ਬਰਗਾੜੀ ‘ਚ ਲੱਗਾ ਧਰਨਾ ਕਾਂਗਰਸ ਦੀ ਸਾਜ਼ਿਸ਼ : ਬਿਕਰਮ ਮਜੀਠੀਆ

Bikram Majithia, Congress, Conspiracy, Hatched, Bargari

ਕਿਹਾ, ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਦੀ ਸਾਜ਼ਿਸ਼ ਘੜਨ ਵਾਲਿਆਂ ਖਿਲਾਫ਼ ਚੁੱਪ ਨਹੀਂ ਬੈਠਾਂਗੇ | Bikram Majithia

ਅੰਮ੍ਰਿਤਸਰ, (ਰਾਜਨ ਮਾਨ)। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਨਾਂਅ ‘ਤੇ ਬਰਗਾੜੀ ਵਿਖੇ ਕੁਝ ਆਗੂਆਂ ਵੱਲੋਂ ਲਾਏ ਗਏ ਮੋਰਚੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਮੋਰਚਾ ਸਰਕਾਰ ਦੀ ਸ਼ਹਿ ‘ਤੇ ਲਾਇਆ ਗਿਆ ਹੈ। ਇਹ ਮੋਰਚਾ ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ  ਆਪਣੀ ਹੀ ਸਰਕਾਰ ਖ਼ਿਲਾਫ਼ ਸ਼ੁਰੂ ਕਰਾਇਆ ਗਿਆ ਹੈ। ਕਾਂਗਰਸ ਨੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਸਿਆਸੀ ਤੇ ਆਰਥਿਕ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਅਖੌਤੀ ਮੋਰਚੇ ਰਾਹੀਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। (Bikram Majithia)

ਬਿਕਰਮ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ ਤੇ ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਨੂੰ ਮੁੜ ਅੱਗ ਦੀ ਭੱਠੀ ‘ਚ ਝੋਂਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ‘ਚ ਅੱਜ ਵੀ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਦੀ ਸਾਜ਼ਿਸ਼ ਘੜਨ ਵਾਲਿਆਂ ਖਿਲਾਫ਼ ਚੁੱਪ ਨਹੀਂ ਬੈਠੇਗਾ।

ਮਜੀਠੀਆ ਨੇ ਕਿਹਾ ਕਿ ਅੱਜ ਤੱਕ ਕਿੰਨੇ ਹੀ ਧਰਨੇ ਦਿੱਤੇ ਗਏ, ਕਦੇ ਅਧਿਆਪਕ, ਕਦੇ ਆਂਗਣਵਾੜੀ ਵਰਕਰ ਅਤੇ ਕਦੇ ਕਿਸਾਨ ਅੱਜ ਤਕ ਸਰਕਾਰ ਨੇ ਕਿਸੇ ਨੂੰ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਪਰ ਕਾਂਗਰਸ ਬਰਗਾੜੀ ਮੋਰਚੇ ਦੇ ਆਗੂਆਂ  ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਰਹੀ ਹੈ। ਮਜੀਠੀਆ ਨੇ ਕਿਹਾ ਕਿ 2020 ਰਿਫਰੈਂਡਮ ਦੀ ਹਿਮਾਇਤ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂੰ ਨੂੰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੇ ਨਾਕਾਰ ਦਿੱਤਾ ਹੈ। ਵਿਦੇਸ਼ਾਂ ਵਿਚ ਬੈਠੇ ਸਿੱਖ ਵੀ ਪੰਜਾਬ ਵਿਚ ਅਮਨ ਸ਼ਾਂਤੀ ਚਾਹੁੰਦੇ ਹਨ ਮਜੀਠੀਆ ਨੇ ਕਿਹਾ ਕਿ ਪੰਨੂੰ ਦਾ ਸਿਰਫ ਇੱਕੋ ਇੱਕ ਮਕਸਦ ਹੈ ਪੰਜਾਬ ਵਿਚ ਅੱਤਵਾਦ ਲਿਆਉਣ ਲਈ ਆਈ. ਐੱਸ. ਆਈ. ਨੂੰ ਸਰਗਰਮ ਕਰਨਾ।