ਸੁਰੇਸ਼ ਕੁਮਾਰ ਦੀ ਵਾਪਸੀ ਲਈ ਹਾਈਕੋਰਟ ਪੁੱਜੀ ਪੰਜਾਬ ਸਰਕਾਰ, ਸਾਬਕਾ ਅਫ਼ਸਰ ਨਹੀਂ ਤਿਆਰ!

ਡਬਲ ਬੈਂਚ ਕੋਲ ਪਾਈ ਪਟੀਸ਼ਨ, ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਦੀ ਕੀਤੀ ਅਪੀਲ

  • ਸੋਮਵਾਰ ਨੂੰ ਹੋ ਸਕਦੀ ਐ ਸੁਣਵਾਈ, ਹਾਈ ਕੋਰਟ ਤੋਂ ਮੰਗ ਜਾ ਸਕਦੀ ਐ ਸਟੇ
  • ਸੁਰੇਸ਼ ਕੁਮਾਰ ਅਜੇ ਵੀ ਕਰ ਰਹੇ ਹਨ ਇਨਕਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਵਾਪਸੀ ਕਰਵਾਉਣ ਲਈ ਪੰਜਾਬ ਸਰਕਾਰ ਹਾਈ ਕੋਰਟ ਪੁੱਜ ਗਈ ਹੈ। ਪੰਜਾਬ ਸਰਕਾਰ ਵੱਲੋਂ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਲਈ ਡਬਲ ਬੈਂਚ ਕੋਲ ਅਪੀਲ ਕੀਤੀ ਹੈ, ਜਿਸ ‘ਤੇ ਸੋਮਵਾਰ ਨੂੰ ਸੁਣਵਾਈ ਹੋਣ ਦੇ ਆਸਾਰ ਹਨ। ਦੱਸਿਆ ਜਾ ਰਿਹਾ ਹੈ ਕਿ ਸੁਣਵਾਈ ਦਰਮਿਆਨ ਪੰਜਾਬ ਸਰਕਾਰ ਸਿੰਗਲ ਬੈਂਚ ਦੇ ਫੈਸਲੇ ‘ਤੇ ਸਟੇ ਮੰਗ ਸਕਦੀ ਹੈ ਤਾਂ ਕਿ ਆਖਰੀ ਫੈਸਲਾ ਆਉਣ ਤੋਂ ਪਹਿਲਾਂ ਹੀ ਸੁਰੇਸ਼ ਕੁਮਾਰ ਨੂੰ ਵਾਪਸ ਉਸੇ ਸੀਟ ‘ਤੇ ਬਿਠਾਇਆ ਜਾਵੇ, ਜਿਸ ਸੀਟ ਨੂੰ ਹਾਈ ਕੋਰਟ ਦੇ ਰੱਦ ਕਰ ਦਿੱਤੀ ਸੀ।

ਦੂਜੇ ਸੁਰੇਸ਼ ਕੁਮਾਰ ਅਜੇ ਵੀ ਵਾਪਸੀ ਨਾ ਕਰਨ ਸਬੰਧੀ ਅੜੇ ਹੋਏ ਹਨ ਹਾਲਾਂਕਿ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਨੂੰ ਦੋ ਵਾਰ ਉਨ੍ਹਾਂ ਦੇ ਘਰ ਜਾ ਕੇ ਮਨਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਹੁਣ ਤੱਕ ਇਹ ਦੋਵੇਂ ਕੋਸ਼ਿਸ਼ਾਂ ਸਫ਼ਲ ਹੁੰਦੀ ਨਜ਼ਰ ਨਹੀਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਦੀ ਹਾਮੀ ਆਉਣ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਜਾਣ ਦੀ ਤਿਆਰੀ ਕਰਨੀ ਸੀ ਪਰ ਹੁਣ ਜਦੋਂ ਪੰਜਾਬ ਸਰਕਾਰ ਹਾਈ ਕੋਰਟ ਚਲੀ ਗਈ ਹੈ ਤਾਂ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਹੈ ਕਿ ਸੁਰੇਸ਼ ਕੁਮਾਰ ਵਲੋਂ ਵਾਪਸੀ ਦੀ ਹਾਮੀ ਭਰ ਦਿੱਤੀ ਹੈ ਜਾਂ ਫਿਰ ਨਹੀਂ।