣ ਵਾਲੇ ਨਹੀਂ ਅਮਰੀਕੀ ਪ੍ਰਸ਼ਾਸਨ ‘ਚ ਵੱਡੀ ਤਬਦੀਲੀ ਇਰਾਨ ਸਮੇਤ ਕੋਰਿਆਈ ਦੇਸ਼ਾਂ ਲਈ ਬੜੀ ਅਹਿਮ ਹੈ।