ਰਿਮਾਂਡ ਦੌਰਾਨ ਹੋਇਆ ਖੁਲਾਸਾ, ਪੁੱਤਰ ਪ੍ਰਾਪਤੀ ਲਈ ਬਣਾਈ ਸੀ ਬੱਚਾ ਅਗਵਾ ਕਰਨ ਦੀ ਯੋਜਨਾ

Patiala News

ਰਿਮਾਂਡ ਦੌਰਾਨ ਕਾਬੂ ਜੋੜੇ ਨੇ ਕੀਤੇ ਖੁਲਾਸੇ (kidnap)

  • ਮਾਮਲਾ ਪਿਛਲੇ ਦਿਨੀਂ ਸਿਵਲ ਹਸਪਤਾਲ ਦੇ ਜੱਚਾ- ਬੱਚਾ ਵਾਰਡ ’ਚੋਂ ਕਾਬੂ ਕੀਤੇ ਗਏ ਮਹਿਲ ਤੇ ਪੁਰਸ਼ ਦਾ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਿਛਲੇ ਦਿਨੀਂ ਸਿਵਲ ਹਸਪਤਾਲ ਦੇ ਜੱਚਾ- ਬੱਚਾ ਵਾਰਡ ’ਚੋਂ ਕਾਬੂ ਕੀਤੇ ਗਏ ਸ਼ੱਕੀ ਮਹਿਲਾ ਤੇ ਪੁਰਸ਼ ਨੇ ਖੁਲਾਸਾ ਕੀਤਾ ਹੈ ਕਿ (kidnap) ਉਨ੍ਹਾਂ ਨੇ ਪੁੱਤਰ ਪ੍ਰਾਪਤੀ ਲਈ ਬੱਚਾ ਅਗਵਾ ਕਰਨ ਦੀ ਯੋਜਨਾ ਬਣਾਈ ਸੀ। ਪੁਲਿਸ ਵੱਲੋਂ ਰਿਮਾਂਡ ’ਤੇ ਲਏ ਗਏ ਜੋੜੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਧੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ। ਜਿਸ ਕਰਕੇ ਉਨ੍ਹਾਂ ਨੇ ਪੁੱਤਰ ਦੀ ਚਾਹਤ ਨੂੰ ਪੂਰਾ ਕਰਨ ਲਈ ਸਿਵਲ ਹਸਪਤਾਲ ਦੇ ਜੱਚਾ- ਬੱਚਾ ਵਾਰਡ ’ਚੋਂ ਬੱਚਾ ਅਗਵਾ ਕਰਨ ਦੀ ਸਕੀਮ ਬਣਾਈ। ਜਿਸ ਤਹਿਤ ਉਨ੍ਹਾਂ ਜੱਚਾ-ਬੱਚਾ ਵਾਰਡ ’ਚ ਦੇਰ ਰਾਤ ਘੁੰਮ ਫ਼ਿਰ ਕੇ ਆਪਣੀ ਮਨਸਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ ਕੀਤੀ ਪਰ ਅਫ਼ਸਲ ਰਹੇ।

ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਛੋਟੇ ਲਾਲ ਅਤੇ ਉਸ ਦੀ ਪਤਨੀ ਵਾਸੀਆਨ ਗੁਰੂ ਨਾਨਕ ਨਗਰ ਨੂੰ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਉਕਤਾਨ ਮਹਿਲਾ ਤੇ ਪੁਰਸ਼ ਵੱਲੋਂ 22 ਜੁਲਾਈ ਦੀ ਰਾਤ ਨੂੰ ਸਾਢੇ ਕੁ ਦਸ ਵਜੇ ਦੇ ਕਰੀਬ ਜੱਚਾ ਬੱਚਾ ਵਾਰਡ ’ਚ ਮੌਜੂਦ ਇੱਕ ਮਹਿਲਾ ਸਟਾਫ਼ ਨੂੰ ਬੱਚੇ ਦੀ ਫੋਟੋ ਖਿੱਚ ਕੇ ਦੇਣ ਬਦਲੇ 500 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਮਹਿਲਾ ਸਟਾਫ਼ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਜਿਸ ਪਿੱਛੋਂ ਸਟਾਫ਼ ਦੀ ਚੁਸਤੀ ਨਾਲ ਸਿਵਲ ਹਸਪਤਾਲ ’ਚ ਸਥਿੱਤ ਚੌਂਕੀ ਦੀ ਪੁਲਿਸ ਵੱਲੋਂ ਮਹਿਲਾ ਤੇ ਪੁਰਸ਼ ਨੂੰ ਕਾਬੂ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਕਰੋੜਾਂ ਦੀ ਹੈਰੋਇਨ ਜਗਰਾਓਂ ’ਚ ਬਰਾਮਦ

ਦੱਸ ਦੇਈਏ ਕਿ ਕਾਜਲ ਸੁਕਲਾ ਵਾਸੀ ਗੁਰੂ ਨਾਨਕ ਨਗਰ ਤਾਜਪੁਰ ਰੋਡ ਦੀ ਹਿੰਮਤ ਤੇ ਇਮਾਨਦਾਰੀ ਸਦਕਾ ਬੱਚਾ ਅਗਵਾ ਹੋਣ ਦੀ ਮੰਦਭਾਗੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਜਿਸ ਨੇ ਸਮਾਂ ਰਹਿੰਦੇ ਸਕਿਊਰਟੀ ਗਾਰਡ ਤੇ ਮੌਜੂਦ ਲੋਕਾਂ ਨੂੰ ਸੂਚਿਤ ਕੀਤਾ ਜਿੰਨ੍ਹਾਂ ਦੀ ਮੱਦਦ ਨਾਲ ਉਕਤ ਜੋੜੇ ਨੂੰ ਮੌਕੇ ’ਤੇ ਹੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ।