ਨਰਮੇ ਦੀ ਸਰਕਾਰੀ ਖਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਘੇਰਿਆ ਭਾਰਤੀ ਕਪਾਹ ਨਿਗਮ ਦਾ ਦਫ਼ਤਰ

Farmers

ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜ਼ਿਲ੍ਹੇ ਦੇ ਕਿਸਾਨ ਹੋਏ ਧਰਨੇ ‘ਚ ਸ਼ਾਮਿਲ

ਬਠਿੰਡਾ (ਸੁਖਜੀਤ ਮਾਨ) ਇਸ ਵਾਰ ਨਰਮਾ ਪੱਟੀ ‘ਚ ਨਰਮੇ ਦੀ ਫਸਲ ਤਾਂ ਕੁੱਝ ਹੱਦ ਤੱਕ ਚੰਗੀ ਹੋਈ ਪਰ ਸਰਕਾਰੀ ਭਾਅ ‘ਤੇ ਖ੍ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਕੋਈ ਚੰਗਾ ਮੁੱਲ ਨਹੀਂ ਮਿਲਿਆ ਸਰਕਾਰੀ ਖ੍ਰੀਦ ਸ਼ੁਰੂ ਨਾ ਹੋਣ ਤੋਂ ਅੱਕੇ ਚਾਰ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾਂ ਦੇ ਕਿਸਾਨਾਂ ਨੇ ਅੱਜ ਖ੍ਰੀਦ ਸੁਰੂ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਭਾਰਤੀ ਕਪਾਹ ਨਿਗਮ (ਸੀਸੀਆਈ) ਦੇ ਬਠਿੰਡਾ ਸਥਿਤ ਦਫ਼ਤਰ ਅੱਗੇ ਘਰਨਾ ਲਾਇਆ ਰੋਹ ‘ਚ ਆਏ ਕਿਸਾਨਾਂ ਨੇ ਇਸ ਮੌਕੇ ਅਧਿਕਾਰੀਆਂ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਧਰਨੇ ‘ਚ ਵੱਡੀ ਗਿਣਤੀ ਮਹਿਲਾਵਾਂ ਵੀ ਪੁੱਜੀਆਂ ਹੋਈਆਂ ਸਨ

ਇਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਨਰਮੇ ਦੀ ਫ਼ਸਲ ਲਗਪਗ ਅੱਧੀ ਵਿਕ ਚੁੱਕੀ ਹੈ ਪਰ ਅਜੇ ਤੱਕ ਸੀਸੀਆਈ ਨੇ ਸਰਕਾਰੀ ਰੇਟ ਤੇ ਨਰਮੇ ਦੀ ਖ਼ਰੀਦ ਕਰਨ ਲਈ ਬਹੁਤ ਸਾਰੀਆਂ ਮੰਡੀਆਂ ਵਿੱਚ ਪੈਰ ਵੀ ਨਹੀਂ ਧਰਿਆ। ਕਿਸਾਨ ਆਗੂ ਨੇ ਆਖਿਆ ਕਿ ਜਿੱਥੇ ਕਿਤੇ ਅੱਜ ਤੱਕ ਇੱਕਾ-ਦੁੱਕਾ ਮੰਡੀਆਂ ਵਿੱਚ ਖ਼ਰੀਦ ਇੰਸਪੈਕਟਰ ਗਏ ਹਨ ਉੱਥੇ ਵੀ ਬੇਲੋੜੀਆਂ ਸ਼ਰਤਾਂ ਜਿਵੇਂ ਸਿੱਲ ਦੀ ਮਾਤਰਾ 8 ਫੀਸਦੀ ਤੋਂ ਵੱਧ ਨਾ ਹੋਵੇ ਜਾਂ ਨਰਮੇ ਦੀ ਕੁਇਲਟੀ ਵਧੀਆ ਨਹੀਂ ਹੈ ਕਹਿ ਕਿ ਖ਼ਰੀਦ ਤੋਂ ਪਾਸਾ ਵੱਟ ਲਿਆ ਜਾਂਦਾ ਹੈ। ਬੁਲਾਰੇ ਨੇ ਇਹ ਵੀ ਆਖਿਆ ਕਿ ਜੋ ਨਾਂਮਾਤਰ ਨਰਮਾ ਖਰੀਦਿਆਂ ਗਿਆ, ਦਾ ਵੀ ਨਿਗਮ ਨੇ ਪੂਰਾ ਭਾਅ ਨਹੀਂ ਦਿੱਤਾ ਜਿਸ ਦਾ ਫਾਇਦਾ ਉਠਾ ਕੇ ਨਰਮੇ ਦੀ ਖ਼ਰੀਦ ਵਿੱਚ ਪ੍ਰਾਈਵੇਟ ਵਪਾਰੀਆਂ ਵੱਲੋਂ ਚਿੱਟੇ ਦਿਨ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਜਥੇਬੰਦੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਨਰਮੇ ਦਾ ਰੇਟ ਘੱਟੋ-ਘੱਟ 8000 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਪਰ ਸਰਕਾਰ ਵੱਲੋਂ ਇਸ ਤੋਂ ਘੱਟ ਸਿਰਫ਼ 5450 ਰੁਪੈ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਤੇ ਇਸ ਨਿਗੂਣੇ ਰੇਟ ਤੇ ਵੀ ਖ਼ਰੀਦ ਨਹੀਂ ਹੋ ਰਹੀ ਹੈ।

ਬੁਲਾਰਿਆਂ ਨੇ ਮੰਗ ਕੀਤੀ ਕਿ ਸੀ.ਸੀ.ਆਈ. ਤੁਰੰਤ ਸਾਰੀਆਂ ਮੰਡੀਆਂ ਵਿੱਚ ਇੰਸਪੈਕਟਰ ਭੇਜ ਕੇ ਨਰਮੇ ਦੀ ਖ਼ਰੀਦ ਸ਼ੁਰੂ ਕਰੇ, ਨਰਮੇ ਵਿੱਚ ਸਿੱਲ ਦੀ ਸ਼ਰਤ ਖਤਮ ਕੀਤੀ ਜਾਵੇ, ਖਰੀਦੇ ਗਏ ਨਰਮੇ ਦੀ ਅਦਾਇਗੀ 24 ਘੰਟਿਆਂ ਅੰਦਰ ਕਿਸਾਨਾਂ ਨੂੰ ਕੀਤੀ ਜਾਵੇ। ਇਸ ਮੌਕੇ ਧਰਨੇ ਨੂੰ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ, ਬਸੰਤ ਸਿੰਘ ਕੋਠਾਗੁਰੂ (ਬਠਿੰਡਾ), ਉੱਤਮ ਸਿੰਘ ਰਾਮਾਂਨੰਦੀ (ਮਾਨਸਾ), ਗੁਰਭਗਤ ਸਿੰਘ ਭਲਾਈਆਣਾ, ਗੁਰਾਂਦਿੱਤਾ ਸਿੰਘ ਭਾਗਸਰ (ਮੁਕਤਸਰ), ਸੱਤਪਾਲ ਸਿੰਘ, ਪਿੱਪਲ ਸਿੰਘ (ਫਾਜਲਿਕਾ), ਔਰਤ ਜਥੇਬੰਦੀ ਦੇ ਪ੍ਰਧਾਨ ਹਰਿੰਦਰ ਬਿੰਦੂ, ਮਾਲਣ ਕੌਰ ਕੋਠਾਗੁਰੂ ਅਤੇ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਕੋਟਭਾਰਾ ਨੇ ਸੰਬੋਧਨ ਕੀਤਾ। ਇਸ ਮੌਕੇ ਲੋਕ ਪੱਖੀ ਗੀਤਕਾਰ ਅਜਮੇਰ ਸਿੰਘ ਅਕਲੀਆ ਨੇ ਲੋਕ ਪੱਖੀ ਗੀਤ ਵੀ ਪੇਸ਼ ਕੀਤੇ।

ਨਰਮੇ ਵਾਲਿਆਂ ਨੂੰ ਝੋਨੇ ਲਈ ਕੀਤਾ ਜਾ ਰਿਹੈ ਮਜਬੂਰ : ਕਿਸਾਨ ਆਗੂ

ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ ਫਾਜ਼ਿਲਕਾ ਦੇ ਕਾਰਜਕਾਰੀ ਸਕੱਤਰ ਸੱਤਪਾਲ ਸਿੰਘ ਨੇ ਆਖਿਆ ਕਿ ਸਰਕਾਰ ਅਸਲ ਵਿੱਚ ਸਰਕਾਰੀ ਖ਼ਰੀਦ ਬੰਦ ਕਰਨਾ ਚਾਹੁੰਦੀ ਹੈ ਉਨ੍ਹਾਂ ਆਖਿਆ ਕਿ ਰੌਲਾ ਤਾਂ ਪਾਇਆ ਜਾ ਰਿਹਾ ਕਿ ਕਿਸਾਨਾਂ ਨੇ ਧਰਤੀ ਹੇਠਲਾ ਪਾਣੀ ਖਤਮ ਕਰ ਦਿੱਤਾ ਅਤੇ ਪਰਾਲੀ ਦੇ ਧੂੰਏ ਨਾਲ ਵਾਤਾਵਰਨ ਖ਼ਰਾਬ ਕਰ ਦਿੱਤਾ ਹੈ ਇਸ ਲਈ ਝੋਨੇ ਦੀ ਥਾਂ ਹੋਰ ਫ਼ਸਲਾਂ ਬੀਜਣ ਦੀਆਂ ਕਿਸਾਨਾਂ ਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਪਰ ਹੁਣ ਜਿੰਨ੍ਹਾਂ ਕਿਸਾਨਾਂ ਨੇ ਝੋਨੇ ਦੀ ਥਾਂ ਨਰਮਾ ਬੀਜਿਆ ਸੀ ਉਹਨਾਂ ਨੂੰ ਪੂਰਾ ਭਾਅ ਨਾ ਦੇ ਕੇ ਦੁਬਾਰਾ ਝੋਨੇ ਦੀ ਫ਼ਸਲ ਵੱਲ ਪਰਤਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।