ਸ਼ਕਤੀ ਸਿੰਘ ਦੇ ਘਰ ਦੀ ਰੇਕੀ ਕਰਨ ਵਾਲਾ ਕਾਬੂ

 2 ਪਿਸਟਲ 9 ਐੱਮ.ਐੱਮ ’ਤੇ 10 ਜ਼ਿੰਦਾ ਕਾਰਤੂਸ ਸਮੇਤ ਗੱਡੀ ਬਰਾਮਦ

(ਗੁਰਪ੍ਰੀਤ ਸਿੰਘ) ਫ਼ਰੀਦਕੋਟ। ਸਥਾਨਕ ਸੀ.ਆਈ.ਏ ਸਟਾਫ਼ ਵੱਲੋਂ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਵਾਸੀ ਡੱਗੋਰੋਮਾਣਾ (ਫ਼ਰੀਦਕੋਟ) ਦੇ ਘਰ ਦੇ ਬਾਹਰ ਸ਼ੱਕੀ ਹਾਲਤ ਵਿੱਚ ਘੁੰਮਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਉਹ ਅਸਲਾ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਲੈਸ ਹੋ ਕੇ ਇਹ ਸ਼ਕਤੀ ਸਿੰਘ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਨਾਲ ਆਇਆ ਸੀ।

ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਏ.ਐੱਸ.ਆਈ ਚਮਕੌਰ ਸਿੰਘ ਜੋ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ, ਨੂੰ ਜਦ ਫੋਨ ’ਤੇ ਇਹ ਜਾਣਕਾਰੀ ਦਿੱਤੀ ਕਿ ਇੱਕ ਸਿਲਵਰ ਰੰਗ ਦੀ ਮਹਿੰਦਰਾ ਪਿਕਅਪ ਗੱਡੀ ਨੰਬਰ ਪੀ.ਬੀ 03 ਏਸੀ 1331 ਪਿੰਡ ਡੱਗੋ ਰੋਮਾਣਾ ਵਿਖੇ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਦੇ ਘਰ ਦੇ ਆਸੇ ਪਾਸੇ ਸ਼ੱਕੀ ਹਾਲਤ ਵਿੱਚ ਚੱਕਰ ਲਗਾ ਰਹੀ ਹੈ ਤਾਂ ਏ.ਐੱਸ.ਆਈ ਚਮਕੌਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਡੱਗੋ ਰੋਮਾਣਾ ਪੁੱਜ ਕੇ ਗੱਡੀ ਨੂੰ ਕਾਬੂ ਕਰਕੇ ਇਸ ਨੂੰ ਚਲਾ ਰਹੇ ਵਿਅਕਤੀ ਭੋਲਾ ਸਿੰਘ ਉਰਫ਼ ਖਾਲਸਾ ਪੁੱਤਰ ਜੋਗਿੰਦਰ ਸਿੰਘ ਵਾਸੀ ਜਿਉਣਵਾਲਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਗ੍ਰਿਫਤਾਰ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੀ ਡੱਬ ਵਿੱਚੋਂ 1 ਪਿਸਟਲ 9 ਐੱਮ.ਐੱਮ 6 ਰੌਂਦ 9 ਐੱਮ.ਐੱਮ ਅਤੇ ਗੱਡੀ ਦੀ ਡਰਾਇਵਰ ਸੀਟ ਦੇ ਥੱਲਿਓ ਦੂਸਰਾ ਪਿਸਟਲ 9 ਐੱਮ.ਐੱਮ ਅਤੇ 4 ਰੌਂਦ 9 ਐੱਮ.ਐੱਮ ਬਰਾਮਦ ਹੋਏ।

ਦੱਸਣਯੋਗ ਹੈ ਕਿ ਬੀਤੇ ਸਤੰਬਰ ਮਹੀਨੇ ਵੀ ਕੁਝ ਅਣਪਛਾਤਿਆਂ ਵੱਲੋਂ ਕਥਿਤ ਬੇਅਦਬੀ ਮਾਮਲੇ ’ਚ ਜਮਾਨਤ ’ਤੇ ਆਏ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਦੇ ਘਰ ਦੀ ਰੇਕੀ ਕੀਤੀ ਗਈ ਸੀ ਤੇ ਜਬਰੀ ਉਸ ਦੇ ਘਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਸਬੰਧੀ ਸ਼ਕਤੀ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਤੋਂ ਬਾਅਦ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਅਤੇ ਸ਼ਕਤੀ ਸਿੰਘ ਦੇ ਬਿਆਨਾਂ ’ਤੇ ਦੋ ਪਛਾਤੇ ਸੁਖਜੀਤ ਸਿੰਘ ਉਰਫ਼ ਸੀਤੂ ਅਤੇ ਉਕਤ ਭੋਲਾ ਸਿੰਘ ਦੋਵੇਂ ਵਾਸੀ ਜਿਉਣ ਸਿੰਘ ਵਾਲਾ ਤੋਂ ਇਲਾਵਾ 3 ਹੋਰ ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰਕੇ ਇਹਨਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ