‘ਆਈ ਹਰਿਆਲੀ’ ਐਪ ਦਾ ਜਾਦੂ, ਇੱਕ ਹਫ਼ਤੇ ‘ਚ 7 ਲੱਖ ਪੌਦੇ ਹੋਏ ਸਪਲਾਈ

Magic, 'Eye Green' App, Supplying, 7 Lakh, Saplings, One, Week

ਐਪ ਰਾਹੀਂ ਕੋਈ ਵੀ ਪੌਦਾ ਲੈ ਸਕਦਾ ਐ ਮੁਫ਼ਤ, ਇੱਕ ਕਲਿਕ ਨਾਲ ਦੇ ਸਕਦੇ ਹਨ ਆਰਡਰ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜੰਗਲਾਤ ਵਿਭਾਗ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੀ ਗਈ ‘ਆਈ ਹਰਿਆਲੀ’ ਐਪ ਨੇ ਆਪਣਾ ਜਾਦੂ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਈ ਹਰਿਆਲੀ ਨਾਂਅ ਤੋਂ ਸ਼ੁਰੂ ਹੋਈ ਇਸ ਐਪ ਰਾਹੀਂ 7 ਦਿਨਾਂ ਦੌਰਾਨ 1 ਲੱਖ 10 ਹਜ਼ਾਰ ਲੋਕਾਂ ਨੇ ਪੌਦਿਆਂ ਦਾ ਆਰਡਰ ਦਿੰਦੇ ਹੋਏ 7 ਲੱਖ ਤੋਂ ਜ਼ਿਆਦਾ ਪੌਦਿਆਂ ਦੀ ਸਪਲਾਈ ਲੈ ਲਈ ਹੈ, ਇਹ 7 ਲੱਖ ਪੌਦੇ 60 ਹਜ਼ਾਰ ਲੋਕਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ 50 ਹਜ਼ਾਰ ਆਮ ਲੋਕਾਂ ਨੂੰ ਜਲਦ ਹੀ ਪੌਦਿਆਂ ਦੀ ਸਪਲਾਈ ਦੇ ਦਿੱਤੀ ਜਾਵੇਗੀ, ਜਿਹੜੀ ਕਿ ਲਗਭਗ 5 ਲੱਖ ਦੇ ਨੇੜੇ ਬਣਦੀ ਹੈ।

ਪੰਜਾਬ ਦੀ ਜਨਤਾ ਪਹਿਲੀ ਵਾਰ ਕਿਸੇ ਸਰਕਾਰੀ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਐਪ ਦਾ ਇਨਾ ਜ਼ਿਆਦਾ ਫਾਇਦਾ ਚੁੱਕ ਰਹੀ ਹੈ, ਨਹੀਂ ਤਾਂ ਸਰਕਾਰੀ ਐਪ ਜਾਂ ਫਿਰ ਵੈਬਸਾਈਟ ਕੁਝ ਦਿਨਾਂ ਬਾਅਦ ਹੀ ਚਿੱਟਾ ਹਾਥੀ ਸਾਬਤ ਹੁੰਦੇ ਹੋਏ ਬੰਦ ਹੋਣ ਦੇ ਕੰਢੇ ਪੁੱਜ ਜਾਂਦੀ ਹੈ ਪਰ ਆਈ ਹਰਿਆਲੀ ਐਪ ਲਗਾਤਾਰ ਨਤੀਜੇ ਦੇ ਰਹੀ ਹੈ ਜਾਣਕਾਰੀ ਅਨੁਸਾਰ ‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਘਰ ਵਿੱਚ ਘੱਟ ਤੋਂ ਘੱਟ 1 ਪੌਦਾ ਲਗਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇੱਕ ਐਪ ਜਾਰੀ ਕੀਤੀ ਗਈ ਸੀ, ਜਿਸ ਰਾਹੀਂ ਆਮ ਲੋਕਾਂ ਘਰ ਬੈਠੇ ਹੀ ਹੋਰ ਪ੍ਰੋਡਕਟਾ ਵਾਂਗ ਪੌਦੇ ਦਾ ਵੀ ਆਰਡਰ ਦੇ ਸਕਦੇ ਹਨ।

1 ਲੱਖ 10 ਹਜ਼ਾਰ ਲੋਕ ਦੇ ਚੁੱਕੇ ਹਨ ਪੌਦਿਆਂ ਦਾ ਆਰਡਰ, 60 ਹਜ਼ਾਰ ਲੋਕ ਲੈ ਚੁੱਕੇ ਹਨ ਸਪਲਾਈ

ਇਸ ਐਪ ਤੋਂ ਪਹਿਲਾਂ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਹੜੀ ਥਾਂ ‘ਤੇ ਪੌਦੇ ਦੀ ਸਰਕਾਰੀ ਨਰਸਰੀ ਵੀ ਜਾਂ ਫਿਰ ਨਹੀਂ ਹੈ ਅਤੇ ਜੇਕਰ ਸਰਕਾਰੀ ਨਰਸਰੀ ਹੈ ਤਾਂ ਉਥੇ ਕਿਹੜਾ-ਕਿਹੜਾ ਪੌਦਾ ਮੌਜੂਦ ਹੈ।  ਜੰਗਲਾਤ ਵਿਭਾਗ ਵਲੋਂ ਜਾਰੀ ਕੀਤੀ ਗਈ ਐਪ ਰਾਹੀਂ ਹਰ ਕੋਈ ਆਪਣੇ ਇਲਾਕੇ ਨਰਸਰੀ ਦਾ ਪਤਾ ਲਗਾਉਂਦੇ ਹੋਏ ਪੌਦੇ ਦੀ ਮੌਜੂਦਗੀ ਬਾਰੇ ਵੀ ਪਤਾ ਕਰ ਸਕਦਾ ਹੈ। ਇਸ ਐਪ ਰਾਹੀਂ ਹਰ ਤਰਾਂ ਦੀ ਜਾਣਕਾਰੀ ਮਿਲਣ ਦੇ ਕਾਰਨ ਆਮ ਲੋਕਾਂ ਨੇ ਵੀ ਜੰਮ ਕੇ ਪੌਦਿਆ ਦੀ ਖਰੀਦਾਰੀ ਕੀਤੀ ਹੈ।  ਪਿਛਲੇ 1 ਹਫ਼ਤੇ ਦੌਰਾਨ ਹੀ 7 ਲੱਖ ਤੋਂ ਜਿਆਦਾ ਪੌਦੇ ਵਿਕ ਚੁੱਕੇ ਹਨ, ਜਦੋਂ ਕਿ 5 ਲੱਖ ਤੋਂ ਜਿਆਦਾ ਆਰਡਰ ਆਇਆ ਹੋਇਆ ਹੈ। ਇਹ ਪੌਦੇ ਹਰ ਕਿਸੇ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਅਤੇ ਇੱਕ ਵਿਅਕਤੀ 25 ਪੌਦੇ ਤੱਕ ਮੁਫ਼ਤ ਲੈ ਸਕਦਾ ਹੈ।

ਲੋਕਾਂ ਦਾ ਰਿਸਪਾਂਸ ਦੇਖ ਕੇ ਹੋਈ ਐ ਸੰਤੁਸ਼ਟੀ : ਸਾਧੂ ਸਿੰਘ

ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਲੋਕਾਂ ਦਾ ਜਿੰਨਾ ਰਿਸਪਾਂਸ ਹੁੰਗਾਰਾ ਮਿਲ ਰਿਹਾ ਹੈ, ਉਹ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕਿਉਂਕਿ ਪਹਿਲਾਂ ਵਿਭਾਗ ਦੇ ਅਧਿਕਾਰੀ ਲੱਖ ਕੋਸ਼ਿਸ਼ ਕਰਕੇ ਵੀ ਇੱਕ ਹਫ਼ਤੇ ਵਿੱਚ 7 ਲੱਖ ਪੌਦੇ ਨਹੀਂ ਆਮ ਲੋਕਾਂ ਵਿੱਚ ਵੰਡ ਸਕਦੇ ਸਨ ਪਰ ਇਸ ਐਪ ਰਾਹੀਂ 7 ਦਿਨਾਂ ਵਿੱਚ 7 ਲੱਖ ਪੌਦੇ ਦਿੱਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਇਸੇ ਐਪ ਰਾਹੀਂ 30 ਤੋਂ 3 ਲੱਖ ਪੌਦੇ ਦੀ ਸਪਲਾਈ ਦੇਣ ਦਾ ਉਹ ਟਾਰਗੈਟ ਲੈ ਕੇ ਚੱਲ ਰਹੇ ਹਨ, ਜਿਹੜਾ ਕਿ ਆਸਾਨੀ ਨਾਲ ਪੂਰਾ ਹੋ ਜਾਵੇਗਾ। ਜਿਸ ਦਾ ਫਾਇਦਾ ਪੰਜਾਬ ਭਰ ਨੂੰ ਹੋਵੇਗਾ, ਕਿਉਂਕਿ ਘਰ-ਘਰ ਹਰਿਆਲੀ ਨਾਲ ਹੀ ਘਰ-ਘਰ ਖ਼ੁਸ਼ਹਾਲੀ ਆ ਸਕਦੀ ਹੈ।