ਰੋਟੀ ਦੀ ਕੀਮਤ

The Price Of Bread

ਰੋਟੀ ਦੀ ਕੀਮਤ

ਪਤਨੀ ਦਾ ਇੰਦੌਰ ਸ਼ਹਿਰ ਦਾ ਵਪਾਰਕ ਟੂਰ ਸੀ ਕੰਪਨੀ ਵੱਲੋਂ ਸਪਾਊਸ ਨੂੰ ਨਾਲ ਜਾਣ ਦੀ ਇਜ਼ਾਜਤ ਦਾ ਲਾਹਾ ਲੈਂਦਿਆਂ ਆਪਾਂ ਵੀ ਤਿਆਰੀ ਖਿੱਚ ਲਈ ਟੂਰ ਲਈ ਆਉਣ-ਜਾਣ ਤੋਂ ਲੈ ਕੇ ਪੰਜ ਤਾਰਾ ਹੋਟਲ ’ਚ ਠਹਿਰਨ ਅਤੇ ਉੱਥੇ ਖਾਣ-ਪੀਣ ਦਾ ਸਾਰਾ ਖਰਚਾ ਕੰਪਨੀ ਵੱਲੋਂ ਹੀ ਕੀਤਾ ਜਾਣਾ ਸੀ ਦੋ ਰਾਤਾਂ ਤੇ ਤਿੰਨ ਦਿਨ ਦੇ ਟੂਰ ਦੌਰਾਨ ਜਿੱਥੇ ਦਿਨ ਭਰ ਵਪਾਰਕ ਵਿਚਾਰਾਂ ਹੋਣੀਆਂ ਸਨ, ਉੱਥੇ ਹੀ ਰਾਤ ਨੂੰ ਸਥਾਨਕ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਸਨ। ਇਹ ਸ਼ਾਇਦ ਕੰਪਨੀ ਦੀ ਹੀ ਮਿਹਰਬਾਨੀ ਸੀ ਕਿ ਦੋ ਰਾਤਾਂ ਅਤੇ ਤਿੰਨ ਦਿਨਾਂ ਲਈ ਪੰਜ ਤਾਰਾ ਹੋਟਲ ਵਿਚ ਠਹਿਰਨ ਦਾ ਸਬੱਬ ਬਣਿਆ ਨਹੀਂ ਤਾਂ ਮੇਰੇ ਵਰਗੇ ਲਈ ਅਜਿਹੇ ਟੂਰ ਬਾਰੇ ਸੋਚਣਾ ਵੀ ਨਾਮੁਮਕਿਨ ਹੈ।
‘‘ਨਾਲ ਲਿਜਾਣ ਨੂੰ ਪਰੌਂਠੇ ਬਣਾ ਲਵਾਂ?’’ ਪਤਨੀ ਨੇ ਆਦਤ ਅਨੁਸਾਰ ਟੂਰ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ।

‘‘ਪਰੌਂਠਿਆਂ ਨੂੰ ਕੀ ਆ ਰਸਤੇ ’ਚ ਜਿੱਥੇ ਭੁੱਖ ਲੱਗੂ ਕੁਛ ਖਾਂ ਲਵਾਂਗੇ।’’
‘‘ਨਹੀਂ ਉਹ ਪਤਾ ਨੀ ਕਿਹੋ-ਜਿਹਾ ਮਟੀਰੀਅਲ ਵਰਤਦੇ ਨੇ? ਮੇਰਾ ਨੀ ਜੀਅ ਕਰਦਾ ਉਨ੍ਹਾਂ ਤੋਂ ਲੈ ਕੇ ਖਾਣ ਨੂੰ। ਮੈਂ ਹੁਣ ਬਣਾ ਲੈਨੀ ਆਂ ਪੰਜ-ਸੱਤ ਪਰੌਂਠੇ ਨਾਲ ਦੱਸੋ ਸਬਜ਼ੀ ਪਾਵਾਂ ਕਿ ਅਚਾਰ ਲੈ ਲਵਾਂ?’’
‘‘ਜੋ ਮਰਜੀ ਲੈ ਲਾ ਯਾਰ ਠੰਢੇ ਪਰੌਂਠੇ ਖਾਣ ਨੂੰ ਜੀਅ ਤਾਂ ਕਰਨਾ ਨੀ।’’
‘‘ਮੈਨੂੰ ਲਗਦਾ ਥੋਨੂੰ ਊਈਂ ਬਾਹਰ ਦਾ ਖਾਣਾ ਖਾਣ ਦਾ ਝੱਲ ਚੜ੍ਹਿਆ ਅੱਜ ਨਾਲ ਲੈ ਲੈਨੀ ਆਂ ਉੱਥੇ ਵੇਖ ਲਵਾਂਗੇ ਜੇ ਖਾਣੇ ਹੋਏ ਖਾ ਲਵਾਂਗੇ ਜੇ ਕੁਛ ਹੋਰ ਲੈ ਕੇ ਖਾਣਾ ਹੋਇਆ ਤਾਂ ਉਹ ਖਾ ਲਵਾਂਗੇ।’’
‘‘ਚੱਲ ਇਹ ਠੀਕ ਆ।’’

ਇੰਦੌਰ ਪਹੁੰਚਣ ਲਈ ਦਿੱਲੀ ਤੋਂ ਜਹਾਜ਼ ਰਾਹੀਂ ਜਾਣਾ ਸੀ ਅਤੇ ਦਿੱਲੀ ਤੱਕ ਅਸੀਂ ਟਰੇਨ ਰਾਹੀਂ ਜਾਣ ਦਾ ਫੈਸਲਾ ਕੀਤਾ ਬਰਨਾਲਾ ਰੇਲਵੇ ਸਟੇਸ਼ਨ ਤੋਂ ਟਰੇਨ ਲੈ ਕੇ ਅਸੀਂ ਦਿੱਲੀ ਵੱਲ ਚਾਲੇ ਪਾ ਦਿੱਤੇ। ਦਿੱਲੀ ਰੇਲਵੇ ਸਟੇਸ਼ਨ ਤੋਂ ਏਅਰਪੋਰਟ ਪਹੁੰਚਣਾ ਸਾਡੇ ਲਈ ਨਵਾਂ ਤਜ਼ਰਬਾ ਸੀ ਪਰ ਏਅਰਪੋਰਟ ’ਤੇ ਸਕਿਉਰਿਟੀ ’ਚ ਕੰਮ ਕਰਦੇ ਸ੍ਰੀਮਤੀ ਦੇ ਮਾਮੇ ਦੇ ਬੇਟੇ ਨੇ ਇਹ ਸਾਰੀ ਜਿੰਮੇਵਾਰੀ ਆਪਣੇ ਸਿਰ ਲੈ ਕੇ ਸਾਨੂੰ ਚਿੰਤਾ ਮੁਕਤ ਕਰ ਦਿੱਤਾ।

ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਈ ਟਰੇਨ ਮੰੰਜਿਲਾਂ ਤੈਅ ਕਰਦੀ ਸਮੇਂ ਸਿਰ ਦਿੱਲੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ ਰਸਤੇ ਵਿੱਚ ਖਾਣੇ ਦੀ ਭੁੱਖ ਤਾਂ ਬਹੁਤੀ ਨਹੀਂ ਲੱਗੀ ਪਰ ਹਲਕੇ-ਫੁਲਕੇ ਨਮਕੀਨ ਨਾਲ ਇੱਕ-ਦੋ ਵਾਰ ਚਾਹ ਜ਼ਰੂਰ ਪੀ ਲਈ ਸੀ।
ਸ਼ਾਮ ਤਕਰੀਬਨ ਛੇ ਕੁ ਵਜੇ ਦਿੱਲੀ ਰੇਲਵੇ ਸਟੇਸ਼ਨ ’ਤੇ ਪਹੁੰਚ ਅਸੀਂ ਸ੍ਰੀਮਤੀ ਦੇ ਮਾਮੇ ਦੇ ਬੇਟੇ ਨੂੰ ਫੋਨ ਕਰ ਦਿੱਤਾ ਅਤੇ ਉਸ ਨੇ ਘੰਟੇ ਕੁ ’ਚ ਸਾਡੇ ਕੋਲ ਪਹੁੰਚ ਕੇ ਸਾਨੂੰ ਏਅਰਪੋਰਟ ਲਿਜਾਣ ਲਈ ਕਿਹਾ।

ਦਿੱਲੀ ਰੇਲਵੇ ਸਟੇਸ਼ਨ ’ਤੇ ਗਹਿਮਾ-ਗਹਿਮੀ ਬਹੁਤ ਜ਼ਿਆਦਾ ਸੀ ਟਰੇਨਾਂ ਦਾ ਘੜਮੱਸ ਪੈ ਰਿਹਾ ਸੀ ਸਵਾਰੀਆਂ ਇੱਧਰ-ਉੱਧਰ ਭੱਜ ਰਹੀਆਂ ਸਨ ਇਉਂ ਲੱਗਦਾ ਸੀ ਜਿਵੇਂ ਸਾਰਾ ਮੁਲਕ ਈ ਇੱਥੇ ਆ ਉੱਤਰਿਆ ਹੋਵੇ ਸਪੀਕਰ ਤੋਂ ਟਰੇਨਾਂ ਦੀ ਆਮਦ ਅਤੇ ਰਵਾਨਗੀ ਬਾਰੇ ਲਗਾਤਾਰ ਸੂਚਨਾ ਦਿੱਤੀ ਜਾ ਰਹੀ ਸੀ।

ਹੁਣ ਸਾਡੀ ਭੁੱਖ ਵੀ ਜਾਗ ਪਈ ਸੀ। ਕੁੱਝ ਖਾਣ ਨੂੰ ਜੀਅ ਕਰਦਾ ਸੀ। ਰੇਹੜੀਆਂ ਤੋਂ ਬਣ ਰਹੇ ਤਾਜ਼ੇ ਪਕਵਾਨਾਂ ਦੀ ਖੁਸ਼ਬੂ ਭੁੱਖ ਵਿੱਚ ਹੋਰ ਇਜ਼ਾਫਾ ਕਰ ਰਹੀ ਸੀ। ਮਨ ’ਚ ਇਹਨਾਂ ਰੇਹੜੀਆਂ ਤੋਂ ਹੀ ਕੁਝ ਖਾਣ ਦੀ ਲਾਲਸਾ ਪੈਦਾ ਹੋ ਰਹੀ ਸੀ। ਪਰ ਸ੍ਰੀਮਤੀ ਘਰ ਵਾਲੇ ਪਰੌਂਠਿਆਂ ਨੂੰ ਤਰਜ਼ੀਹ ਦੇ ਰਹੀ ਸੀ।

ਮੈਂ ਵੀ ਅਣਮੰਨੇ ਜਿਹੇ ਮਨ ਨਾਲ ਪਰੌਂਠੇ ਖਾਣ ਦੀ ਸਹਿਮਤੀ ਇਹ ਸੋਚਦਿਆਂ ਦੇ ਦਿੱਤੀ ਕਿ ਆਦਤਨ ਸ੍ਰੀਮਤੀ ਨੇ ਥੋੜ੍ਹੀ ਜਿਹੀ ਬਹਿਸ ਉਪਰੰਤ ਰੇਹੜੀ ਤੋਂ ਤਾਜ਼ੇ ਪਕਵਾਨ ਖਾਣ ਦੀ ਮੇਰੀ ਗੱਲ ਨਾਲ ਸਹਿਮਤੀ ਪ੍ਰਗਟਾ ਹੀ ਦੇਣੀ ਹੈ।
ਰੇਲਵੇ ਸਟੇਸ਼ਨ ’ਤੇ ਮੰਗਤਿਆਂ ਦੀ ਬਹੁਤ ਜ਼ਿਆਦਾ ਭਰਮਾਰ ਸੀ ਅਸੀਂ ਖਾਲੀ ਜਿਹਾ ਬੈਂਚ ਵੇਖ ਉਸ ਉੱਪਰ ਜਾ ਬੈਠੇ ਸ੍ਰੀਮਤੀ ਨੇ ਬੜੇ ਚਾਅ ਨਾਲ ਪਰੌਂਠਿਆਂ ਵਾਲਾ ਡੱਬਾ ਖੋਲ੍ਹਿਆ ਸੱਤ-ਅੱਠ ਘੰਟੇ ਪਹਿਲਾਂ ਬਣੇ ਪਰੌਂਠੇ ਠੰਢੇ ਹੋ ਚੁੱਕੇ ਸਨ।

ਅਸੀਂ ਦੋਵਾਂ ਨੇ ਇੱਕ-ਇੱਕ ਪਰੌਂਠਾ ਹੱਥ ਉੱਪਰ ਈ ਰੱਖ ਖਾਣਾ ਸ਼ੁਰੂ ਕੀਤਾ ਅਚਾਨਕ ਮੇਰੀ ਨਿਗ੍ਹਾ ਸਾਹਮਣੇ ਬੈਠੇ ਭਿਖਾਰੀ ’ਤੇ ਪਈ ਉਹ ਭਿਖਾਰੀ ਸਾਨੂੰ ਰੋਟੀ ਖਾਂਦਿਆਂ ਨੂੰ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਸ ਨੇ ਸਦੀਆਂ ਤੋਂ ਰੋਟੀ ਨਾ ਖਾਧੀ ਹੋਵੇ।

ਮੇਰੀ ਨਜ਼ਰ ਭਿਖਾਰੀ ਦੀ ਨਜ਼ਰ ਨਾਲ ਮਿਲੀ ਤਾਂ ਉਹ ਮੂੰਹ ਵੱਲ ਬੁਰਕੀ ਦਾ ਇਸ਼ਾਰਾ ਕਰਦਿਆਂ ਰੋਟੀ ਲੈਣ ਦੇ ਤਰਲੇ ਕਰ ਰਿਹਾ ਸੀ।
‘‘ਓਧਰ ਵੇਖ ਵਿਚਾਰਾ ਭੁੱਖਾ ਲੱਗਦਾ।’’
‘‘ਹਾਂ ਜੀ! ਇਹ ਤਾਂ ਵਿਚਾਰਾ ਕਈ ਦਿਨਾਂ ਦਾ ਭੁੱਖਾ ਲੱਗਦਾ।’’
‘‘ਤੁਸੀਂ ਇਉਂ ਕਰੋ ਆਹ ਸਾਰੇ ਪਰੌਂਠੇ ਈ ਉਸ ਭਿਖਾਰੀ ਨੂੰ ਦੇ ਦਿਓ ਅਤੇ ਆਪਣੇ ਲਈ ਰੇਹੜੀ ਤੋਂ ਕੁੱਝ ਹੋਰ ਲੈ ਆਓ ਖਾਣ ਨੂੰ।’’

ਬਿੰਦਰ ਸਿੰਘ ਖੁੱਡੀ ਕਲਾਂ,
ਸ਼ਕਤੀ ਨਗਰ, ਬਰਨਾਲਾ
ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ