ਨਸ਼ਿਆਂ ਤੋਂ ਅੱਕੇ ਪੱਤੋ ਦੇ ਨੌਜਵਾਨਾਂ ਨੇ ਨਸਾ ਤਸਕਰਾਂ ਨੂੰ ਕਾਬੂ ਕਰਕੇ ਕੀਤੀ ‘ਛਿੱਤਰ ਪਰੇਡ’

Drug, Addicts, Youngsters, Managed, Nirvana

ਪੁਲਿਸ ਨੇ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ਼ ਕਰਕੇ ਸੀਖਾਂ ਅੰਦਰ ਕੀਤਾ

  • ਕਿਸੇ ਵੀ ਨਸਾ ਤਸਕਰ ਨੂੰ ਪਿੰਡ ‘ਚ ਵੜਣ ਨਹੀਂ ਦਿਆਂਗੇ : ਕਲੱਬ ਆਗੂ

ਨਿਹਾਲ ਸਿੰਘ ਵਾਲਾ , (ਪੱਪੂ ਗਰਗ/ਸੱਚ ਕਹੂੰ ਨਿਊਜ਼)। ਪਿਛਲੇ ਕੁੱਝ ਕੁ ਦਿਨਾਂ ਤੋਂ ਪੰਜਾਬ ਭਰ ਵਿੱਚ ਨਸਿਆਂ ਕਾਰਨ ਹੋਈਆਂ ਅਨੇਕਾਂ ਮੌਤਾਂ ਨੇ ਪੰਜਾਬ ਵਾਸੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ ਜਿਸ ਕਾਰਨ ਹੁਣ ਪਿੰਡਾਂ ਦੇ ਜਾਗਰੂਕ ਅਤੇ ਸੂਝਵਾਨ ਨੌਜਵਾਨਾ ਨੇ ਨਸਾ ਤਸਕਰਾਂ ਨੂੰ  ਕਾਬੂ ਕਰਨ ਲਈ ਅੱਗੇ ਆਉਣਾ ਸੁਰੂ ਕਰ ਦਿੱਤਾ ਹੈ ਜਿਸ ਤਹਿਤ ਅੱਜ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਚਿੱਟੇ ਦੀ ਸਪਲਾਈ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਫੜ ਕੇ ਪਹਿਲਾਂ ਭਾਰੀ ਛਿੱਤਰ ਪਰੇਡ ਕੀਤੀ ਗਈ  ਅਤੇ  ਬਾਅਦ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਹਵਾਲੇ ਕਰ ਦਿੱਤੇ ਗਏ। ਭਾਈ ਵੀਰ ਸਿੰਘ ਕਲੱਬ ਪੱਤੋ ਹੀਰਾ ਸਿੰਘ ਦੇ ਆਗੂਆਂ ਪ੍ਰਧਾਨ ਕੁਲਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਲੱਬ ਦੇ ਉਦਮ ਸਦਕਾ ਨਸ਼ੇ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਇੱਕ ਫ਼ੋਨ ਨੰਬਰ ਜਾਰੀ ਕੀਤਾ ਗਿਆ ਹੈ।

ਪਿੰਡ ਵਿੱਚ ਨਸ਼ਾ ਸਪਲਾਈ ਕਰਨ ਵਾਲਿਆਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਵਾਸੀਆਂ ਨੂੰ ਇਸ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਅੱਜ ਪਿੰਡ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ  ਪਿੰਡ ਵਿੱਚ ਨਸ਼ਾ ਵੇਚਣ ਜਾਂ ਲੈਣ ਲਈ ਆਏ ਜਿਸ ਸਬੰਧੀ ਇਸ ਫੋਨ ਨੰਬਰ ਤੇ ਕਿਸੇ ਪਿੰਡ ਵਾਸੀ ਵੱਲੋਂ ਕਲੱਬ ਨੂੰ ਸੂਚਨਾ ਦਿੱਤੀ ਗਈ ਜਿਸ ਤੇ ਕਲੱਬ ਦੇ ਮੈਂਬਰ ਕੁਲਵੰਤ ਸਿੰਘ ਗਰੇਵਾਲ ਰਾਹੁਲ ਸ਼ਰਮਾ, ਰੋਸ਼ਨ ਲਾਲ, ਹਰਵਿੰਦਰ ਸਿੰਘ, ਹਰਵੀਰ ਸਿੰਘ ਹੀਰੋ, ਤਜਿੰਦਰਪਾਲ ਸਿੰਘ,  ਪਰਮਿੰਦਰ ਸਿੰਘ, ਮਨਦੀਪ ਸਿੰਘ,ਜਗਜੀਤ ਸਿੰਘ,ਹਰਜੀਤ ਸਿੰਘ, ਹਰਜਿੰਦਰ ਮਾਨ, ਅਰਵਿੰਦ ਕੁਮਾਰ, ਬਲਵੀਰ ਸਿੰਘ ਫੌਜੀ ਦੀ ਅਗਵਾਈ ਵਿੱਚ ਪਿੰਡ ਦੇ  ਲੋਕ ਇਕੱਠੇ ਹੋ ਗਏ ਅਤੇ ਉਕਤ ਤਿੰਨਾਂ ਨੌਜਵਾਨਾਂ ਨੂੰ ਘੇਰਾ ਪਾ ਲਿਆ।

ਜਿਸ ਤੇ ਉਨਾਂ ਨੌਜਵਾਨਾਂ ਦੀ ਤਲਾਸ਼ੀ ਲੈਣ ਤੇ ਉਨਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਪਿੰਡ ਵਾਸੀਆਂ ਨੇ ਉਨਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ  ਕਿਹਾ ਕਿ ਉਹ ਪਿੰਡ ਵਿੱਚ ਕਿਸ ਨਸ਼ਾ ਤਸਕਰ ਕੋਲ ਆਏ ਸਨ, ਪਰ ਉਨਾਂ ਵੱਲੋਂ ਕੋਈ ਤਸੱਲੀ ਬਖਸ ਜਵਾਬ  ਨਾਂ ਦੇਣ ਤੇ ਪਿੰਡ ਵਾਸੀਆਂ ‘ਚ ਗੁੱਸਾ ਪੈਦਾ ਹੋ ਗਿਆ ਅਤੇ ਉਨਾਂ ਦਾ ਭਾਰੀ ਕੁਟਾਪਾ ਚਾੜਿਆ ਗਿਆ ਅਤੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਗਿਆ ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ  ਵਾਸੀ ਪਿੰਡ ਖੋਟੇ, ਸਿਮਰਜੀਤ ਸਿੰਘ ਪੁੱਤਰ ਜਸਮੇਲ ਸਿੰਘ  ਵਾਸੀ ਕਾਲੇਕੇ , ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ  ਵਾਸੀ ਕਾਲੇਕੇ ਪਾਸੋਂ  220 ਨਸ਼ੀਲੀਆਂ ਗੋਲੀਆਂ ਤੇ ਇੱਕ ਬਰਾਮਦ ਕਰਕੇ ਉਨਾਂ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ਼ ਕਰ ਲਿਆ  ਗਿਆ ਹੈ । ਇਸ ਸਬੰਧੀ ਕਲੱਬ ਆਗੂ ਕੁਲਵੰਤ ਗਰੇਵਾਲ ਨੇ ਕਿਹਾ ਕਿ ਅਪਣੇ ਪਿੰਡ ਨੂੰ ਨਸਿਆਂ ਦੀ ਅੱਗ ਤੋਂ ਬਚਾਉਣ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਕਿਸੇ ਵੀ ਨਸਾ ਤਸਕਰ ਨੂੰ ਪਿੰਡ ਵਿੱਚ ਨਹੀਂ ਵੜਣ ਦਿੱਤਾ ਜਾਵੇਗਾ।