ਹੜਤਾਲ ਖਤਮ, ਕੱਲ ਤੋਂ ਸੜਕਾਂ ’ਤੇ ਚੱਲਣਗੀਆਂ ਸਰਕਾਰੀ ਬੱਸਾਂ

Punjab Roadways

ਸਰਕਾਰ ਵੱਲੋਂ 30 ਫੀਸਦੀ ਤਨਖਾਹ ਵਧਾਉਣ ਦਾ ਵਾਅਦਾ, ਹਰ ਸਾਲ ਪੰਜ ਫੀਸਦੀ ਵਧੇਗੀ

ਰੈਗੂਲਰ ਲਈ ਸਰਕਾਰ ਨੂੰ 29 ਸਤੰਬਰ ਤੱਕ ਦਾ ਦਿੱਤਾ ਸਮਾਂ, ਉਸ ਤੋਂ ਬਾਅਦ ਮੁੜ ਹੋਵੇਗੀ ਹੜਤਾਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਪੀਆਰਟੀਸੀ, ਪੰਜਾਬ ਰੋਡਵੇਜ ਅਤੇ ਪਨਬੱਸ ਠੇਕਾ ਕਾਮਿਆਂ ਵੱਲੋਂ ਆਖਰ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਕਰਕੇ 15 ਸਤੰਬਰ ਤੋਂ ਬੱਸਾਂ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਯੂਨੀਅਨ ਆਗੂਆਂ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੇ ਰੈਗੂਲਰ ਸਬੰਧੀ 29 ਸਤੰਬਰ ਤੱਕ ਕੋਈ ਹੱਲ ਨਾ ਕੱਢਿਆ ਗਿਆ ਤਾਂ ਇਸ ਤੋਂ ਬਾਅਦ ਮੁੜ ਹੜਤਾਲ ’ਤੇ ਚਲੇ ਜਾਣਗੇ।

ਜਾਣਕਾਰੀ ਅਨੁਸਾਰ ਅੱਜ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸੰਧੂ, ਟਰਾਂਸਪੋਰਟ ਸੈਕਟਰੀ, ਪੀਆਰਟੀਸੀ ਦੇ ਐਮਡੀ ਅਤੇ ਪੰਜਾਬ ਰੋਡਵੇਜ ਦੇ ਡਾਇਰੈਕਟਰ ਆਦਿ ਅਧਿਕਾਰੀ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕੱਚੇ ਕਾਮਿਆਂ ਦੀਆਂ ਮੰਗਾਂ ਸੁਣਦਿਆਂ ਸਰਕਾਰ ਨੇ ਮੁਲਾਜ਼ਮਾਂ ਦੀ ਤਨਖਾਹ ਵਿੱਚ 30 ਫੀਸਦੀ ਵਾਧਾ ਕਰਨ ’ਤੇ ਸਹਿਮਤੀ ਪ੍ਰਗਟਾ ਦਿੱਤੀ ਹੈ। ਜਦਕਿ ਹਰ ਸਾਲ 5 ਫੀਸਦੀ ਤਨਖਾਹ ਵਾਧੇ ਦੀ ਗੱਲ ਵੀ ਕਹੀ ਗਈ ਹੈ। ਇਸ ਤੋਂ ਇਲਾਵਾ ਆਗੂਆਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਰੱਖਿਆ ਗਿਆ, ਜਿਸ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦੇ ’ਤੇ ਖਰੜਾ ਤਿਆਰ ਕਰਨ ਲਈ ਸਰਕਾਰ ਨੇ 1 ਹਫਤੇ ਦਾ ਸਮਾਂ ਮੰਗਿਆ ਹੈ ਅਤੇ ਇਸ ਮੁੱਦੇ ਨੂੰ ਮੁੱਖ ਮੰਤਰੀ ਨਾਲ ਵਿਚਾਰਨ ਦੀ ਗੱਲ ਕਹੀ ਹੈ।Roadways Strike is Over Sachkahoon

ਇਸ ਦੇ ਮੱਦੇਨਜਰ ਮੁਲਾਜ਼ਮ ਜੱਥੇਬੰਦੀਆਂ ਨੇ 29 ਸਤੰਬਰ ਤੱਕ ਦਾ ਸਮਾਂ ਦੇ ਦਿੱਤਾ ਹੈ ਅਤੇ ਇਸ ਸਮੇਂ ਤੱਕ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਆਗੂਆਂ ਹਰਕੇਸ ਵਿੱਕੀ, ਜਸਦੀਪ ਸਿੰਘ ਲਾਲੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਹਫ਼ਤੇ ਦੀ ਥਾਂ 14 ਦਿਨ ਦਾ ਸਮਾਂ ਦੇ ਦਿੱਤਾ ਹੈ, ਜੇਕਰ ਇਸ ਸਮੇਂ ਦੌਰਾਨ ਰੈਗੂਲਰ ਕਰਨ ਦਾ ਮੁੱਦਾ ਹੱਲ ਨਾ ਹੋਇਆ ਤਾਂ ਉਹ ਮੁੜ ਆਪਣਾ ਹੜਤਾਲ ਵਰਗਾ ਐਕਸ਼ਨ ਉਲੀਕਣਗੇ। ਉਨ੍ਹਾਂ ਦੱਸਿਆ ਕਿ ਹੁਣ 15 ਸਤੰਬਰ ਤੋਂ ਉਹ ਪਹਿਲਾਂ ਵਾਂਗ ਆਪਣੇ ਰੂਟ ਚਲਾਉਣਗੇ ਅਤੇ ਉਹ ਵੀ ਸਮਝਦੇ ਹਨ ਕਿ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਹੈ।

ਦੱਸਣਯੋਗ ਹੈ ਕਿ ਪਿਛਲੇ 9 ਦਿਨਾਂ ਤੋਂ ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ ਕੰਟ੍ਰਰੈਕਟ ਵਰਕਰਜ ਯੂਨੀਅਨ ਵੱਲੋਂ ਹੜਤਾਲ ਸ਼ੁਰੂ ਕੀਤੀ ਹੋਈ ਸੀ। ਜਿਸ ਕਾਰਨ 80 ਫੀਸਦੀ ਸਰਕਾਰੀ ਬੱਸਾਂ 9 ਦਿਨਾਂ ਤੋਂ ਬੰਦ ਪਈਆਂ ਹਨ। ਇਸ ਕਰਕੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਟਿਆਲਾ ਸਮੇਤ ਵੱਖ ਵੱਖ ਬੱਸ ਅੱਡਿਆਂ ’ਤੇ ਲੋਕਾਂ ਦੀਆ ਭੀੜਾਂ ਜੁੜ ਰਹੀਆਂ ਸਨ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਹੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ