ਸਰਕਾਰ ਦੇ ਅੜਿੱਕੇ ਚੜੇ 72 ਹਜ਼ਾਰ 928 ਮੁਰਦੇ, ਹਰ ਮਹੀਨੇ ਛਕਦੇ ਸਨ 5 ਕਰੋੜ 47 ਲੱਖ ਰੁਪਏ
ਸਰਕਾਰ ਦੇ ਹੱਥ ਲਗੇ 3 ਲੱਖ 62 ਹਜ਼ਾਰ 927 ਗੈਰ ਹਾਜ਼ਰ ਪੈਨਸ਼ਨਰ
ਚੰਡੀਗੜ| ਹਜ਼ਾਰਾਂ ਮੁਰਦੇ ਹੀ ਪੰਜਾਬ ਸਰਕਾਰ ਨਾਲ ਹੀ ਠੱਗੀ ਮਾਰਦੇ ਹੋਏ ਕਰੋੜਾਂ ਰੁਪਏ ਦੀ ਪੈਨਸ਼ਨ ਕੁਝ ਹੀ ਮਹੀਨਿਆਂ ਵਿੱਚ ਛਕ ਗਏ। ਹੁਣ ਸਰਕਾਰ ਨੂੰ ਮੁਰਦਿਆਂ ਵਲੋਂ ਮਾਰੀ ਗਈ ਠੱਗੀ ਦੀ ਜਾਣਕਾਰੀ ਮਿਲੀ ਹੈ ਤਾਂ ਸਰਕਾਰ ਉਨਾਂ ਮੁਰਦਿਆਂ ਅਤੇ ਵਾਰਸਾਂ ਖ਼ਿਲਾਫ਼ ਮਾਮਲਾ ਦਰਜ਼ ਕਰਵਾਉਣ ਨੂੰ ਭੱਜੀ ਫਿਰਦੀ ਹੈ। ਪੰਜਾਬ ਨੂੰ ਛੱਡ ਸਵਰਗਵਾਸੀ ਹੋਏ ਇਹ 72 ਹਜ਼ਾਰ 928 ਮੁਰਦੇ ਹਰ ਮਹੀਨੇ ਪੰਜਾਬ ਸਰਕਾਰ ਤੋਂ ਪੈਨਸ਼ਨ ਲੈਂਦੇ ਹੋਏ 5 ਕਰੋੜ 47 ਲੱਖ ਰੁਪਏ ਛਕ ਜਾਂਦੇ ਸਨ। ਇਹ ਮੁਰਦੇ ਕਿੰਨੀ ਦੇਰ ਤੋਂ ਸਵਰਗ ਵਿੱਚ ਰਹਿੰਦੇ ਹੋਏ ਪੰਜਾਬ ਸਰਕਾਰ ਦੀ ਪੈਨਸ਼ਨ ਨੂੰ ਛਕਣ ਵਿੱਚ ਲਗੇ ਹੋਏ ਸਨ, ਇਸ ਸਬੰਧੀ ਪੰਜਾਬ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਬੁਢਾਪਾ ਅਤੇ ਵਿਧਵਾ ਪੈਨਸ਼ਨ ਦੇ ਤੌਰ ‘ਤੇ ਹਰ ਮਹੀਨੇ ਹਰ ਲਾਭਪਾਤਰੀ ਨੂੰ 750 ਰੁਪਏ ਪੈਨਸ਼ਨ ਦਿੱਤੀ ਜਾ ਰਹੀਂ ਹੈ। ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ 19.80 ਹਜ਼ਾਰ ਪੈਨਸ਼ਨ ਲਾਭਪਾਤਰੀਆਂ ਦੀ ਜਾਂਚ ਕਰਨ ਦੇ ਆਦੇਸ਼ ਦਿੰਦੇ ਹੋਏ ਇਨਾਂ ਸਾਰੀਆਂ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਵੀ ਆਦੇਸ਼ ਦਿੱਤੇ ਸਨ।
ਪਿਛਲੇ ਸਾਲ ਅਪ੍ਰੈਲ ਵਿੱਚ ਸ਼ੁਰੂ ਹੋਈ ਜਾਂਚ ਵਿੱਚ ਹੈਰਾਨੀਜਨਕ ਤੱਥ ਬਾਹਰ ਨਿਕਲ ਕੇ ਆ ਰਹੇ ਹਨ। ਪੰਜਾਬ ਸਰਕਾਰ ਨੇ ਪੜਤਾਲ ਦੌਰਾਨ 72 ਹਜ਼ਾਰ 928 ਮੁਰਦੇ ਫੜੇ ਹਨ, ਜਿਹੜੇ ਕਿ ਸਵਰਗਵਾਸੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਤੋਂ ਲਗਾਤਾਰ ਪੈਨਸ਼ਨ ਲੈਣ ਵਿੱਚ ਲਗੇ ਹੋਏ ਸਨ। ਇਨਾਂ 72 ਹਜ਼ਾਰ 928 ਮੁਰਦਿਆਂ ਨੂੰ ਹਰ ਮਹੀਨੇ 750 ਰੁਪਏ ਅਨੁਸਾਰ 5 ਕਰੋੜ 47 ਲੱਖ ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਸੀ।
ਇਨਾਂ ਮੁਰਦੇ ਪੈਨਸ਼ਨ ਲਾਭਪਤਾਰੀਆਂ ਦੇ ਨਾਲ ਹੀ 3 ਲੱਖ ਤੋਂ ਜਿਆਦਾ ਇਹੋ ਜਿਹੇ ਪੈਨਸ਼ਨਰ ਮਿਲੇ ਹਨ, ਜਿਹੜੇ ਅਯੋਗ ਕਰਾਰ ਦੇਣ ਦੇ ਨਾਲ ਹੀ ਆਪਣੇ ਪਤੇ ਟਿਕਾਣੇ ‘ਤੇ ਮਿਲੇ ਹੀ ਹਨ। ਜਿਸ ਕਾਰਨ ਪੰਜਾਬ ਸਰਕਾਰ ਨੇ ਹੁਣ ਤੱਕ 3 ਲੱਖ 62 ਹਜ਼ਾਰ 927 ਪੈਨਸ਼ਨ ਲਾਭਪਾਤਰੀਆਂ ਦੀ ਪੈਨਸ਼ਨ ਬੰਦ ਕਰਕੇ ਇਨਾਂ ਨੂੰ ਦਿੱਤੀ ਗਈ ਪੈਨਸ਼ਨ ਦੀ ਰਿਕਵਰੀ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ।
ਇਨਾਂ 3 ਲੱਖ 62 ਹਜ਼ਾਰ 927 ਵਿੱਚੋਂ 75 ਹਜ਼ਾਰ 784 ਲਾਪਤਾਰੀਆਂ ਨੇ ਮੁੜ ਤੋਂ ਆਪਣੀ ਅਰਜ਼ੀ ਦਿੰਦੇ ਹੋਏ ਆਪਣੇ ਆਪ ਨੂੰ ਯੋਗ ਕਰਾਰ ਦਿੱਤਾ ਹੈ ਜਾਂ ਫਿਰ ਪੱਤਾ ਟਿਕਾਣਾ ਬਦਲਣ ਦੇ ਕਾਰਨ ਕੱਟੀ ਹੋਈ ਪੈਨਸ਼ਨ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਇਨਾਂ ਅਰਜ਼ੀਆਂ ਦੀ ਪੜਤਾਲ ਕਰਨ ਸਬੰਧੀ ਵੀ ਸਰਕਾਰ ਵਲੋਂ ਆਦੇਸ਼ ਦੇ ਦਿੱਤੇ ਗਏ ਹਨ। ਜਿਹੜੇ ਬਿਨੈਕਾਰ ਠੀਕ ਪਾਏ ਗਏ, ਉਨਾਂ ਦੀ ਪੈਨਸ਼ਨ ਬਹਾਲ ਕਰ ਦਿੱਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।