…ਤੇ ਰਾਤ ਅਜੇ ਮੁੱਕੀ ਨਹੀਂ ਸੀ

…ਤੇ ਰਾਤ ਅਜੇ ਮੁੱਕੀ ਨਹੀਂ ਸੀ

‘ਗੱਲ ਸੁਣ ਸ਼ੇਰੂ ਦੇ ਪਿਓ… ਬਹੁਤ ਪੀੜ ਹੁੰਦੀ ਪਈ ਆ…!’ ਸ਼ੇਰੂ ਦੀ ਮਾਂ ਨੇ ਆਪਣੇ ਪਤੀ ਨਿੰਦਰ ਨੂੰ ਅੱਧੀ ਰਾਤ ਪੀੜ ਨਾਲ ਵਿਲਕਦੀ ਨੇ ਕਿਹਾ ਨਿੰਦਰ ਵਿਚਾਰਾ ਸਾਰਾ ਦਿਨ ਮਜ਼ਦੂਰੀ ਕਰਦਾ ਸੀ ਇਸ ਲਈ ਥਕਾਵਟ ਕਾਰਨ ਘੂਕ ਸੁੱਤਾ ਪਿਆ ਸੀ ‘ਸ਼ੇਰੂ ਦੇ ਪਿਓ! ਉੱਠ ਬਹੁਤ ਪੀੜ ਹੁੰਦੀ ਪਈ ਆ …!’ ਨਿੰਦਰ ਤ੍ਰਿਬਕ ਕੇ ਉੱਠਿਆ… ਵੇਖਿਆ ਕਿ ਉਸਦੀ ਘਰਵਾਲੀ ਪੀੜ ਨਾਲ ਵਿਲਕਦੀ ਪਈ ਸੀ ‘ਹਾਂ ਦੱਸ ਪਾਲੋ…?’ ਨਿੰਦਰ ਬੋਲਿਆ ‘ਜੀ ਬਹੁਤ ਜ਼ਿਆਦਾ ਪੀੜ ਹੁੰਦੀ ਆ…’ ‘ਹਾਂ ਪਾਲੋ ਤੂੰ ਘਾਬਰ ਨਾ ਮੈਂ ਕੁਝ ਕਰਦਾਂ’ ਨਿੰਦਰ ਵਿਚਾਰਾ ਨੰਗੇ ਪੈਰੀਂ ਡਾਕਟਰ ਦੇ ਘਰ ਨੂੰ ਭੱਜਿਆ ਡਾਕਟਰ ਸਾਬ!  ਡਾਕਟਰ ਸਾਬ!’ ‘ਕੌਣ ਆ?’

ਅੱਗੋਂ ਔਰਤ ਦੀ ਆਵਾਜ਼ ਆਈ ‘ਜੀ ਮੈਂ ਨਿੰਦਰ… ਡੋਗਰ ਦਾ ਮੁੰਡਾ.. ‘ ਗ਼ਰੀਬ ਦੀ ਆਵਾਜ਼ ਸੁਣ ਅੱਗੋਂ ਆਵਾਜ਼ ਆਈ, ‘ਹੈਨੀ ਡਾਕਟਰ ਸਾਬ… ਬਾਹਰ ਗਏ ਨੇ…’ ਨਿੰਦਰ ਫਿਰ ਭੱਜ ਕੇ ਘਰ ਆਇਆ ਤਾਂ ਵੇਖਿਆ ਕਿ ਪਾਲੋ ਪੀੜ ਨਾਲ ਤੜਫ ਰਹੀ ਸੀ ਫਿਰ ਉਹ ਸਰਦਾਰਾਂ ਦੇ ਘਰਾਂ ਨੂੰ ਭੱਜਿਆ… ਬੜੇ ਬੂਹੇ ਖੜਕਾਏ…ਬੜੇ ਤਰਲੇ ਕੀਤੇ… ਪਰ ਨਿੰਦਰ ਦੀ ਮੱਦਦ ਲਈ ਕੋਈ ਹੱਥ ਅੱਗੇ ਨਾ ਵਧਿਆ ਇੱਕ ਕਾਲੀ-ਬੋਲ਼ੀ ਰਾਤ ਤੇ ਦੂਜੀ ਅੰਤਾਂ ਦੀ ਠੰਢ ਨਿੰਦਰ ਵਿਚਾਰਾ ਫਿਰ ਘਰ ਵੱਲ ਭੱਜਿਆ ਪਾਲੋ ਵਿਲਕ ਰਹੀ ਸੀ,

‘ਸ਼ੇਰੂ ਦੇ ਪਿਓ ਮੈਂ ਮਰਜੂੰ… ਕੋਈ ਗੋਲੀ-ਗੱਟਾ ਈ ਦੇਦੇ!’ ‘ਪਾਲੋ ਮੈਂ ਕੀ ਕਰਾਂ… ਇਹ ਕਲੈਹਣੀ ਰਾਤ ਵੀ ਨਹੀਂ ਮੁੱਕਦੀ… ਕੋਈ ਮੱਦਦ ਨਹੀਂ ਕਰ ਰਿਹਾ ਪਾਲੋ… ਕੋਈ ਮੱਦਦ ਨਹੀਂ ਕਰ ਰਿਹਾ…!’ ਰੋਂਦੀ, ਕਰਲਾਉਂਦੀ, ਵਿਲਕਦੀ ਪਾਲੋ… ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਮੁੱਕ ਗਈ… ਪਰ ਰਾਤ ਅਜੇ ਵੀ ਨਹੀਂ ਮੁੱਕੀ ਸੀ।
ਜਸਪਾਲ ਵਧਾਈਆਂ
ਮੋ. 99140-43045

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।