ਨਵੀਂ ਦਿੱਲੀ। ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੁਬੂ ਜੀ-20 (G-20 Summit ) ਸਿਖਰ ਬੈਠਕ ’ਚ ਹਿੱਸਾ ਲੈਣ ਲਈ ਬੁੱਧਵਾਰ ਤੜਕੇ ਭਾਰਤ ਪਹੰੁਚ ਗਏ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲਾ ਨੇ ਪਾਲਮ ਸੈਨਿਕ ਹਵਾਈ ਅੱਡੇ ’ਤੇ ਬੋਲਾ ਦਾ ਸਵਾਗਤ ਕੀਤਾ। ਪ੍ਰੋਫੈਸਰ ਬਘੇਲਾ ਨੇ ਐਕਸ ’ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਆਉਣ ਵਾਲੇ ਸਾਰੇ ਰਾਸ਼ਟਰ ਪ੍ਰਧਾਨਾਂ ’ਚੋਂ ਭਾਰਤ ’ਚ ਸਭ ਤੋਂ ਪਹਿਲਾ ਆਗਮਨ ਨਾਈਜ਼ੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੁਬੂ ਦਾ ਹੋਇਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੂੰ ਅਦਾਲਤ ਨੇ ਕੀਤਾ ਤਲਬ
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਦਾ ਸਵਾਗਤ ਕਰਨ ਦਾ ਮੌਕਾ ਮੈਨੂੰ ਪ੍ਰਾਪਤ ਹੋਇਆ ਹੈ। ਮਹਿਮਾਨਾਂ ਦੇ ਸਵਾਗਤ ਦੀ ਪਰੰਪਰਾ ਨੂੰ ਨਿਭਾਉਣ ਵਾਲੇ ਸਾਡੇ ਦੇਸ਼ ’ਚ ਉਨ੍ਹਾਂ ਦਾ ਅਸੀਂ ਦਿਲ ਤੋਂ ਸਵਾਗਤ ਕਰਦੇ ਹਾਂ। ਇਸ ਮੌਕੇ ’ਤੇ ਨਾਈਜ਼ੀਰੀਆ ਦੇ ਵਿਦੇਸ਼ ਮੰਤਰੀ ਯੁਸੂਫ਼ ਤੁੱਗਰ ਤੇ ਭਾਰਤ ’ਚ ਨਾਈਜੀਰੀਆ ਦੇ ਹਾਈ ਕਮਿਸ਼ਨਰ ਅਹਿਮਦ ਸੂਲੇ ਵੀ ਮੌਜ਼ੂਦ ਸਨ। ਜੀ-20 ਦੀ ਸਿਖਰ ਸੰਮੇਲਨ ਨਵੀਂ ਦਿੱਲੀ ’ਚ 9 ਸਤੰਬਰ ਤੇ 10 ਸਤੰਬਰ ਨੂੰ ਹੋਣ ਜਾ ਰਿਹਾ ਹੈ।