ਤ੍ਰਿਪਤ ਬਾਜਵਾ ਅੱਜ ਕਰਵਾਉਣਗੇ ਡੋਪ ਟੈਸਟ, ਵਿਰੋਧੀਆਂ ਨੂੰ ਡੋਪ ਕਰਵਾਉਣ ਦੀ ਚੁਣੌਤੀ

Tript Bajwa

ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਐਲਾਨ

  • ਪੁਲਿਸ ਅਧਿਕਾਰੀ ਹੀ ਨਹੀਂ, ਵਿਧਾਇਕ ਅਤੇ ਮੰਤਰੀਆਂ ਦੇ ਵੀ ਹੋਣ ਡੋਪ ਟੈਸਟ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅੱਜ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਆਪਣਾ ਡੋਪ ਟੈਸਟ ਕਰਵਾਉਣ ਲਈ ਜਾ ਰਹੇ ਹਨ। ਇਸ ਦੇ ਨਾਲ ਹੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਵਿਰੋਧੀ ਪਾਰਟੀ ਦੇ ਲੀਡਰਾਂ ਤੇ ਵਿਧਾਇਕਾਂ ਨੂੰ ਵੀ ਚੁਣੌਤੀ ਦੇ ਦਿੱਤੀ ਹੈ ਕਿ ਉਹ ਵੀ ਡੋਪ ਟੈਸਟ ਕਰਵਾਉਣ ਅਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਕੇ ਆਉਣ ਕਿ ਕਿਹੜਾ ਲੀਡਰ ਨਸ਼ਾ ਕਰਦਾ ਹੈ ਅਤੇ ਕਿਹੜਾ ਨਹੀਂ ਕਰਦਾ।  ਤ੍ਰਿਪਤ ਰਾਜਿੰਦਰ ਬਾਜਵਾ ਅੱਜ ਮੁਹਾਲੀ ਵਿਖੇ ਡੋਪ ਟੈਸਟ ਕਰਵਾਉਣ ਤੋਂ ਬਾਅਦ ਆਪਣੀ ਰਿਪੋਰਟ ਨੂੰ ਵੀ ਜਨਤਕ ਕਰਨਗੇ ਤਾਂ ਕਿ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਮਿਲ ਸਕੇ। (Dope Test)

ਜਿਕਰਯੋਗ ਹੈ ਕਿ ਬੀਤੇ ਦਿਨ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ, ਕਿਉਂਕਿ ਪੁਲਿਸ ਅਧਿਕਾਰੀਆਂ ‘ਤੇ ਹੀ ਨਸ਼ਾ ਕਰਨ ਅਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਹਨ। ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਡੋਪ ਟੈਸਟ ਕਰਵਾਉਣ ਦਾ ਬਿਆਨ ਦੇਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਹੀ ਇਹ ਸੁਆਲ ਕੀਤਾ ਸੀ ਕਿ ਅਧਿਕਾਰੀ ਤਾਂ ਡੋਪ ਟੈਸਟ ਕਰਵਾ ਲੈਣਗੇ ਪਰ ਕੀ ਸਿਆਸੀ ਲੀਡਰ ਜਾਂ ਫਿਰ ਵਿਧਾਇਕਾਂ ਸਣੇ ਮੰਤਰੀ ਵੀ ਆਪਣਾ ਡੋਪ ਟੈਸਟ ਕਰਵਾਉਣਗੇ। (Dope Test)

ਪੁਲਿਸ ਅਧਿਕਾਰੀਆਂ ਵੱਲੋਂ ਚੁੱਕੇ ਗਏ ਇਸ ਤਰ੍ਹਾਂ ਦੇ ਸੁਆਲ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਖ਼ੁਦ ਐਲਾਨ ਕਰ ਦਿੱਤਾ ਹੈ ਕਿ ਉਹ ਖ਼ੁਦ ਆਪਣਾ ਡੋਪ ਟੈਸਟ ਕਰਵਾਉਂਦੇ ਹੋਏ ਜਨਤਕ ਕਰਨਗੇ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਪੁਲਿਸ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਲਈ ਗੱਲ ਕਹੀ ਸੀ ਅਤੇ ਹੁਣ ਖ਼ੁਦ ਹੀ ਆਪਣਾ ਡੋਪ ਟੈਸਟ ਕਰਵਾਉਣ ਦੇ ਨਾਲ ਹੀ ਆਪਣੇ ਕੈਬਨਿਟ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਨੂੰ ਕਹਿਣਾ ਚਾਹੁੰਦੇ ਹਨ ਹਰ ਕੋਈ ਆਪਣਾ ਡੋਪ ਟੈਸਟ ਕਰਵਾਏ ਅਤੇ ਆਪਣੀ ਰਿਪੋਰਟ ਨੂੰ ਜਨਤਕ ਕਰੇ। (Dope Test)

ਡਾਕਟਰ ਸਾਹਿਬ ਤਿਆਰ ਰਹੋ ਆ ਰਿਹਾ ਹਾਂ ਡੋਪ ਟੈਸਟ ਕਰਵਾਉਣ | Dope Test

ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਕੱਤਰੇਤ ਵਿਖੇ ਆਪਣੇ ਦਫ਼ਤਰ ਤੋਂ ਹੀ ਡਾਕਟਰ ਨੂੰ ਫੋਨ ਕਰਦੇ ਹੋਏ ਕਿਹਾ ਕਿ ਉਹ ਆਪਣਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਨ, ਇਹ ਸੁਣ ਕੇ ਡਾਕਟਰ ਵੀ ਹੈਰਾਨ ਰਹਿ ਗਏ ਕਿ ਆਖ਼ਰਕਾਰ ਮੰਤਰੀ ਸਾਹਿਬ ਕਹਿ ਕੀ ਰਹੇ ਹਨ ਇਸ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਮਜ਼ਾਕ ਨਹੀਂ ਕਰ ਰਹੇ, ਸਗੋਂ ਡੋਪ ਟੈਸਟ ਕਰਵਾਉਣ ਲਈ ਪੂਰੀ ਤਰ੍ਹਾਂ ਸੀਰੀਅਸ ਹਨ। ਤ੍ਰਿਪਤ ਰਾਜਿੰਦਰ ਬਾਜਵਾ ਵੀਰਵਾਰ ਨੂੰ ਸਵੇਰੇ ਆਪਣਾ ਡੋਪ ਟੈਸਟ ਕਰਵਾਉਣ ਲਈ ਮੁਹਾਲੀ ਜਾਣਗੇ।