ਪਿੰਡਾਂ ‘ਚ ਔਰਤਾਂ ਦੀ ਹਾਲਤ ਸਰਕਾਰਾਂ ਦੇ ਦਾਅਵਿਆਂ ਨੂੰ ਦਿਖਾ ਰਹੀ ਅੰਗੂਠਾ

ਪਰਿਵਾਰ ਦਾ ਢਿੱਡ ਪਾਲਣ ਲਈ ਮਰਦਾਂ ਬਰਾਬਰ ਮੋਢਾ ਜੋੜ ਕੰਮ ਕਰਦੀਆਂ ਪਿੰਡਾਂ ਦੀਆਂ ਔਰਤਾਂ

ਸਾਡੀ ਵੋਟਾਂ ਵੇਲੇ ਹੀ ਆਉਂਦੀ ਯਾਦ : ਔਰਤਾਂ

ਫਿਰੋਜ਼ਪੁਰ, (ਸਤਪਾਲ ਥਿੰਦ)। ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਔਰਤਾਂ ਦੀ ਵਾਸਤਵ ਹਾਲਤ ਜਾਨਣ ਲਈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਪਿੰਡ ਮਾਹੂ ਬੇਗੂ ਦਾ ਦੌਰਾ ਕੀਤਾ ਗਿਆ ਤਾਂ (Women in Villages) ਦੇਖਣ ‘ਚ ਆਇਆ ਕਿ ਪਿੰਡ ‘ਚ ਮਹਿਲਾਵਾਂ ਦੀ ਹਾਲਤ ਸਰਕਾਰਾਂ ਦੇ ਦਾਅਵਿਆਂ ਨੂੰ ਅੰਗੂਠਾ ਦਿਖਾ ਰਹੀ ਹੈ। ਪਰਿਵਾਰ ਦਾ ਢਿੱਡ ਪਾਲਣ ਲਈ ਪਿੰਡ ਦੀਆਂ ਮਹਿਲਾਵਾਂ ਨੂੰ ਮਰਦਾਂ ਬਰਾਬਰ ਮੋਢੇ ਨਾਲ ਮੋਢਾ ਜੋੜ ਖੇਤਾਂ, ਦਿਹਾੜੀ, ਲੇਬਰ, ਮਨਰੇਗਾ ਆਦਿ ਕੰਮ ਕਾਰਾਂ ‘ਤੇ ਨਾਲ ਜਾਣ ਨੂੰ ਮਜ਼ਬੂਰ ਹਨ। (International Women Day)

ਜਦ ਪਿੰਡ ਦੀਆਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਤਾਂ ਨਸੀਬ ਕੌਰ, ਗੁਰਮੀਤ ਕੌਰ, ਬਲਵੀਰ ਕੌਰ ਆਦਿ ਨੇ ਦੱਸਿਆ ਜ਼ਮੀਨ ਜਾਇਦਾਦਾਂ ਨਾ ਹੋਣ ਕਾਰਨ ਘਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸਰੀਰ ਵੀ ਵਡੇਰਾ ਹੋਣ ਦੇ ਬਾਵਜ਼ੂਦ ਪਰਿਵਾਰ ਦਾ ਢਿੱਡ ਪਾਲਣ ਲਈ ਉਨ੍ਹਾਂ ਨੂੰ ਅਕਸਰ ਹੀ ਘਰ ਦੇ ਮਰਦਾਂ ਨਾਲ ਮਜ਼ਦੂਰੀ ਕਰਨ ਜਾਣਾ ਪਿੰਡ ਤੋਂ ਬਾਹਰ ਦੂਜੇ ਪਿੰਡਾਂ ‘ਚ ਵੀ ਜਾਣਾ ਪੈਂਦਾ ਹੈ। ਜ਼ਮੀਨ ਵਗੈਰਾ ਨਾ ਹੋਣ ਕਾਰਨ ਮਜ਼ਦੂਰੀ ਹੀ ਇਨ੍ਹਾਂ ਲੋਕਾਂ ਦੀ ਆਮਦਨ ਦਾ ਸਾਹਰਾ ਹੈ ਹੁਣ ਜ਼ਰੂਰ ਪਿਛਲੇ ਇੱਕ ਮਹੀਨੇ ਤੋਂ ਪਿੰਡ ਦੀਆਂ ਕੁਝ ਲੜਕੀਆਂ ਆਤਮ ਨਿਰਭਰ ਹੋਣ ਲਈ ਨਾਲ ਦੇ ਪਿੰਡ ‘ਚੋਂ ਸਿਲਾਈ ਸੈਂਟਰ ਤੋਂ ਸਿਖਲਾਈ ਲੈਣ ਜਾ ਰਹੀਆਂ ਹਨ।

ਪਿੰਡ ‘ਚ ਕਈ ਘਰ ਅਜੇ ਪਖਾਨਿਆਂ ਤੋਂ ਬਗੈਰ | International Women Day

ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਪਿੰਡ ‘ਚ ਕਈ ਘਰ ਅਜਿਹੇ ਹਨ ਜਿਹਨਾਂ ‘ਚ ਅਜੇ ਤੱਕ ਪਖਾਨੇ ਵੀ ਨਹੀਂ ਬਣਾਏ ਗਏ , ਜਿਸ ਕਾਰਨ ਮਹਿਲਾਵਾਂ ਨੂੰ ਖੁੱਲ੍ਹੇ ‘ਚ ਹੀ ਜਾਣਾ ਪੈਂਦਾ ਹੈ ਜਦ ਇਸ ਸਬੰਧੀ ਸਰਪੰਚ ਦੇ ਲੜਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਈ ਵਾਰ ਪਖਾਨੇ ਬਣਾਉਣ ਬਾਰੇ ਕਿਹਾ ਗਿਆ ਹੈ ਪਰ ਅਜੇ ਤੱਕ ਨਹੀਂ ਬਣਾਏ ਗਏ।

ਤਰਸਯੋਗ ਜ਼ਿੰਦਗੀ ਬਤੀਤ ਕਰ ਰਹੀਆਂ ਪਿੰਡ ਦੀਆਂ ਵਿਧਵਾ ਔਰਤਾਂ

ਆਪ੍ਰੇਸ਼ਨ ਹੋਣ ਕਾਰਨ ਕਈ ਦਿਨਾਂ ਤੋਂ ਮੰਜੇ ‘ਤੇ ਪਈ ਵਿਧਵਾ ਬਲਵੀਰ ਕੌਰ ਨੇ ਹੰਝੂ ਕੇਰਦਿਆਂ ਦੱਸਿਆ ਕਿ ਕਰੀਬ 15 ਸਾਲ ਪਹਿਲਾ ਨਸ਼ੇ ਕਰਦੇ ਉੁਸਦੇ ਪਤੀ ਬਾਵਾ ਸਿੰਘ ਦੀ ਮੌਤ ਹੋ ਗਈ, ਜਿਸਦੇ ਬਾਅਦ ਉਸਦੇ ਦੋ ਨੌਜਵਾਨ ਪੁੱਤਾਂ ਦੀ ਵੀ ਮੌਤ ਹੋ ਗਈ ਅਤੇ ਦੋ ਲੜਕੀਆਂ ਹਨ ਜੋ ਵਿਆਹੀਆਂ ਹੋਈਆਂ ਹਨ। ਬਲਵੀਰ ਕੌਰ ਨੇ ਦੱਸਿਆ ਕਿ ਸਾਹ ਸਬੰਧੀ ਬਿਮਾਰੀ ਹੋਣ ਕਾਰਨ ਉਸਦੇ ਇੱਕ ਨੌਜਵਾਨ ਪੁੱਤ ਗੁਰਪ੍ਰੀਤ ਸਿੰਘ ਦੇ ਇਲਾਜ ਲਈ ਉਸਨੂੰ ਆਪਣਾ ਘਰ ਵੇਚਣਾ ਪਿਆ ਸੀ, ਜਿਸ ਕਾਰਨ ਉਹ ਘਰ ਤੋਂ ਬੇਘਰ ਹੋ ਗਈ ।

ਫਿਰ ਵੀ ਮੁਸੀਬਤਾਂ ਨੇ ਖਹਿੜਾ ਨਾ ਛੱਡਿਆ ਤਾਂ ਅਚਾਨਕ ਉਸਨੂੰ ਬੱਚੇਦਾਨੀ ਦਾ ਆਪ੍ਰੇਸ਼ਨ ਕਰਵਾਉਣ ਪੈ ਗਿਆ ਪਰ ਸਰਕਾਰੀ ਹਸਤਪਾਲ ‘ਚ ਉਸਦਾ ਇਲਾਜ਼ ਨਾ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਤਪਾਲ ਜਾਣਾ ਪਿਆ ਪਰ ਉਸ ਹਸਪਤਾਲ ਵੱਲੋਂ ਸਰਕਾਰ ਵੱਲੋਂ ਬਣਾਇਆ ਗਿਆ ਸਰਬੱਤ ਸਿਹਤ ਯੋਜਨਾ ਬੀਮਾ ਵਾਲਾ ਕਾਰਡ ਨਾ ਚਲਾਇਆ ਗਿਆ ਜਿਸ ਕਾਰਨ ਉਸ ਨੇ ਪਿੰਡ ‘ਚੋਂ ਪੈਸੇ ਮੰਗ ਕੇ ਆਪਣਾ ਇਲਾਜ਼ ਕਰਵਾਇਆ ਅਤੇ ਹੁਣ ਕਈ ਦਿਨਾਂ ਤੋਂ ਮੰਜੇ ‘ਤੇ ਪਏ ਹੋਣ ਉਸ ਨੂੰ ਪਿੰਡ ਦੇ ਲੋਕ ਥੋੜ੍ਹੀ ਬਹੁਤ ਰੋਟੀ ਪਾਣੀ ਦੇ ਜਾਂਦੇ ਹਨ। ਇਸ ਤੋਂ ਇਲਾਵਾ ਨਸੀਬ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋਈ ਨੂੰ 30 ਸਾਲ ਹੋ ਗਏ ਸਨ ਪਰ ਉਸਦੇ ਪੱਲੇ ਨਿਗੂਣੀ ਵਿਧਵਾ ਪੈਨਸ਼ਨ ਤੋਂ ਸਿਵਾਏ ਰਹਿਣ ਲਈ ਛੱਤ ਦਾ ਸਾਹਰਾ ਵੀ ਨਹੀਂ ਅਤੇ ਗੁਜ਼ਾਰਾ ਕਰਨ ਲਈ ਵਡੇਰੀ ਉਮਰ ‘ਚ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।