ਫੀਨੋ ਬੈਂਕ ‘ਚ ਖੁੱਲ੍ਹੇ 200 ਫਰਜ਼ੀ ਖਾਤਿਆਂ ਰਾਹੀਂ 5 ਕਰੋੜ ਤੋਂ ਵੱਧ ਦਾ ਲੈਣ-ਦੇਣ

More Than 5 Crore Transactions, Through 200 Fraudulent, Accounts Opened, Fino Bank

ਮਾਮਲਾ ਪਰਨੀਤ ਕੌਰ ਨਾਲ ਹੋਈ 23 ਲੱਖ ਰੁਪਏ ਦੀ ਠੱਗੀ ਦਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਵੱਲੋਂ ਅੱਗੇ ਫਰੋਲੀਆਂ ਹੋਰ ਪਰਤਾਂ ਤੋਂ ਜਾਅਲੀ ਬੈਂਕ ਖਾਤਿਆਂ ਰਾਹੀਂ ਇੱਕ ਮਹੀਨੇ ਦੇ ਅੰਦਰ ਹੀ ਕਰੋੜਾਂ ਰੁਪਏ ਲੈਣ-ਦੇਣ ਦੇ ਮਾਮਲੇ ਉਜਾਗਰ ਕੀਤੇ ਹਨ। ਇਸ ਮਾਮਲੇ ਵਿੱਚ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੀ ਮੰਡੀ ਗੋਬਿੰਦਗੜ੍ਹ ਬਰਾਂਚ ਦੇ ਮੈਨੇਜਰ ਅਸ਼ੀਸ਼ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤ ‘ਚ ਲਿਆ ਹੈ। ਪਿਛਲੇ ਇੱਕ ਮਹੀਨੇ ‘ਚ ਕਰੀਬ 200 ਤੋਂ ਵੱਧ ਜਾਅਲੀ ਬੈਂਕ ਖਾਤਿਆਂ ‘ਚ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮ੍ਹਾ ਕਰਵਾਏ ਗਏ ਹਨ ਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਈਬਰ ਡਕੈਤੀ ਦੇ ਇਸ ਮਾਮਲੇ ਦੀ ਤਫਤੀਸ਼ ਲਈ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਦੀ ਟੀਮ ਦਾ ਗਠਨ ਕੀਤਾ ਗਿਆ ਸੀ। (Patiala News)

ਜਿਨ੍ਹਾਂ ਵੱਲੋਂ ਤਫਤੀਸ਼ ਦੌਰਾਨ ਵੱਖ-ਵੱਖ ਪਹਿਲੂਆਂ ਤੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਾਇਆ ਗਿਆ ਕਿ ਕਥਿਤ ਦੋਸ਼ੀ ਅਫਸਰ ਅਲੀ ਜੋ ਕਿ ਦਸਵੀਂ ਪਾਸ ਹੈ ਤੇ ਪਹਿਲਾਂ ਅਧਾਰ ਕਾਰਡ ਬਣਾਉਣ ਦਾ ਕੰਮ ਕਰਦਾ ਸੀ ਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਦਾ ਡਿਸਟੀਬਿਊਟਰ/ਮਰਚੈਂਟ ਦਾ ਕੰਮ ਕਰਦਾ ਸੀ, ਨੂੰ ਫੀਨੋ ਪੇਮੈਂਟਸ ਬੈਂਕ ਲਿਮਟਿਡ ਵੱਲੋਂ ਸਪੈਸ਼ਲ ਮਰਚੈਂਟ ਦਾ ਸ਼ਨਾਖਤੀ ਕਾਰਡ ਵੀ ਦਿੱਤਾ ਗਿਆ ਸੀ, ਜਿਸ ਤੋਂ ਇਹ ਫੀਨੋ ਬੈਂਕ ਵਿੱਚ ਖਾਤੇ ਖੋਲ੍ਹਦਾ ਸੀ।

ਇਹ ਵੀ ਪੜ੍ਹੋ : ਈਪੀਐੱਫ਼ਓ ਗਾਹਕਾਂ ਲਈ ਖੁਸ਼ਖਬਰੀ : ਜਾਣੋ ਖਾਤਿਆਂ ਵਿੱਚ ਕਦੋਂ ਆਵੇਗਾ ਵਿਆਜ ਦਾ ਪੈਸਾ?

ਉਨ੍ਹਾਂ ਦੱਸਿਆ ਕਿ ਇਹ ਖਾਤੇ ਅਫਸਰ ਅਲੀ ਨੇ ਬੜੀ ਹੀ ਚੁਸਤ ਚਲਾਕੀ ਨਾਲ ਭੋਲੇ ਭਾਲੇ ਲੋਕਾਂ ਤੋਂ ਉਨ੍ਹਾਂ ਦੀ ਜਾਣਕਾਰੀ ਤੋ ਬਿਨ੍ਹਾਂ ਖੋਲ੍ਹੇ ਸਨ ਜਦੋਂ ਕੋਈ ਆਮ ਆਦਮੀ ਇਸ ਪਾਸ ਆਪਣੇ ਗੁੰਮ ਹੋਏ ਅਧਾਰ ਕਾਰਡ ਦੀ ਕਾਪੀ ਕਢਵਾਉਣ ਲਈ ਆਉਂਦਾ ਸੀ ਤਾਂ ਇਹ ਉਸ ਵਿਅਕਤੀ ਦਾ ਅਧਾਰ ਕਾਰਡ ਦਾ ਨੰਬਰ ਲੈਕੇ ਤੇ ਬਾਇਓਮੈਟਰਿਕ ਪ੍ਰਣਾਲੀ ਰਾਹੀਂ ਉਸ ਦਾ ਅੰਗੂਠਾ ਲੈਕੇ ਅਧਾਰ ਕਾਰਡ ਪ੍ਰਿੰਟ ਕਰਦਾ ਸੀ ਤੇ ਨਾਲ ਹੀ ਉਸ ਵਿਅਕਤੀ ਦਾ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿੱਚ ਖਾਤਾ ਖੋਲ੍ਹ ਦਿੰਦਾ ਸੀ ਤੇ ਉਸ ਖਾਤੇ ‘ਚ ਆਪਣਾ ਫਰਜ਼ੀ ਨੰਬਰ ਰਜਿਸਟਰਡ ਕਰ ਦਿੰਦਾ ਸੀ ਤੇ ਖਾਤਾ ਖੋਲ੍ਹਣ ਸਮੇਂ ਲੋੜੀਂਦੀ ਰਕਮ ਆਪਣੇ ਕੋਲੋਂ ਪਾ ਦਿੰਦਾ ਸੀ। (Patiala News)

ਉਨ੍ਹਾਂ ਦੱਸਿਆ ਕਿ ਇਹ ਸਾਰੇ ਖਾਤੇ ਜ਼ਿਆਦਾਤਰ ਮੰਡੀ ਗੋਬਿਦਗੜ੍ਹ ਤੇ ਲੁਧਿਆਣਾ ‘ਚ ਖੋਲ੍ਹੇ ਗਏ ਹਨ, ਕਿਉਂਕਿ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿੱਚ ਜ਼ਿਆਦਾਤਰ ਇੰਡਸਟਰੀ ਹੈ, ਜਿੱਥੇ ਬਾਹਰਲੇ ਰਾਜਾਂ ਤੋਂ ਕਾਫੀ ਵਿਅਕਤੀ ਲੇਬਰ ਦੇ ਤੌਰ ‘ਤੇ ਕੰਮ ਕਰਦੇ ਹਨ। ਇਸ ਗਿਰੋਹ ਦੇ ਦੋਸ਼ੀ ਅਫਸਰ ਅਲੀ, ਅਤਾਉਲ ਅੰਸਾਰੀ, ਫੀਨੋ ਬੈਂਕ ਦਾ ਮੈਨੇਜਰ ਅਸ਼ੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿੱਚ ਬਤੌਰ ਮੈਨੇਜਰ ਨਵੰਬਰ 2018 ਵਿੱਚ ਮੰਡੀ ਗੋਬਿੰਦਗੜ੍ਹ ‘ਚ ਜੁਆਇਨ ਕੀਤਾ ਸੀ। (Patiala News)

ਜਿਸ ਦੀ ਜਾਣ ਪਹਿਚਾਣ ਦੋਸ਼ੀ ਅਫਸਰ ਅਲੀ ਨਾਲ ਹੋਈ ਸੀ, ਜਿਸ ‘ਤੇ ਇਨ੍ਹਾਂ ਨੇ ਆਪਸ ‘ਚ ਮਿਲਕੇ ਆਮ ਪਬਲਿਕ ਦੇ ਫਰਜ਼ੀ ਬੈਂਕ ਖਾਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ।ਐੱਸਐੱਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਹੁਣ ਤੱਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਂਕ ਖਾਤੇ ਫਰੀਜ ਕੀਤੇ ਗਏ ਹਨ, ਜਿਸ ਵਿੱਚ ਕਰੀਬ 200 ਤੋਂ ਵੱਧ ਬੈਂਕ ਖਾਤਿਆਂ ਵਿੱਚ ਇਸ ਗਿਰੋਹ ਨੇ ਲੋਕਾਂ ਨਾਲ ਮਾਰੀਆਂ ਹੋਈਆਂ ਠੱਗੀਆਂ ਦੇ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮ੍ਹਾ ਕਰਵਾਏ ਹਨ ਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਤੇ ਇਨ੍ਹਾਂ ਬੈਂਕ ਖਾਤਿਆਂ ‘ਚ ਜਮ੍ਹਾ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਫਰੀਜ ਕੀਤਾ ਗਿਆ ਹੈ।

ਇਹ ਸਮਾਨ ਹੋਇਆ ਬਰਾਮਦ | Patiala News

ਤਫਤੀਸ਼ ਦੌਰਾਨ ਇਨ੍ਹਾਂ ਪਾਸੋਂ 33 ਅਧਾਰ ਕਾਰਡ, 7 ਏਟੀਐੱਮ ਕਾਰਡ ਤੇ 76 ਹੋਰ ਮੋਬਾਇਲ ਸਿਮ ਬਰਾਮਦ ਹੋਏ ਹਨ। ਇੱਕ ਅਧਾਰ ਕਾਰਡ ਵਾਲੀ ਮੰਤਰੋਂ ਮਸ਼ੀਨ ਵੀ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਪਾਸੋਂ 693 ਮੋਬਾਇਲ, 19 ਮੋਬਾਇਲ ਫੋਨ, ਇੱਕ ਕਰੇਟ ਕਾਰ, ਬੁਲਟ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ।