ਓਵਰਫ਼ਲੋ ਹੋਏ ਨਿਕਾਸੀ ਨਾਲੇ ਨੇ ਡੇਢ ਦਰਜਨ ਤੋਂ ਵੱਧ ਝੁੱਗੀਆਂ ਵਾਲਿਆਂ ਨੂੰ ਕੀਤਾ ਘਰੋਂ ਬੇਘਰ

Ludhiana News
ਤਾਜਪੁਰ ਰੋਡ ’ਤੇ ਨਿਕਾਸੀ ਨਾਲੇ ਦੇ ਓਵਰਫਲੋ ਹੋਣ ਕਾਰਨ ਪਾਣੀ ’ਚ ਡੁੱਬੀਆਂ ਝੁੱਗੀਆਂ। ਤਸਵੀਰਾਂ : ਸਾਹਿਲ ਅਗਰਵਾਲ

ਨਾਲੇ ’ਚ ਪਾਣੀ ਦਾ ਵਹਾਅ ਲਗਾਤਾਰ ਹੋ ਰਿਹਾ ਹੈ ਤੇਜ਼; ਹੋਰ ਮੀਂਹ ਪੈਣ ਨਾਲ ਹਾਲਾਤ ਖ਼ਰਾਬ ਹੋਣ ਦੀ ਅਸ਼ੰਕਾ | Ludhiana News

ਸਾਹਨੇਵਾਲ/ਲੁਧਿਆਣਾ (ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ)। ਮਾਨਸੂਨ ਦੇ ਮੀਂਹ ਦੀ ਮਾਰ ਸਲੱਮ ਬਸਤੀ ਲੋਕਾਂ ’ਤੇ ਵਧੇਰੇ ਪਈ ਹੈ। ਜਿੰਨਾਂ ਨੂੰ ਮੀਂਹ ਦੇ ਪਾਣੀ ਕਾਰਨ ਆਪਣੀਆਂ ਝੁੱਗੀਆਂ ਦੀ ਬਜਾਇ ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੰਘੇ ਕੱਲ ਮਹਾਂਨਗਰ ’ਚ ਪਏ ਮੀਂਹ ਨੇ ਬਿਨਾਂ ਸ਼ੱਕ ਹਰ ਵਰਗ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਇਹ ਮੀਂਹ ਤਾਜਪੁਰ ਰੋਡ ਨਜ਼ਦੀਕ ਬਾਲਾ ਜੀ ਪੁਲੀ ਕੋਲ ਸਥਿੱਤ ਹਰਿਜਤ ਕਲੋਨੀ ਵਾਸੀਆਂ ਲਈ ਵੱਡੀ ਮੁਸ਼ੀਬਤ ਸਾਬਤ ਹੋਇਆ ਹੈ। ਮੀਂਹ ਦਾ ਵੱਡੀ ਮਾਤਰਾ ’ਚ ਪਾਣੀ ਨਿਕਾਸੀ ਨਾਲੇ ’ਚ ਸ਼ਾਮਲ ਹੋਇਆ ਜੋ ਤਾਜਪੁਰ ਲਾਗੇ ਆ ਕੇ ਓਵਰਫ਼ਲੋ ਹੋ ਗਿਆ ਤੇ ਮੀਂਹ ਦਾ ਪਾਣੀ ਨੇੜੇ ਹੀ ਸਥਿੱਤ ਹਰਿਜਤ ਕਲੋਨੀ ਵਾਸੀਆਂ ਦੇ ਘਰਾਂ ਤੇ ਝੁੱਗੀਆਂ ’ਚ ਵੜ ਗਿਆ।

Ludhiana News

ਨਿਕਾਸੀ ਨਾਲੇ ਦੇ ਪਾਣੀ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਬੰਦੀ ਬਣਾ ਦਿੱਤਾ

ਪਾਣੀ ਇੰਨਾਂ ਜਿਆਦਾ ਮਾਤਰਾ ’ਚ ਸੀ ਕਿ ਝੁੱਗੀਆਂ ਪੂਰੀਆਂ ਡੁੱਬ ਗਈਆਂ। ਜਿਸ ਕਾਰਨ ਸਲੱਮ ਬਸਤੀ ਦੇ ਲੋਕਾਂ ਨੂੰ ਸੜਕਾਂ ’ਤੇ ਰਾਤ ਗੁਜਾਰਨੀ ਪਈ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਪਾਣੀ ਦਾ ਵਹਾਅ ਬੇਹੱਦ ਜਿਆਦਾ ਸੀ, ਜਿਸ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਬੰਦੀ ਬਣਾ ਦਿੱਤਾ ਤੇ ਝੁੱਗੀਆਂ ਵਾਲਿਆਂ ਨੂੰ ਘਰੋਂ ਬੇਘਰ ਕਰ ਦਿੱਤਾ। ਨਿਕਾਸੀ ਨਾਲੇ ਦੇ ਪਾਣੀ ਨੇ ਬੇਸ਼ੱਕ ਇਲਾਕੇ ਅੰਦਰ ਹੋਰ ਵੀ ਕਈ ਥਾਵਾਂ ’ਤੇ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਪਰ ਸਭ ਤੋਂ ਜਿਆਦਾ ਨੁਕਸਾਨ ਸਲੱਮ ਬਸਤੀ ਦੇ ਲੋਕਾਂ ਨੂੰ ਉੱਠਾਉਣਾ ਪਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਿਕਾਸੀ ਨਾਲੇ ’ਚ ਪਿਛਾਂਅ ਤੋਂ ਆ ਰਹੇ ਮੀਂਹ ਦੇ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੋ ਰਿਹਾ ਹੈ। ਅਜਿਹੇ ਵਿੱਚ ਹੋਰ ਮੀਂਹ ਪੈਣ ਨਾਲ ਸਥਿਤੀ ਬੇਹੱਦ ਗੰਭੀਰ ਹੋ ਸਕਦੀ ਹੈ।

ਇਹ ਵੀ ਪੜ੍ਹੋ : ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’

ਸਥਾਨਕ ਵਾਸੀ ਰਵੀ ਕੁਮਾਰ ਨੇ ਦੱਸਿਆ ਕਿ ਨਿਕਾਸੀ ਨਾਲੇ ’ਚ ਆਇਆ ਮੀਂਹ ਦਾ ਪਾਣੀ ਬਾਲਾ ਜੀ ਪੁਲੀ ਕੋਲੋਂ ਓਵਰਫਲੋ ਹੋਇਆ। ਜਿਸ ਨੇ ਇਲਾਕੇ ਅੰਦਰ ਤਬਾਹੀ ਮਚਾ ਦਿੱਤੀ। ਓਵਰਫਲੋ ਹੋਇਆ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ। ਇਸ ਤੋਂ ਇਲਾਵਾ ਹਰਿਜਤ ਕਲੋਨੀ ਨਜ਼ਦੀਕ ਡੇਢ ਤੋਂ ਦੋ ਦਰਜ਼ਨ ਦੇ ਕਰੀਬ ਝੁੱਗੀਆਂ ਨੂੰ ਡਬੋ ਗਿਆ। ਜਿਸ ਕਰਕੇ ਝੁੱਗੀਆਂ ਵਾਸੀ ਲੋਕਾਂ ਨੂੰ ਸੜਕਾਂ ’ਤੇ ਬਹਿ ਕੇ ਰਾਤ ਟਪਾਉਣੀ ਪਈ। ਉਨਾਂ ਦੱਸਿਆ ਕਿ ਨਾਲੇ ’ਚ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੋ ਰਿਹਾ ਹੈ।

ਮੱਧ ਵਰਗੀ ਪਰਿਵਾਰ ਚਿੰਤਾ ’ਚ | Ludhiana News

ਅੱਜ ਤਕਰੀਬਨ ਸਵੇਰ ਤੋਂ ਹੀ ਅਸਮਾਨ ’ਚ ਬੱਦਲ ਛਾਏ ਰਹੇ। ਜਿਸ ਨੂੰ ਦੇਖ ਮੱਧ ਵਰਗੀ ਪਰਿਵਾਰ ਚਿੰਤਾ ਦੇ ਆਲਮ ’ਚ ਹਨ। ਖਾਸਕਾਰ ਨੀਵੇਂ ਥਾਵਾਂ ’ਤੇ ਰਹਿਣ ਵਾਲਿਆਂ ਨੂੰ ਘਰਾਂ ’ਚ ਪਾਣੀ ਵੜਨ ਦੀ ਚਿੰਤਾ ਸਤਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਕੁੱਝ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮਹਾਂਨਗਰ ਦੇ ਕੁੱਝ ਹਿੱਸਿਆਂ ’ਚ ਮੀਂਹ ਦੇ ਪਾਣੀ ਕਾਰਨ ਵੱਡੇ ਨੁਕਸਾਨ ਦੀ ਅਸ਼ੰਕਾ ਹੈ। ਖ਼ਬਰ ਲਿਖੇ ਜਾਣ ਤੱਕ ਅਸਮਾਨ ’ਚੋਂ ਫ਼ਿਰ ਤੋਂ ਪਾਣੀ ਵਰਸਣ ਲੱਗਾ ਸੀ।