ਹਰ ਰੋਜ਼ ਯੂਮ ਐਪ ਰਾਹੀਂ ਆਪੋ-ਆਪਣੇ ਘਰਾਂ ‘ਚੋਂ ਸਕੂਲ ਦੇ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਸਵੇਰ ਦੀ ਸਭਾ : ਪ੍ਰਿੰ. ਤੋਤਾ ਸਿੰਘ ਚਹਿਲ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਕੋਵਿਡ-19 ਦੇ ਪ੍ਰਕੋਪ ਕਾਰਨ ਹੋਈ ਤਾਲਾਬੰਦੀ ਦੇ ਬਾਵਜ਼ੂਦ ਸ਼ਾਹੀ ਸ਼ਹਿਰ ਪਟਿਆਲਾ ਦੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵੱਲ ਆਨਲਾਈਨ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਬਕਾਇਦਾ ਸਵੇਰ ਦੀ ਸਭਾ ਵੀ ਕਰਵਾਈ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬਹੁਤ ਸਾਰੇ ਅਧਿਆਪਕ ਤੇ ਵੱਡੀ ਗਿਣਤੀ ‘ਚ ਹਰ ਰੋਜ਼ ਯੂਮ ਐਪ ਰਾਹੀਂ ਆਪੋ-ਆਪਣੇ ਘਰਾਂ ‘ਚੋਂ ਸਕੂਲ ਦੇ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਸਵੇਰ ਦੀ ਸਭਾ ‘ਚ ਹਿੱਸਾ ਲੈਂਦੇ ਹਨ। ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਸਵੇਰ ਦੀ ਸਭਾ ਦਾ ਅਗਾਜ਼ ਸ਼ਬਦ ਗਾਇਨ ਨਾਲ ਹੁੰਦਾ ਹੈ। ਫਿਰ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ।
ਸਾਰੇ ਬੱਚੇ ਸਕੂਲ ‘ਚ ਹੋਣ ਵਾਲੀ ਸਵੇਰ ਦੀ ਸਭਾ ਵਾਂਗ ਹੀ ਆਪਣੇ-ਆਪਣੇ ਘਰਾਂ ‘ਚ ਖੜ੍ਹੇ ਹੋ ਕੇ, ਪੂਰੀ ਮਰਿਆਦਾ ਨਾਲ ਸ਼ਬਦ ਗਾਇਨ ਤੇ ਰਾਸ਼ਟਰੀ ਗੀਤ ‘ਚ ਹਿੱਸਾ ਲੈਂਦੇ ਹਨ। ਇਸ ਤੋਂ ਬਾਅਦ ਘੱਟੋ-ਘੱਟ ਪੰਜ ਵਿਦਿਆਰਥੀਆਂ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹਨ। ਫਿਰ ਸਿੱਖਿਆ ਵਿਭਾਗ ਵੱਲੋਂ ਭੇਜੇ ਜਾਂਦੇ ਪੰਜਾਬੀ ਦੇ ਸ਼ਬਦ ਬਾਰੇ ਇੱਕ ਵਿਦਿਆਰਥੀ ਵਿਸਥਾਰ ‘ਚ ਚਰਚਾ ਕਰਦਾ ਹੈ।
ਇਸ ਤੋਂ ਬਾਅਦ ਦੋ-ਤਿੰਨ ਵਿਦਿਆਰਥੀ ਕਿਸੇ ਖਾਸ ਦਿਨ ਜਾਂ ਕਿਸੇ ਚਰਚਿਤ ਮਾਮਲੇ ‘ਤੇ ਵਿਚਾਰ ਪ੍ਰਗਟ ਕਰਦੇ ਹਨ। ਅਖੀਰ ‘ਚ ਕੋਈ ਇੱਕ ਅਧਿਆਪਕ ਵੀ ਵਿਚਾਰ ਪ੍ਰਗਟ ਕਰਦਾ ਹੈ। ਸਕੂਲ ਦੇ ਕਿਸੇ ਵਿਦਿਆਰਥੀ ਜਾਂ ਅਧਿਆਪਕ ਨੇ ਵਿਭਾਗ ਦੀਆਂ ਆਨਲਾਈਨ ਗਤੀਵਿਧੀਆਂ ‘ਚ ਕੋਈ ਖਾਸ ਪ੍ਰਾਪਤੀ ਕੀਤੀ ਹੁੰਦੀ ਹੈ ਤਾਂ ਪ੍ਰਿੰ. ਤੋਤਾ ਸਿੰਘ ਚਹਿਲ ਵੱਲੋਂ ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਇਸ ਸਬੰਧੀ ਸਰੀਰਕ ਸਿੱਖਿਆ ਲੈਕਚਰਾਰ ਅਮਰਜੀਤ ਸ਼ਰਮਾ ਦਾ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਘਰਾਂ ‘ਚ ਬੈਠਣ ਲਈ ਮਜ਼ਬੂਰ ਵਿਦਿਆਰਥੀਆਂ ਨੂੰ ਆਨਲਾਈਨ ਸਵੇਰ ਦੀ ਸਭਾ ਨਾਲ ਪੂਰੀ ਤਰ੍ਹਾਂ ਸਕੂਲ ਵਰਗਾ ਅਹਿਸਾਸ ਹੁੰਦਾ ਹੈ ਤੇ ਵਿਦਿਆਰਥੀਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਇੱਕ ਨਿਸਚਤ ਸਮੇਂ ‘ਤੇ ਸ਼ੁਰੂ ਹੋ ਜਾਂਦੀ ਹੈ।
ਇਸ ਸਬੰਧੀ 12ਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤਾਣਾ ਦਾ ਕਹਿਣਾ ਹੈ ਕਿ ਉਹ ਪਹਿਲਾ ਦੀ ਤਰ੍ਹਾਂ ਹੀ ਨਹਾ-ਧੋ ਕੇ ਸਵੇਰ ਦੀ ਸਭਾ ‘ਚ ਹਿੱਸਾ ਲੈਂਦੇ ਹਨ। ਜਿਸ ਤੋਂ ਬਾਅਦ ਅਸੀਂ ਆਨਲਾਈਨ ਕਲਾਸਾਂ ਲਾਉਣ ਲਈ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਾਂ। ਸਕੂਲ ਦੀ ਇੱਕ ਵਿਦਿਆਰਥਣ ਸਿਮਰਤਰਾਜ ਸਿੰਘ ਦੇ ਪਿਤਾ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਕੂਲ ਵੱਲੋਂ ਬੱਚਿਆਂ ਨੂੰ ਬੁਰੇ ਦੌਰ ‘ਚ ਵੀ ਸਰੀਰਿਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਰੱਖਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ‘ਚ ਸਵੇਰ ਦੀ ਸਭਾ ਵੀ ਸ਼ਾਮਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.