ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’

Laljit Singh Bhullar

ਪਾਰਟੀ ਲੀਡਰਾਂ ਨੂੰ ਵੀ ਸਿਰੇ ਦੀ ਸੁਣਾਈ , ਸਿਫਾਰਸ਼ ਲਈ ਨਾਲ ਲੈ ਕੇ ਆਏ ਮੁਲਾਜ਼ਮ ਤਾਂ ਨਹੀਂ ਹੋਵੇਗਾ ਬਰਦਾਸ਼ਤ | Minister

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਵਿੱਚ ਅੱਜ-ਕੱਲ੍ਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਕਈ ਅਧਿਕਾਰੀਆਂ ਦੀ ਜੰਮ ਕੇ ਬੇਇੱਜ਼ਤੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਦਬਕਾ ਮਾਰ ਕੇ ਕੈਬਨਿਟ ਮੰਤਰੀ (Minister) ਦੇ ਦਫ਼ਤਰੋਂ ਹੀ ਬਾਹਰ ਕੱਢਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਹੁਣ ਤੋਂ ਬਾਅਦ ਜਿਹੜਾ ਵੀ ਅਧਿਕਾਰੀ ਜਿਲ੍ਹੇ ਜਾਂ ਫਿਰ ਬਲਾਕ ਨੂੰ ਛੱਡ ਕੇ ਚੰਡੀਗੜ੍ਹ ਦਫ਼ਤਰ ਦਿਸਿਆ ਤਾਂ ਉਸ ਨੂੰ ਸਸਪੈਂਡ ਤੱਕ ਹੋਣਾ ਪੈ ਸਕਦਾ ਹੈ। ਇਹ ਖੌਫ਼ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿਖਾਇਆ ਜਾ ਰਿਹਾ ਹੈ।

ਪਿਛਲੇ 1 ਹਫ਼ਤੇ ਦਰਮਿਆਨ ਵਾਪਰੀਆਂ ਇਹੋ ਜਿਹੀਆਂ ਕਈ ਘਟਨਾਵਾਂ ਤੋਂ ਬਾਅਦ ਹੁਣ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁਲਾਜ਼ਮ ਤੇ ਅਧਿਕਾਰੀ ਆਪਣੇ ਹੀ ਕੈਬਨਿਟ ਮੰਤਰੀ ਦੇ ਦਫ਼ਤਰ ਵਿੱਚ ਜਾਣ ਤੋਂ ਨਾ ਸਿਰਫ਼ ਘਬਰਾ ਰਹੇ ਹਨ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਇੱਕ ਜੂਨ ਤੋਂ ਆਉਣ ਤੋਂ ਉਨ੍ਹਾਂ ਦੇ ਦਫ਼ਤਰ ਵਿੱਚ ਬੀਡੀਪੀਓ ਅਤੇ ਹੋਰ ਬਲਾਕ ਪੱਧਰੀ ਮੁਲਾਜ਼ਮ ਤੇ ਅਧਿਕਾਰੀ ਰੋਜ਼ਾਨਾ ਹੀ ਪੁੱਜਣ ਲੱਗ ਪਏ ਸਨ। ਕੋਈ ਅਧਿਕਾਰੀ ਤੇ ਮੁਲਾਜ਼ਮ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਲੈ ਕੇ ਆ ਰਿਹਾ ਹੈ ਤਾਂ ਕੋਈ ਕਿਸੇ ਵਿਧਾਇਕ ਦੀ ਸਿਫ਼ਾਰਸ਼ ਨਾਲ ਪੁੱਜ ਰਿਹਾ ਹੈ।

ਰੋਜ਼ਾਨਾ ਹੀ ‘ਦਬਕਾ ਮਾਰ’ ਦਫ਼ਤਰ ਤੋਂ ਬਾਹਰ ਕੱਢੇ ਜਾ ਰਹੇ ਹਨ ਅਧਿਕਾਰੀ, ਵਿਭਾਗ ’ਚ ਫੈਲ ਰਿਹੈ ‘ਖੌਫ਼’ | Minister

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਫ਼ਤਰ ਵਿੱਚ ਬਿਨਾਂ ਜਾਣਕਾਰੀ ਦਿੱਤੇ ਹੀ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਆਮ ਜਨਤਾ ਵਿੱਚ ਮਿਲਣ ਲਈ ਬੈਠ ਰਹੇ ਸਨ ਅਤੇ ਮੌਕਾ ਲੱਗਦੇ ਹੀ ਕੈਬਨਿਟ ਮੰਤਰੀ ਨਾਲ ਆਪਣੀ ਫੋਟੋ ਵੀ ਲੈ ਰਹੇ ਸਨ, ਜਿਸ ਦੀ ਭਿਣਕ ਲਾਲਜੀਤ ਸਿੰਘ ਭੁੱਲਰ ਨੂੰ ਲੱਗਣ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਮੰਤਰੀ ਨੇ ਕਾਫ਼ੀ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ।

ਮੰਤਰੀ ਦੀ ਸਖ਼ਤੀ ਤੋਂ ਬਾਅਦ ਵੀ ਇਹ ਸਿਲਸਿਲਾ ਤਾਂ ਹੁਣ ਲਾਲਜੀਤ ਸਿੰਘ ਭੁੱਲਰ ਵੱਲੋਂ ਇਸ ਤਰ੍ਹਾਂ ਦੀ ਸਿਫ਼ਾਰਸ਼ ਲੈ ਕੇ ਆਉਣ ਵਾਲੇ ਮੁਲਾਜ਼ਮ ਜਾ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਹੀ ਫੈਸਲਾ ਕਰ ਲਿਆ ਹੈ। ਇਨ੍ਹਾਂ ਅਧਿਕਾਰੀਆਂ ਜਾਂ ਫਿਰ ਮੁਲਾਜ਼ਮਾਂ ਦੇ ਨਾਲ ਪੁੱਜਣ ਵਾਲੇ ਪਾਰਟੀ ਦੇ ਲੀਡਰਾਂ ਨੂੰ ਵੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਇਸ ਤਰੀਕੇ ਨਾਲ ਆਉਣਗੇ ਤਾਂ ਉਹ ਕਿਸੇ ਦਾ ਵੀ ਕੰਮ ਨਹੀਂ ਕਰਨਗੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਗਲਤ ਕੰਮਾਂ ਲਈ ਪਾਰਟੀ ਦੇ ਲੀਡਰਾਂ ਦੀ ਵਰਤੋਂ ਕਰਨ ਲੱਗ ਪਏ ਹਨ।

ਦੋ ਬੱਚੇ ਤਾਂ ਘੱਟ ਸੀ, ਚਾਰ-ਪੰਜ ਹੋਰ ਲੈ ਆਉਂਦਾ ਚੰਡੀਗੜ੍ਹ, ਮੁਲਾਜ਼ਮ ’ਤੇ ਭੜਕੇ ਮੰਤਰੀ

ਲਾਲਜੀਤ ਸਿੰਘ ਭੁੱਲਰ ਕੋਲ ਪੰਚਾਇਤ ਵਿਭਾਗ ਦਾ ਇੱਕ ਮੁਲਾਜ਼ਮ ਕੁਝ ਦਿਨ ਪਹਿਲਾਂ ਹੋਏ ਹੋਏ ਤਬਾਦਲੇ ਨੂੰ ਰੱਦ ਕਰਵਾਉਣ ਲਈ ਪੁੱਜਾ ਤਾਂ ਮੰਤਰੀ ਨੇ ਮੁਲਾਜ਼ਮ ਦੀ ਪਤਨੀ ਅਤੇ ਬੱਚਿਆਂ ਨੂੰ ਬੈਠਣ ਦਾ ਇਸ਼ਾਰਾ ਕਰ ਦਿੱਤਾ ਪਰ ਉਸ ਮੁਲਾਜ਼ਮ ਨੂੰ ਪੁੱਛਿਆ ਕਿ ਤੁਹਾਡੇ ਘਰ ਚਾਰ-ਪੰਜ ਹੋਰ ਬੱਚੇ ਨਹੀਂ ਸਨ, ਉਨ੍ਹਾਂ ਸਾਰਿਆਂ ਨੂੰ ਵੀ ਇਕੱਠਾ ਕਰਕੇ ਚੰਡੀਗੜ੍ਹ ਲੈ ਆਉਂਦਾ। ਲਾਲਜੀਤ ਸਿੰਘ ਭੁੱਲਰ ਨੇ ਮੁਲਾਜ਼ਮ ਨੂੰ ਬੱਚਿਆਂ ਤੇ ਪਤਨੀ ਸਾਹਮਣੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦੇ ਹੋਏ ਕਿਹਾ ਕਿ ਉਹ ਚਲੇ ਜਾਣ ਅਤੇ ਤਬਾਦਲਾ ਰੱਦ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਦੇ ਦਫ਼ਤਰੋਂ ਬਾਹਰ ਜਾਣ ਮਗਰੋਂ ਮੰਤਰੀ ਨੇ ਇਹੋ ਜਿਹੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿ ਦਿੱਤਾ, ਜਿਹੜੇ ਕਿ ‘ਭਾਵਨਾਤਮਕ ਬਲੈਕ-ਮੇਲ’ ਕਰਨ ਕੋਸ਼ਿਸ਼ ਕਰਦੇ ਹਨ।

ਸੋਸ਼ਲ ਮੀਡੀਆ ’ਤੇ ਪਾਉਂਦੇ ਹਨ ਫੋਟੋ, ਗਲਤ ਕੰਮਾਂ ਲਈ ਪਾਉਂਦੇ ਹਨ ਪ੍ਰੈਸ਼ਰ

ਲਾਲਜੀਤ ਸਿੰਘ ਭੁੱਲਰ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੋਈ ਰੋਕ ਨਹੀਂ ਸੀ ਪਰ ਇਹ ਫੋਟੋ ਖਿਚਵਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਪਾ ਕੇ ਉਸ ਦੀ ਗਲਤ ਵਰਤੋਂ ਤੱਕ ਕਰਨ ਲੱਗ ਪਏ ਸਨ ਕਿ ‘ਅਸੀਂ ਚੰਡੀਗੜ੍ਹ ਮੀਟਿੰਗ ਕਰ ਆਏ ਹਾਂ, ਜਲਦ ਹੀ ਕੰਮ ਹੋ ਜਾਵੇਗਾ’। ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਕੋਲ ਕਿਹੜਾ ਕੰਮ ਹੁੰਦਾ ਹੈ, ਇਹ ਸਾਰਿਆਂ ਨੂੰ ਹੀ ਪਤਾ ਹੈ। ਇਸ ਕਾਲਾ ਬਜ਼ਾਰੀ ਨੂੰ ਖ਼ਤਮ ਕਰਨ ਲਈ ਹੀ ਸਖ਼ਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਹਾਰਦਿਕ ਪਾਂਡਿਆ ਹੋਣਗੇ ਕਪਤਾਨ