ਐਸਬੀਆਈ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਚੋਰਾਂ ਵੱਲੋਂ ਪੋਣੇ ਪੰਦਰ੍ਹਾਂ ਲੱਖ ਚੋਰੀ

ATM

ਬਿਨਾਂ ਸੁਰੱਖਿਆ ਤੋਂ ਵੱਡੀ ਰਕਮ ਰੱਖਣ ’ਤੇ ਪਿੰਡ ਵਾਸੀਆਂ ਨੇ ਸ਼ੰਕਾ ਪ੍ਰਗਟਾਈ

  • ਮਾਮਲੇ ਦੇ ਦੋਸ਼ੀ ਜਲਦ ਹੋਣਗੇ ਪੁਲਸ ਦੀ ਗਿ੍ਰਫਤ ਵਿਚ : ਡੀਐੱਸਪੀ ਨਾਭਾ

(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਹਲਕਾ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹਲਕੇ ਦੇ ਇੱਕ ਏਟੀਐਮ ਨੂੰ ਚੋਰਾਂ ਨੇ ਆਪਣਾ ਸ਼ਿਕਾਰ ਬਣਾ ਕੇ ਲਗਭਗ ਪੌਣੇ ਪੰਦਰ੍ਹਾਂ ਲੱਖ ਰੁਪਏ ਦੀ ਰਕਮ ’ਤੇ ਹੱਥ ਸਾਫ ਕਰ ਦਿੱਤਾ। ਘਟਨਾ ਪਿੰਡ ਗੁਰਦਿੱਤਪੁਰਾ ਐਸਬੀਆਈ ਬੈਂਕ ਬਰਾਂਚ ਦੇ ਏਟੀਐਮ ਨਾਲ ਜੁੜੀ ਹੋਈ ਹੈ ਜਿਸ ਨੂੰ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਰਾਤ ਨੂੰ ਚੋਰਾਂ ਕਥਿਤ ਰੂਪ ਵਿੱਚ ਆਪਣਾ ਨਿਸ਼ਾਨਾ ਬਣਾਇਆ। ਚੋਰੀ ਦੀ ਘਟਨਾ ਅਤੇ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਜ਼ਰੂਰ ਹੋ ਗਏ ਹਨ ਪ੍ਰੰਤੂ ਉਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਸੀਸੀਟੀਵੀ ਫੁਟੇਜ ਅਨੁਸਾਰ ਚੋਰ ਰਾਤ ਨੂੰ ਕਰੀਬ ਢਾਈ ਤੋਂ ਤਿੰਨ ਵਜੇ ਦੇ ਵਿਚਕਾਰ ਪਿੰਡ ਗੁਰਦਿੱਤਪੁਰਾ ਦੇ ਐਸਬੀਆਈ ਬੈਂਕ ਨਾਲ ਸਬੰਧਤ ਏਟੀਐਮ ਪੁੱਜੇ ਅਤੇ ਕਥਿਤ ਰੂਪ ਵਿੱਚ ਬੈਂਕ ਦਾ ਸ਼ਟਰ ਗੈਸ ਕਟਰ ਨਾਲ ਕੱਟ ਕੇ ਖੋਹ ਲਿਆ।

ਇਸ ਤੋਂ ਬਾਅਦ ਚੋਰਾਂ ਨੇ ਏਟੀਐਮ ਨੂੰ ਗੈਸ ਕਟਰ ਦੀ ਮੱਦਦ ਨਾਲ ਕੱਟ ਕੇ ਇਸ ਵਿੱਚ ਜਮ੍ਹਾਂ ਕਥਿਤ ਰੂਪ ਵਿੱਚ ਪੌਣੇ ਪੰਦਰ੍ਹਾਂ ਲੱਖ ਰੁਪਏ ਨੂੰ ਚੋਰੀ ਕਰ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਦਿਲਚਸਪ ਗੱਲ ਇਹ ਹੈ ਕਿ ਏਟੀਐਮ ਵਿੱਚੋਂ ਹੋਈ ਚੋਰੀ ਦੀ ਘਟਨਾ ਪੁਲਿਸ ਪ੍ਰਸ਼ਾਸਨ ਸਮੇਤ ਬੈਂਕ ਪ੍ਰਸ਼ਾਸਨ ਨੇ ਆਮ ਲੋਕਾਂ ਤੋਂ ਲਗਭਗ ਦੁਪਹਿਰ ਤੱਕ ਲੁਕੋਈ ਰੱਖੀ ਜਿਸ ’ਤੇ ਹੈਰਾਨੀ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਜਾਂ ਆਸ-ਪਾਸ ਦੇ ਇਲਾਕੇ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।

ਏਟੀਐਮ ’ਤੇ ਸੁਰੱਖਿਆ ਗਾਰਡ ਨਹੀਂ ਸੀ ਤਾਇਨਾਤ

ਪਿੰਡ ਵਾਲਿਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਏਟੀਐਮ ਵਿੱਚ ਵੀਹ ਤੋਂ ਪੰਜਾਹ ਹਜ਼ਾਰ ਰੁਪਏ ਹੀ ਜਮ੍ਹਾ ਹੁੰਦੇ ਸਨ ਪ੍ਰੰਤੂ ਚੋਰੀ ਦੀ ਘਟਨਾ ਸਮੇਂ ਕਥਿਤ ਰੂਪ ’ਚ ਪੌਣੇ ਪੰਦਰ੍ਹਾਂ ਲੱਖ ਰੁਪਏ ਦੀ ਵੱਡੀ ਰਕਮ ਦਾ ਹੋਣਾ ਅਤੇ ਉਸ ਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਨਾ ਹੋਣਾ ਘਟਨਾ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦਾ ਹੈ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਇਸ ਪ੍ਰਕਾਰ ਦੀਆਂ ਲੁੱਟ-ਖੋਹ ਦੀਆਂ ਘਟਨਾਵਾਂ ’ਚ ਵਾਧਾ ਕਾਫ਼ੀ ਮਾੜੀ ਗੱਲ ਹੈ ਜਿਸ ਕਾਰਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਤੁਰੰਤ ਇਸ ਪਾਸੇ ਧਿਆਨ ਦੇ ਕੇ ਸੁਚੱਜਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜ਼ਰੀਨ ਪਿੰਡ ਵਾਸੀਆਂ ਨੇ ਦੱਸਿਆ ਕਿ ਏਟੀਐਮ ਅਤੇ ਬੈਂਕ ਦੀ ਸੁਰੱਖਿਆ ਲਈ ਬੈਂਕ ਵੱਲੋਂ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਕੀਤਾ ਗਿਆ।

Atm chor2

ਉਪਰੋਕਤ ਘਟਨਾ ਦੀ ਪੁਸ਼ਟੀ ਕਰਦਿਆਂ ਪਿੰਡ ਗੁਰਦਿੱਤਪੁਰਾ ਦੇ ਐਸਬੀਆਈ ਬੈਂਕ ਸ਼ਾਖਾ ਮੈਨੇਜਰ ਲਾਭ ਸਿੰਘ ਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਉਹ ਬੈਂਕ ਦੇ ਨਜਦੀਕ ਪੁੱਜ ਗਏ ਸਨ ਤਾਂ ਬੈਂਕ ਦੇ ਗਾਰਡ ਵੱਲੋਂ ਬੈਂਕ ਅਤੇ ਏਟੀਐਮ ਦੇ ਤਾਲੇ ਖੋਲ੍ਹਣ ਦੇ ਕ੍ਰਮ ਮੌਕੇ ਇਸ ਚੋਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇਣ ਨਾਲ ਤੁਰੰਤ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਏ ਟੀ ਐਮ ਵਿੱਚ 15-15 ਦਿਨਾਂ ਲਈ ਰਕਮ ਰੱਖੀ ਜਾਂਦੀ ਸੀ ਜੋ ਕਿ ਲਗਪਗ ਇਸੇ ਪ੍ਰਕਾਰ ਲੱਖਾਂ ਵਿੱਚ ਹੁੰਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ।

ਉਪਰੋਕਤ ਘਟਨਾ ਦੀ ਪੁਸ਼ਟੀ ਕਰਦਿਆਂ ਨਵ ਨਿਯੁਕਤ ਡੀ ਐੱਸ ਪੀ ਨਾਭਾ ਦਵਿੰਦਰ ਅੱਤਰੀ ਨੇ ਦੱਸਿਆ ਕਿ ਐੱਸਬੀਆਈ ਬੈਂਕ ਮੈਨੇਜਰ ਲਾਭ ਸਿੰਘ ਪਿੰਡ ਗੁਰਦਿੱਤਪੁਰਾ ਦੀ ਸ਼ਿਕਾਇਤ ’ਤੇ ਨਾਭਾ ਪੁਲਿਸ ਵੱਲੋਂ 4/5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਵਿੱਚ ਅਗਲੇਰੀ ਪੜਤਾਲ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਗਿ੍ਰਫਤ ਵਿੱਚ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ