ਹੜ੍ਹ ਪੀੜਤਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

(ਭੂਸਨ ਸਿੰਗਲਾ) ਸ਼ੁਤਰਾਣਾ। ਹੜ੍ਹਾਂ ਦੀ ਕੁਦਰਤੀ ਆਫਤ ਰੋਕਣ ਲਈ ਭਾਵੇਂ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ ਪਰ ਪੀੜ੍ਹਤਾਂ ਦੇ ਦੁੱਖ ਵੰਡਾਉਣ ਲਈ ਸਮਾਜ ਸੇਵੀ ਸੰਸਥਾਵਾਂ ਜੁਟੀਆਂ ਹੋਈਆਂ ਹਨ। ਬਲਾਕ ਸ਼ੁਤਰਾਣਾ ਦੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਪੀੜ੍ਹਤਾਂ ਦੀ ਮੱਦਦ ਕਰ ਰਹੇ ਹਨ, ਜੋ ਲਗਾਤਾਰ ਜ਼ਾਰੀ ਹੈ। (Punjab Floods)

ਵੇਰਵਿਆਂ ਮੁਤਾਬਿਕ ਸ਼ੁਤਰਾਣਾ ਖੇਤਰ ਦੇ ਕਾਫੀ ਪਿੰਡ ਹੜ੍ਹਾਂ ਦੇ ਪਾਣੀ ’ਚ ਘਿਰ ਗਏ। ਪੀੜ੍ਹਤ ਲੋਕਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀ ਬਣਦੀ ਹਰ ਸੰਭਵ ਮੱਦਦ ਕਰਨ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਕਿਸ਼ਤੀਆਂ ਜਾਂ ਟਰਾਲੀਆਂ ਆਦਿ ਰਾਹੀਂ ਘਰ-ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸੇਵਾਦਾਰਾਂ ਵੱਲੋਂ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਦਵਾਈਆਂ ਆਦਿ ਸਮੇਤ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। (Punjab Floods)

ਇਹ ਵੀ ਪੜ੍ਹੋ : ਪੀੜ੍ਹਤਾਂ ਦੇ ਦਰਾਂ ’ਤੇ ਜਾ ਕੇ ਰਾਹਤ ਸਮੱਗਰੀ ਵੰਡ ਰਹੇ ਨੇ ਡੇਰਾ ਸ਼ਰਧਾਲੂ

ਸੇਵਾਦਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੇ ਅਨੁਸ਼ਾਸ਼ਨ ’ਚ ਰਹਿ ਕੇ ਹਰ ਪੀੜ੍ਹਤ ਪਰਿਵਾਰ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੁਦਰਤੀ ਆਫ਼ਤ ਦੀ ਇਸ ਘੜੀ ’ਚ ਕੋਈ ਵੀ ਪਰਿਵਾਰ ਰੋਟੀ-ਪਾਣੀ ਜਾਂ ਮੈਡੀਕਲ ਸਹਾਇਤਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਭਾਵੇਂ ਪੀੜ੍ਹਤ ਪਰਿਵਾਰਾਂ ਵੱਲੋਂ ਰਾਹਤ ਸਮੱਗਰੀ ਮਿਲਣ ’ਤੇ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਪਰ ਉਹ ਪਰਿਵਾਰਾਂ ਨੂੰ ਇਹੋ ਕਹਿ ਰਹੇ ਹਨ ਕਿ ਔਖੇ ਸਮੇਂ ’ਚ ਲੋੜਵੰਦਾਂ ਦੀ ਮੱਦਦ ਕਰਨਾ ਸਾਡਾ ਫਰਜ਼ ਹੈ, ਜਿਸ ਨੂੰ ਉਹ ਨਿਭਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਇਸ ਘੜੀ ’ਚੋਂ ਨਿੱਕਲਣ ਤੱਕ ਮੱਦਦ ਕਰਦੇ ਰਹਿਣ ਦਾ ਭਰੋਸਾ ਵੀ ਦਿੱਤਾ।