ਆਧੁਨਿਕ ਜ਼ਿੰਦਗੀ ‘ਚ ਰੁਲ਼ਿਆ ਸੱਚ

Modern, Life, Truth

ਲੈਫ਼ਟੀਨੈਂਟ ਕੁਲਦੀਪ ਸ਼ਰਮਾ

ਭਾਰਤ ਦਾ ਇਤਿਹਾਸ ਬੜਾ ਧਾਰਮਿਕ, ਸਾਫ-ਸੁਥਰਾ, ਸੱਚਾ-ਸੁੱਚਾ ਅਤੇ ਪਵਿੱਤਰ ਰਿਹਾ ਹੈ ਪਰ ਅੱਜ-ਕੱਲ੍ਹ ਦੀ ਜਿੰਦਗੀ ਝੂਠ ਦਾ ਪੁਲੰਦਾ ਬਣ ਕੇ ਰਹਿ ਗਈ ਹੈ। ਝੂਠ, ਫ਼ਰੇਬ ਅਤੇ ਦਿਖਾਵੇ ਦਾ ਹਰ ਪਾਸੇ ਬੋਲਬਾਲਾ ਹੈ। ਹਰ ਇਨਸਾਨ ਆਪਣੇ ਚਿਹਰੇ ‘ਤੇ ਝੂਠ ਦਾ ਨਕਾਬ ਪਾਈ ਰੱਖਦਾ ਹੈ, ਜਿਸ ਹੇਠਾਂ ਉਸਦੀਆਂ ਅਸਲੀ ਭਾਵਨਾਵਾਂ ਲੁਕੀਆਂ ਰਹਿੰਦੀਆਂ ਹਨ ਅਤੇ ਚਿਹਰੇ ‘ਤੇ ਝੂਠੀ ਮੁਸਕਾਨ ਫੈਲੀ ਰਹਿੰਦੀ ਹੈ। ਹਰ ਪਾਸੇ ਝੂਠ ਦਾ ਬੋਲਬਾਲਾ ਹੈ। ਸੱਚ ਨੂੰ ਹਰ ਪਾਸੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਆਦਾਤਰ ਵੇਲੇ ਜਦੋਂ ਸੱਚ ਦਾ ਸਾਹਮਣਾ ਝੂਠ ਦੇ ਪਹਾੜ ਨਾਲ ਹੁੰਦਾ ਹੈ ਤਾਂ ਕੁਝ ਸਮੇਂ ਲਈ ਸੱਚ ਚਕਨਾਚੂਰ ਹੋ ਕੇ ਝੂਠ ਦੇ ਸਾਂਚੇ ਵਿੱਚ ਢਲ ਜਾਂਦਾ ਹੈ। ਇਸੇ ਤਰ੍ਹਾਂ ਝੂਠ ਦਾ ਕਾਰਵਾਂ ਚਲਦਾ ਰਹਿੰਦਾ ਹੈ। ਜਿੰਦਗੀ ਦੇ ਹਰ ਮੋੜ ‘ਤੇ ਝੂਠ ਦਾ ਕਾਲਾ ਪਰਛਾਵਾਂ ਛਾਇਆ ਰਹਿੰਦਾ ਹੈ।

ਪਹਿਲਾਂ ਲੋਕ ਆਪਣੀ ਖੁਸ਼ੀ ਨੂੰ ਖੁੱਲ੍ਹ ਕੇ ਬਿਆਨ ਕਰਦੇ ਸਨ, ਕਿਉਂਕਿ ਲੋਕਾਂ ਨੂੰ ਇੱਕ-ਦੂਜੇ ਨਾਲ ਦਿਲੋਂ ਸਾਂਝ ਹੁੰਦੀ ਸੀ ਅਤੇ ਲੋਕਲਾਜ ਦਾ ਧਿਆਨ ਵੀ ਰੱਖਿਆ ਜਾਂਦਾ ਸੀ, ਪਰ ਅੱਜ-ਕੱਲ੍ਹ ਦਾ ਸਮਾਂ ਬੇਵਿਸ਼ਵਾਸੀ ਦਾ ਸਮਾਂ ਹੈ। ਹਰ ਇਨਸਾਨ ਆਪਣੀ ਖ਼ੁਸ਼ੀ ਨੂੰ ਦੂਜਿਆਂ ਸਾਹਮਣੇ ਜ਼ਾਹਿਰ ਕਰਨ ਤੋਂ ਡਰਦਾ ਹੈ ਕਿ ਕਿਤੇ ਸਾਹਮਣੇ ਵਾਲਾ ਦਿਲੋਂ ਉਸਦਾ ਬੁਰਾ ਹੀ ਨਾ ਸੋਚਦਾ ਹੋਵੇ।  ਅੱਜ-ਕੱਲ੍ਹ ਦੇ ਨਵੇਂ ਸ਼ਿਸ਼ਟਾਚਾਰ ਅਨੁਸਾਰ ਖਿੜਖਿੜਾ ਕੇ ਹੱਸਣਾ ਬੈਡ ਮੈਨਰਜ਼ ਮੰਨ ਕੇ ਸਿਰਫ ਝੂਠੀ ਅਤੇ ਫਿੱਕੀ ਮੁਸਕਾਨ ਨਾਲ ਹੀ ਕੰਮ ਚਲਾ ਲਿਆ ਜਾਂਦਾ ਹੈ। ਲੋਕ ਕਿਸੇ ਦੇ ਹੱਸਣ ਦੇ ਅੰਦਾਜ਼ ਤੋਂ ਹੀ ਉਸ ਦੀਆਂ ਅੰਦਰੂਨੀ ਭਾਵਨਾਵਾਂ ਬਾਰੇ ਅੰਦਾਜ਼ੇ ਲਗਾ ਕੇ ਉਸਦੇ ਚਰਿੱਤਰ ਬਾਰੇ ਧਾਰਨਾਵਾਂ ਬਣਾ ਲੈਂਦੇ ਹਨ, ਸ਼ਾਇਦ ਇਸੇ ਕਾਰਨ ਝੂਠੀ ਮੁਸਕਾਨ ਦਾ ਮੁਖੌਟਾ ਚਿਹਰੇ ‘ਤੇ ਚੜ੍ਹਾ ਲਿਆ ਜਾਂਦਾ ਹੈ।

ਪਹਿਲਾਂ ਵਾਂਗ ਹੁਣ ਲੋਕਾਂ ਦਾ ਜ਼ੁਬਾਨ ਦਾ ਪੱਕਾ ਹੋਣਾ ਵੀ ਆਪਣੀ ਜ਼ਰੂਰਤ ਅਨੁਸਾਰ ਬਦਲਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਜ਼ੁਬਾਨ ਦੀ ਕੀਮਤ ਸਿਰ ਦੇ ਕੇ ਵੀ ਚੁਕਾਈ ਜਾਂਦੀ ਸੀ, ਉੱਥੇ ਅਜੋਕੇ ਸਮੇਂ ਵਿੱਚ ਪ੍ਰਾਣ ਜਾਏ ਪਰ ਵਚਨ ਨਾ ਜਾਏ, ਵਰਗੀਆਂ ਗੱਲਾਂ ਨਹੀਂ ਰਹੀਆਂ। ਵਪਾਰ ਵਿੱਚ ਤਾਂ ਝੂਠ ਦੀ ਮਹਿਮਾ ਕਿਸੇ ਤੋਂ ਲੁਕੀ ਨਹੀਂ। ਅਖਬਾਰਾਂ ਅਤੇ ਮੀਡੀਆ ਵਿੱਚ ਝੂਠ ਦੀ ਚਾਸ਼ਨੀ ਵਿੱਚ ਲਿਪਟੇ ਇਸ਼ਤਿਹਾਰ ਦੇਖ ਕੇ ਖ਼ਰੀਦਦਾਰ ਕਦੋਂ ਲੁੱਟੇ ਜਾਂਦੇ ਹਨ, ਇਸ ਦਾ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ। ਆਨਲਾਈਨ ਵਪਾਰ ਇਸ ਦਾ ਐਡਵਾਂਸ ਵਰਜ਼ਨ ਹੈ।

ਝੂਠ ਦੀ ਗੱਲ ਅੱਗੇ ਤੋਰੀਏ ਤਾਂ ਧਰਮ ਕਰਮ ਵਿੱਚ ਵੀ ਝੂਠ ਆਪਣੇ ਪੈਰ ਪਸਾਰ ਚੁੱਕਾ ਹੈ । ਝੂਠ ਦੇ ਮੱਕੜਜਾਲ ਵਿੱਚ ਉੱਲਝੇ ਲੋਕ ਦੂਜੇ ਧਰਮਾਂ ਵਿਰੁੱਧ ਜ਼ਹਿਰ ਉਗਲ ਕੇ ਆਪਣੇ ਧਰਮ ਦੀ ਨਹੀਂ ਸਗੋਂ ਫਿਰਕੂ ਸੋਚ ਦੀ ਸੇਵਾ ਕਰ ਰਹੇ ਹੁੰਦੇ ਹਨ। ਰਿਸ਼ਤੇ-ਨਾਤੇ ਅਤੇ ਸਾਕ-ਸਬੰਧ ਵੀ ਹੁਣ ਪਹਿਲਾਂ ਵਾਂਗ ਸਾਫ਼-ਸੁਥਰੇ ਅਤੇ ਪਾਕ-ਸਾਫ ਨਹੀਂ ਰਹੇ। ਝੂਠ ਦੇ ਸ਼ਿਕੰਜੇ ਵਿੱਚ ਫਸੇ ਰਿਸ਼ਤੇ-ਨਾਤੇ ਹੁਣ ਬਸ ਫੋਨ, ਵਟਸਐਪ ਅਤੇ ਫੇਸਬੁੱਕ ਦੇ ਸੰਦੇਸ਼ਾਂ ਦੁਆਰਾ ਹੀ ਨਿਭਾਏ ਜਾ ਰਹੇ ਹਨ। ਵਿਆਹ-ਸ਼ਾਦੀਆਂ ਵਿੱਚ ਹੁਣ ਪਹਿਲਾਂ ਦੀ ਤਰ੍ਹਾਂ ਰਿਸ਼ਤੇਦਾਰਾਂ ਦੀਆਂ ਰੌਣਕਾਂ ਨਹੀਂ ਲੱਗਦੀਆਂ। ਵਿਆਹਾਂ ਵਿੱਚ ਰੱਜੇ-ਪੁੱਜਿਆਂ ਨੂੰ ਹੀ ਖਵਾ ਕੇ, ਗਰੀਬ ਜ਼ਰੂਰਤਮੰਦ ਨੂੰ ਦੁਤਕਾਰ ਕੇ ਅਤੇ ਪੈਸਾ ਪਾਣੀ ਵਾਂਗ ਵਹਾ ਕੇ ਹੀ ਸਮਾਜ ਵਿੱਚ ਆਪਣੀ ਝੂਠੀ ਸ਼ਾਨੋ-ਸ਼ੌਕਤ ਬੁਲੰਦ ਰਹਿਣ ਦਾ ਭਰਮ ਪਾਲ਼ ਲਿਆ ਜਾਂਦਾ ਹੈ। ਰਿਸ਼ਤੇਦਾਰ ਵੀ ਦੂਜੇ ਲੋਕਾਂ ਵਾਂਗ ਰਸਮ ਨਿਭਾਉਣ ਲਈ ਹਾਜ਼ਰੀ ਭਰ ਜਾਂਦੇ ਹਨ। ਚਾਚਾ-ਚਾਚੀ, ਤਾਇਆ-ਤਾਈ ਅਤੇ ਮਾਮੇ-ਮਾਮੀ ਵਰਗੇ ਨਿੱਘੇ ਰਿਸ਼ਤੇ ਬੱਸ ਅੰਕਲ-ਆਂਟੀ ਦੇ ਨਾਂਅ ਹੇਠਾਂ ਫੋਕੇ ਅਤੇ ਫਜ਼ੂਲ ਹੋ ਕੇ ਰਹਿ ਗਏ ਹਨ। ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਪਤੀ-ਪਤਨੀ ਵਰਗੇ ਪਵਿੱਤਰ ਰਿਸ਼ਤੇ ਵੀ ਡਾਲਰਾਂ ਦੇ ਚਮਕ ਹੇਠਾਂ ਕੁਚਲੇ ਜਾ ਰਹੇ ਹਨ। ਭੌਤਿਕਵਾਦ ਹਰ ਪਾਸੇ ਹਾਵੀ ਹੋ ਰਿਹਾ ਹੈ। ਪਹਿਲਾਂ ਵਾਂਗ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਖਾਲਿਸ ਨਾ ਰਹਿ ਕੇ ਗੰਦਲਾ ਹੋ ਰਿਹਾ ਹੈ। ਜਿੱਥੇ ਕਦੇ ਏਕਲਵਿਆ ਨੇ ਗੁਰੂ ਦੇ ਮੰਗਣ ‘ਤੇ ਬਿਨਾ ਸਵਾਲ ਕੀਤੇ ਆਪਣਾ ਅੰਗੂਠਾ ਭੇਂਟ ਕਰ ਦਿੱਤਾ ਸੀ, ਉੱਥੇ ਅੱਜ-ਕੱਲ੍ਹ ਦੇ ਵਿਦਿਆਰਥੀ ਅਧਿਆਪਕ ਦਿਵਸ ਨੂੰ ਹੀ ਰਸਮੀ ਨਿਭਾ ਕੇ ਆਪਣਾ ਫਰਜ਼ ਪੂਰਾ ਕਰ ਲੈਂਦੇ ਹਨ।  ਅਧਿਆਪਕ ਵੀ ਕਲਾਸਾਂ ਵਿੱਚ ਰੁਚੀ ਨਾਲ ਪੜ੍ਹਾਉਣ ਦੀ ਥਾਂ ਸਾਰਾ ਜ਼ੋਰ ਟਿਊਸ਼ਨ ਸੈਂਟਰਾਂ ਵਿੱਚ ਹੀ ਲਾਉਂਦੇ ਹਨ।

ਖੇਡ ਮੁਕਾਬਲਿਆਂ ਵਿੱਚ ਖਿਡਾਰੀ ਨਸ਼ੇ ਲੈ ਕੇ ਝੂਠੇ ਅਤੇ ਥੋੜ੍ਹੇ ਸਮੇਂ ਦੇ ਜ਼ੋਰ ਨਾਲ ਆਪਣੇ ਸਰੀਰ ਦੇ ਖੋਖਲਾ ਹੋਣ ਦੀ ਪ੍ਰਵਾਹ ਨਾ ਕਰ ਕੇ, ਮੈਦਾਨ ਫਤਿਹ ਕਰਨ ਲਈ ਹਰ ਤਰ੍ਹਾਂ ਦੇ ਪ੍ਰਪੰਚ ਕਰਦੇ ਹਨ ਅਤੇ ਸੱਚੇ-ਸੁੱਚੇ ਖਿਡਾਰੀ ਨਿਰਾਸ਼ ਹੋ ਕੇ ਫਾਡੀ ਰਹਿ ਜਾਂਦੇ ਹਨ। ਡਬਲਿਊ ਡਬਲਿਊ ਐਫ ਅਤੇ ਕ੍ਰਿਕਟ ਦੇ ਝੂਠੇ ਅਤੇ ਫਿਕਸ ਮੁਕਾਬਲੇ ਦਿਖਾ ਕੇ ਗੰਭੀਰ ਦਰਸ਼ਕਾਂ ਦੇ ਦਿਲ ਵਲੂੰਦਰੇ ਜਾਣ ਦੀ ਕਿਸੇ ਨੂੰ ਪਰਵਾਹ ਨਹੀਂ।  ਮੀਡੀਆ ਵਿੱਚ ਵੀ ਝੂਠੀਆਂ, ਮਨਘੜਤ ਅਤੇ ਇੱਕ ਪੱਖੀ ਖਬਰਾਂ ਦਿਖਾ ਕੇ ਟੀਆਰਪੀ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਚੋਣਾਂ ਵਿੱਚ ਝੂਠੇ ਅਤੇ ਫਰਜ਼ੀ ਸਰਵੇ ਦਿਖਾ ਕੇ ਕਿਸੇ ਖ਼ਾਸ ਨੇਤਾਵਾਂ ਦੇ ਪੱਖ ਵਿੱਚ ਮਾਹੌਲ ਤਿਆਰ ਕੀਤਾ ਜਾਂਦਾ ਹੈ। ਸੱਚੇ-ਸੁੱਚੇ ਉਮੀਦਵਾਰ ਦੀ ਪੁੱਛ-ਪੜਤਾਲ ਘਟਦੀ ਜਾ ਰਹੀ ਹੈ ਅਤੇ ਇਹ ਪ੍ਰਜਾਤੀ ਲੁਪਤ ਹੁੰਦੀ ਜਾ ਰਹੀ ਹੈ। ਝੂਠੇ ਜੁਮਲਿਆਂ ਨੂੰ ਵਾਰ-ਵਾਰ ਉੱਚੀ ਆਵਾਜ਼ ਵਿੱਚ ਬੋਲ ਕੇ ਉਹਨਾਂ ‘ਤੇ ਸੱਚ ਦਾ ਮੁਲੱਮਾਂ ਚੜ੍ਹਾ ਦਿੱਤਾ ਜਾਂਦਾ ਹੈ।  ਲਾਇਮਲਾਈਟ ਵਿੱਚ ਰਹਿਣ ਦੀ ਜ਼ਿੱਦ ਕਾਰਨ ਝੂਠੇ ਇਲਜ਼ਾਮ ਲਾ ਕੇ  ਇੱਕ-ਦੂਜੇ ਦਾ ਮਾਨ ਮਰਦਨ ਕੀਤਾ ਜਾਂਦਾ ਹੈ।  ਮੀ ਟੂ ਦੇ ਭਵੰਰ ਵਿੱਚ ਫਸੇ ਕਿੰਨੇ ਸੱਚੇ ਕਿੰਨੇ ਝੂਠੇ ਹਨ, ਇਸ ਦਾ ਪਤਾ ਅਦਾਲਤ ਦੀ ਕਸੌਟੀ ‘ਤੇ ਕੱਸਣ ‘ਤੇ ਹੀ ਲੱਗੇਗਾ।  ਆਧੁਨਿਕ ਨੌਜਵਾਨ ਵਰਗ ਤਾਂ ਵਾਟਸਐਪ, ਟਵਿੱਟਰ ਅਤੇ ਇੰਸਟਾਗ੍ਰਾਮ ਦੀ ਝੂਠੀ ਕਾਲਪਨਿਕ ਦੁਨੀਆਂ ਵਿੱਚ ਹੀ ਗੁਆਚਾ ਰਹਿੰਦਾ ਹੈ। ਫੇਸਬੁੱਕ ‘ਤੇ ਝੂਠੀਆਂ ਆਈ ਡੀਆਂ ਬਣਾ ਕੇ ਮੁੰਡੇ ਕੁੜੀਆਂ ਦੁਆਰਾ ਇੱਕ-ਦੂਜੇ ਨੂੰ ਭਰਮਾਈ ਰੱਖਣਾ ਆਧੁਨਿਕ ਸ਼ੁਗਲ ਤਾਂ ਹੈ ਹੀ ਪਰ ਕਿਸੇ ਮੁੱਦੇ ‘ਤੇ ਝੂਠੀਆਂ ਪੋਸਟਾਂ ਪਾ ਕੇ ਜਨਮਤ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਇਸ ਦਾ ਕਰੂਪ ਚਿਹਰਾ ਹੈ।  ਨਿਆਂ ਦੇ ਮੰਦਰ ਕਹੇ ਜਾਣ ਵਾਲੀਆਂ ਕੋਰਟ-ਕਚਹਿਰੀਆਂ ਵਿੱਚ ਰੋਜ਼ਾਨਾ ਝੂਠੇ ਮੁਕੱਦਮੇ ਅਤੇ ਗਵਾਹਾਂ ਨਾਲ ਨਜਿੱਠਣਾ ਅਤੇ ਸਹੀ ਜੱਜਮੈਂਟ ਦੇਣਾ ਜੱਜਾਂ ਸਾਹਮਣੇ ਵੱਡੀ ਚੁਣੌਤੀ ਹੈ।

ਆਧੁਨਿਕੀਕਰਨ ਦੀ ਅੰਨ੍ਹੀ ਦੌੜ ਵਿੱਚ ਫਸ ਕੇ ਅਸੀਂ ਆਪਣੇ ਮਨੁੱਖ ਹੋਣ ਦੇ ਅਸਲ ਮਕਸਦ ਨੂੰ ਭੁੱਲ ਬੈਠੇ ਹਾਂ। ਹੁਣ ਸਮਾਂ ਹੈ ਝੂਠ ਦੇ ਲੁਭਾਵਣੇ ਅਕਸ ਨੂੰ ਛੱਡ ਕੇ ਸੱਚੀ ਮਿਹਨਤ ਨੂੰ ਸਾਥੀ ਬਣਾ ਕੇ ਦੇਸ਼ ਦੇ ਵਿਕਾਸ ਲਈ ਸੱਚੇ ਹੰਬਲੇ ਮਾਰਨ ਦਾ। ਆਓ! ਅਸੀਂ ਸਾਰੇ ਝੂਠ ਦੀ ਜ਼ਿੰਦਗੀ ਛੱਡ ਕੇ ਸੱਚੀ-ਸੁੱਚੀ ਮਿਹਨਤ ਕਰ ਕੇ ਆਪਣੇ ਦੇਸ਼ ਨੂੰ ਤਰੱਕੀ ਦੀਆਂ ਸਿਖਰਾਂ ‘ਤੇ ਲਿਜਾਈਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।