ਨਵਜੋਤ ਸਿੱਧੂ ਤੋਂ ਇੱਕ ਦਿਨ ਪਹਿਲਾਂ ਮੰਗਿਆ ਜਾ ਰਿਹਾ ਸੀ ਅਸਤੀਫ਼ਾ
- ਰਾਜਸਥਾਨ ਚੋਣਾਂ ਤੱਕ ਚੁੱਪ ਰਹਿਣਗੇ ਸਾਰੇ ਮੰਤਰੀ, ਨਹੀਂ ਕਰੇਗਾ ਕੋਈ ਬਿਆਨਬਾਜ਼ੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਵਜੋਤ ਸਿੱਧੂ ਤੋਂ ਇੱਕ ਦਿਨ ਪਹਿਲਾਂ ਤੱਕ ਅਸਤੀਫ਼ਾ ਮੰਗਣ ਵਾਲੇ ਕੈਬਨਿਟ ਮੰਤਰੀ ਅਚਾਨਕ ਹੀ ਚੁੱਪ ਵੱਟ ਗਏ ਹਨ। ਕੈਬਨਿਟ ਮੀਟਿੰਗ ਵਿੱਚ ਨਵਜੋਤ ਸਿੱਧੂ ਸਬੰਧੀ ਹੰਗਾਮਾ ਹੋਣ ਦੇ ਅਸਾਰ ਸਨ, ਪਰ ਕੈਬਨਿਟ ਵਿੱਚ ਮੀਟਿੰਗ ਵਿੱਚ ਸਿੱਧੂ ਦੇ ਨਾਂਅ ‘ਤੇ ਕੋਈ ਮੰਤਰੀ ਖੰਘਿਆ ਤੱਕ ਨਹੀਂ। ਇਸ ਪਿੱਛੇ ਕਾਂਗਰਸ ਹਾਈ ਕਮਾਨ ਦੇ ਉਨਾਂ ਆਦੇਸ਼ਾਂ ਬਾਰੇ ਜਾਣਕਾਰੀ ਮਿਲ ਰਹੀਂ ਹੈ। ਜਿਸ ਵਿੱਚ ਰਾਜਸਥਾਨ ਚੋਣਾਂ ਤੱਕ ਹਰ ਕੈਬਨਿਟ ਮੰਤਰੀ ਨੂੰ ਚੁੱਪ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਲਈ ਨਾ ਹੀ ਕੈਬਨਿਟ ਮੀਟਿੰਗ ਵਿੱਚ ਨਵਜੋਤ ਸਿੱਧੂ ਪੁੱਜੇ ਅਤੇ ਨਾ ਹੀ ਉਨ੍ਹਾਂ ਸਬੰਧੀ ਕੋਈ ਗੱਲਬਾਤ ਕੀਤੀ ਗਈ ਸੀ। ਨਵਜੋਤ ਸਿੱਧੂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਵਿਭਾਗੀ ਅਧਿਕਾਰੀ ਜਰੂਰ ਮੀਟਿੰਗ ਵਿੱਚ ਪੁੱਜੇ ਸਨ ਪਰ ਉਨ੍ਹਾਂ ਨੂੰ ਨਵਜੋਤ ਸਿੱਧੂ ਗੈਰਹਾਜ਼ਰ ਰਹਿਣ ਦੇ ਕਾਰਨ ਵਾਪਸ ਭੇਜ ਦਿੱਤਾ ਗਿਆ। ਇਹ ਅਧਿਕਾਰੀ ਅੱਜ ਦੀ ਮੀਟਿੰਗ ਵਿੱਚ ਪੇਸ਼ ਹੋਣ ਵਾਲੇ ਆਪਣੇ ਆਪਣੇ ਏਜੰਡੇ ਸਬੰਧੀ ਆਏ ਸਨ ਪਰ ਮੰਤਰੀ ਦੀ ਹਾਜ਼ਰੀ ਨਹੀਂ ਹੋਣ ਨਾਲ ਉਨ੍ਹਾਂ ਏਜੰਡੇ ‘ਤੇ ਵਿਚਾਰ ਤੱਕ ਨਹੀਂ ਹੋਇਆ।
ਚੰਡੀਗੜ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਹੋਈ ਕੈਬਨਿਟ ਮੀਟਿੰਗ ਵਿੱਚ ਨਵਜੋਤ ਸਿੱਧੂ ਦੇ ਮੁੱਦੇ ਨੂੰ ਲੈ ਕੇ ਮੰਤਰੀਆਂ ਵਲੋਂ ਖੁਲ ਕੇ ਚਰਚਾ ਕੀਤੀ ਜਾਣੀ ਸੀ, ਕਿਉਂਕਿ ਨਵਜੋਤ ਸਿੱਧੂ ਦੇ ਬਿਆਨ ਤੋਂ ਬਾਅਦ ਪਹਿਲੀ ਵਾਰ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਰਹੇ ਸਨ। ਜਿਥੇ ਆਸ ਲਗਾਈ ਜਾ ਰਹੀਂ ਸੀ ਕਿ ਇਸ ਮੁੱਦੇ ਨੂੰ ਲੈ ਕੇ ਮੰਤਰੀ, ਅਮਰਿੰਦਰ ਸਿੰਘ ਨੂੰ ਇਸ ਸਬੰਧੀ ਕਾਰਵਾਈ ਕਰਨ ਤੱਕ ਕਹਿ ਸਕਦੇ ਹਨ ਪਰ ਇਸ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਵਲੋਂ ਇਸ ਮਾਮਲੇ ਨੂੰ ਖ਼ੁਦ ਨਿਪਟਾਉਣ ਅਤੇ ਪਿਤਾ ਸਮਾਨ ਕਹਿਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਵੀ ਹਾਈ ਕਮਾਨ ਵਲੋਂ ਇਸ਼ਾਰਾ ਆ ਗਿਆ।
ਕਿ ਉਨਾਂ ਨੇ ਰਾਜਸਥਾਨ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਖ਼ਿਲਾਫ਼ ਕੋਈ ਵੀ ਬਿਆਨਬਾਜ਼ੀ ਨਹੀਂ ਕਰਨੀ ਹੈ, ਜਿਸ ਨਾਲ ਕਾਂਗਰਸ ਦੀ ਆਪਸੀ ਫੁਟ ਕਾਰਨ ਉਨਾਂ ਚੋਣਾਂ ਵਿੱਚ ਅਸਰ ਦੇਖਣ ਨੂੰ ਮਿਲੇ। ਜਿਸ ਨੂੰ ਦੇਖਦੇ ਹੋਏ ਫਿਲਹਾਲ ਕੋਈ ਵੀ ਕੈਬਨਿਟ ਮੰਤਰੀ ਸਿੱਧੂ ਖ਼ਿਲਾਫ਼ 15 ਦਸੰਬਰ ਤੱਕ ਕੋਈ ਬਿਆਨ ਨਹੀਂ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਅਮਰਿੰਦਰ ਸਿੰਘ ਖ਼ੁਦ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਸਾਰੀ ਸਥਿਤੀ ਬਾਰੇ ਨਾ ਸਿਰਫ਼ ਸਪਸ਼ਟ ਕਰਨਗੇ, ਸਗੋਂ ਸਾਰੇ ਕੈਬਨਿਟ ਮੰਤਰੀਆਂ ਦੀ ਨਰਾਜ਼ਗੀ ਅਤੇ ਇਸ ਨਾਲ ਪੰਜਾਬ ਵਿੱਚ ਹੋਣ ਵਾਲੇ ਅਸਰ ਬਾਰੇ ਵੀ ਜਾਣਕਾਰੀ ਦੇਣਗੇ।
ਇਥੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਹੈਦਰਾਬਾਦ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਲੀਡਰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਉਨਾਂ ਕਿਹਾ ਕਿ ਉਹ ਕਿਸੇ ਵੀ ਕੈਪਟਨ ਨੂੰ ਨਹੀਂ ਜਾਣਦੇ ਹਨ, ਉਨਾਂ ਦਾ ਤਾਂ ਇੱਕੋ ਹੀ ਰਾਹੁਲ ਗਾਂਧੀ ਕੈਪਟਨ ਹੈ ਅਤੇ ਅਮਰਿੰਦਰ ਸਿੰਘ ਦਾ ਵੀ ਰਾਹੁਲ ਗਾਂਧੀ ਹੀ ਕੈਪਟਨ ਹਨ। ਜਿਸ ਤੋਂ ਬਾਅਦ ਪੰਜਾਬ ਵਿੱਚ ਕਾਫ਼ੀ ਜਿਆਦਾ ਹੰਗਾਮਾ ਹੋ ਗਿਆ ਅਤੇ ਵਿਰੋਧੀ ਧਿਰਾਂ ਨਾਲੋਂ ਕੈਬਨਿਟ ਮੰਤਰੀਆਂ ਨੇ ਹੀ ਨਵਜੋਤ ਸਿੱਧੂ ‘ਤੇ ਹਮਲੇ ਕਰਦੇ ਹੋਏ ਨਾ ਸਿਰਫ਼ ਉਨਾਂ ਦੇ ਬਿਆਨ ਦੀ ਨਿੰਦਾ ਕੀਤੀ ਸੀ, ਸਗੋਂ ਉਨਾਂ ਤੋਂ ਅਸਤੀਫ਼ਾ ਵੀ ਮੰਗ ਲਿਆ ਗਿਆ ਸੀ।