ਟੌਹੜਾ ਪਰਿਵਾਰ ਨੇ ਮੁੜ ਫੜਿਆ ਅਕਾਲੀ ਦਲ ਦਾ ਪੱਲਾ

Tohra, Reclaim, Akali Dal

ਸਰਨਜੀਤ ਜੋਗੀਪੁਰ ਵੀ ਹੋਏ ਅਕਾਲੀ ਦਲ ‘ਚ ਸ਼ਾਮਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਟੌਹੜਾ ਪਰਿਵਾਰ ਅੱਜ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਟੌਹੜਾ ਪਰਿਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਉਨ੍ਹਾਂ ਦੇ ਘਰ ਪੁੱਜੇ। ਇਸ ਮੌਕੇ ਬਾਦਲ ਨੇ ਸਾਬਕਾ ਮੰਤਰੀ ਹਰਮੇਲ ਟੌਹੜਾ, ਉਨ੍ਹਾਂ ਦੀ ਪਤਨੀ ਸ੍ਰੋਮਣੀ ਕਮੇਟੀ ਮੈਂਬਰ ਕੁਲਦੀਪ ਕੌਰ ਟੌਹੜਾ, ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਅਕਾਲੀ ਦਲ ਨੂੰ ਖੜ੍ਹਾ ਕਰਨ ਵਾਲੇ ਗੁਰਚਰਨ ਸਿੰਘ ਟੌਹੜਾ ਤੇ ਉਹਨਾਂ ਦੇ ਪਿਤਾ ਪਰਕਾਸ ਸਿੰਘ ਬਾਦਲ ਨੇ ਇਸ ਪਾਰਟੀ ਲਈ ਸਭ ਤੋਂ ਵੱਧ ਕੰਮ ਕੀਤਾ ਹੈ। ਅੱਜ ਟੌਹੜਾ ਪਰਿਵਾਰ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਇੱਕ ਪਰਿਵਾਰ ਬਣ ਕੇ ਕੰਮ ਕਰਨਗੇ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਵਿਖੇ ਕਾਂਗਰਸ ਪਿਛੋਕੜ ਵਾਲੇ ਆਗੂ ਸਰਨਜੀਤ ਸਿੰਘ ਜੋਗੀਪੁਰ ਸਮੇਤ ਹੋਰਨਾਂ ਨੂੰ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਵੱਲੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਬਾਦਲ ਨੇ ਕਿਹਾ ਕਿ  ਪਟਿਆਲਾ ਵਿੱਚ ਅਕਾਲੀ ਦਲ ਦਾ ਮੁਕਾਬਲਾ ਡਾ. ਧਰਮਵੀਰ ਗਾਂਧੀ ਨਾਲ ਹੈ ਅਤੇ ਪਰਨੀਤ ਕੌਰ ਤਾਂ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਰਾਜਿਆ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਕਿਉਂਕਿ ਜਿਹੜਾ ਮੁੱਖ ਮੰਤਰੀ ਆਪਣੇ ਜ਼ਿਲ੍ਹੇ ਦੇ ਲੋਕਾਂ ‘ਚ ਨਹੀਂ ਆਉਂਦਾ, ਉਸ ਨੇ ਪੰਜਾਬ ‘ਚ ਦੋ ਸਾਲਾਂ ਵਿੱਚ ਕੀ ਕੀਤਾ ਹੈ। ਅਕਾਲੀ ਦਲ ਦਾ ਕਾਂਗਰਸ ਨਾਲ ਸਮਝੌਤੇ ਵਾਲੇ ਸੁਆਲ ‘ਤੇ ਬਾਦਲ ਨੇ ਕਿਹਾ ਕਿ ‘ਮੇਰਾ ਸਿਰ ਤਾਂ ਜਾ ਸਕਦਾ ਹੈ, ਪਰ ਕਾਂਗਰਸ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ।’ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸੁਖਪਾਲ ਖਹਿਰਾ ਤੇ ਆਪ ਵਾਲੇ ਕਹਿ ਰਹੇ ਹਨ ਕਿਉਂਕਿ ਇਨ੍ਹਾਂ ਦੀਆਂ ਜ਼ਮਾਨਤਾਂ ਜਬਤ ਹੋ ਰਹੀਆਂ ਹਨ, ਜਿਸ ਕਾਰਨ ਇਹ ਲੋਕਾਂ ਵਿੱਚ ਅਜਿਹੇ ਸਗੂਫੇ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਵਾਲੇ ਤਾਂ ਕਾਂਗਰਸ ਨਾਲ ਸਮਝੌਤਾ ਕਰਨ ਲਈ ਲੇਲੜੀਆਂ ਕੱਢ ਰਹੇ ਹਨ, ਫਿਰ ਮਿਲੇ ਹੋਏ ਕੋਣ ਹੋਏ।
ਇੱਕ ਸੁਆਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਬਰਗਾੜੀ ਵਾਲਿਆ ਨੇ ਜਿਹੜਾ ਧਰਨਾ ਲਾਕੇ ਪਹਿਲਾ 22 ਕਰੋੜ ਰੁਪਏ ਇਕੱਠਾ ਕੀਤਾ ਸੀ, ਉਹ ਹੁਣ ਖਤਮ ਹੋ ਗਿਆ ਹੈ, ਹੁਣ ਦੂਜੀ ਵਾਰ ਦਿਹਾੜੀ ਇਕੱਠੀ ਕਰਨ ਲਈ ਫਿਰ ਸ਼ੁਰੂ ਹੋ ਗਏ ਹਨ। ਬਾਦਲ ਨੇ ਕਿਹਾ ਕਿ ਰੱਖੜਾ ਸਾਹਿਬ ਪਟਿਆਲਾ ਤੋਂ ਇੱਕ ਲੱਖ ਵੋਟਾਂ ਤੇ ਜਿੱਤਣਗੇ। ਇਸ ਦੌਰਾਨ ਸੁਖਬੀਰ ਬਾਦਲ ਨੇ ਹਰਮੇਲ ਸਿੰਘ ਟੌਹੜਾ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ, ਹਰਪ੍ਰੀਤ ਕੌਰ ਮੁਖਮੈਲਪੁਰ ਸਮੇਤ ਹੋਰ ਆਗੂ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।