Good News Police Officers : ਹੁਣ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਮਿਲੇਗੀ ਛੁੱਟੀ

ਮੁਲਾਜ਼ਮਾਂ ਨੂੰ ਵਿਸ਼ੇਸ਼ ਦਿਨਾਂ ਮੌਕੇ ਸ਼ੁੱਭ ਇਛਾਵਾਂ ਦੇਣ ਲਈ ਯੂਨਿਟ ਇੰਚਾਰਜਾਂ ਨੂੰ ਆਦੇਸ਼

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੁਲਿਸ ਵਿਭਾਗ ‘ਚ ਸੇਵਾ ਕਰਦੇ ਮੁਲਾਜਮਾਂ ਵੱਲੋਂ ਅਮਨ-ਕਾਨੂੰਨ ਬਹਾਲ ਰੱਖਣ ਅਤੇ ਨਾਗਰਿਕ ਸੁਰੱਖਿਆ ਦੀ ਆਪਣੀ ਆਮ ਡਿਊਟੀ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਵਜੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਸਤਿਕਾਰ ਕਰਦਿਆਂ ਪਟਿਆਲਾ ਦੇ ਐਸ.ਐਸ.ਪੀ ਵਿਕਰਮ ਜੀਤ ਦੁੱਗਲ ਨੇ ਮੁਲਾਜਮਾਂ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਮੌਕੇ ਲਾਜਮੀ ਛੁੱਟੀ ਦਿੱਤੇ ਜਾਣ ਦਾ ਤੋਹਫ਼ਾ ਦਿੱਤਾ ਹੈ। ਪੁਲਿਸ ਵੱਲੋਂ ਹੰਗਾਮੀ ਸੇਵਾਵਾਂ ਪ੍ਰਦਾਨ ਕਰਨ ਸਮੇਤ ਕੋਰੋਨਾ ਮਹਾਂਮਾਰੀ ‘ਚ ਮੂਹਰੀ ਕਤਾਰ ਦੇ ਯੋਧਿਆਂ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਇਸ ਦੌਰਾਨ ਮੁਲਾਜਮਾਂ ਵੱਲੋਂ ਆਪਣੀ ਨਿਜੀ ਅਤੇ ਪਰਿਵਾਰਕ ਜਿੰਦਗੀ ਨੂੰ ਦਾਅ ‘ਤੇ ਲਾ ਕੇ ਭਾਰੀ ਦਬਾਅ ਵਾਲੀਆਂ ਪ੍ਰਸਥਿਤੀਆਂ ‘ਚ ਵੀ ਨਿਰੰਤਰ ਸੇਵਾ ਨਿਭਾਈ ਜਾਂਦੀ ਹੈ। ਮੁਲਾਜਮਾਂ ਨੂੰ ਖੁਸ਼ੀ ਦੇ ਪਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾਉਣ ਦਾ ਮੌਕਾ ਪ੍ਰਦਾਨ ਕਰਨਾ ਹੀ ਇਸ ਫੈਸਲੇ ਦਾ ਮੁੱਖ ਕਾਰਨ ਹੈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ 11 ਅਗਸਤ ਨੂੰ ਪਾਸ ਕੀਤੇ ਗਏ ਇਨ੍ਹਾਂ ਹੁਕਮਾਂ ‘ਚ ਕਿਹਾ ਗਿਆ ਹੈ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਪਟਿਆਲਾ ਪੁਲਿਸ ਨੇ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ, ਪੁਲਿਸ ਨੇ ਇਕੱਲੀ ਕਰਫਿਊ ਲਾਗੂ ਕਰਨ ਵਾਲੀ ਏਜੰਸੀ ਵਜੋਂ ਹੀ ਸੇਵਾਵਾਂ ਨਹੀਂ ਨਿਭਾਈਆਂ ਸਗੋਂ, ਕਰਫਿਊ ਦੌਰਾਨ ਪੁਲਿਸ ਨੇ ਆਮ ਲੋਕਾਂ ਦੀ ਔਖੇ ਵੇਲੇ ਮਦਦ ਕਰਨ ਸਮੇਤ ਉਨ੍ਹਾਂ ਦੇ ਦੁੱਖ-ਸੁੱਖ ‘ਚ ਵੀ ਸ਼ਰੀਕ ਹੋਣ ਦਾ ਨਿਵੇਕਲਾ ਉਪਰਾਲਾ ਕੀਤਾ ਸੀ ਤੇ ਕਈ ਲੋਕਾਂ ਦੇ ਜਨਮ ਦਿਨ ਵੀ ਮਨਾਏ ਸਨ।

ਇਸ ਦੌਰਾਨ ਪੁਲਿਸ ਨੇ ਆਪਣੇ ਆਪ ਤੋਂ ਉਪਰ ਉੱਠ ਕੇ ਲੋਕਾਂ ਦੀ ਤਨਦੇਹੀ ਨਾਲ ਨਿਰਸਵਾਰਥ ਅਤੇ ਅਣਥਕ ਸੇਵਾ ਕੀਤੀ। ਮੁਲਾਜਮਾਂ ਦੇ ਯੂਨਿਟ ਇੰਚਾਰਜ ਸਬੰਧਤ ਅਧਿਕਾਰੀ/ਕਰਮਚਾਰੀ ਨੂੰ ਪਟਿਆਲਾ ਪੁਲਿਸ ਵੱਲੋਂ ਮੁਬਾਰਕਬਾਦ ਅਤੇ ਸ਼ੁੱਭ ਇਛਾਵਾਂ ਵੀ ਦੇਵੇਗਾ। ਵਿਕਰਮਜੀਤ ਦੁੱਗਲ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਕਿਸੇ ਵੀ ਕਾਮਯਾਬੀ ਪਿੱਛੇ ਪੁਲਿਸ ਪਰਿਵਾਰਾਂ ਦਾ ਵੀ ਅਹਿਮ ਯੋਗਦਾਨ ਹੈ। ਮੁਲਾਜਮਾਂ ਨੂੰ ਉਨ੍ਹਾਂ ਦੀ ਖੁਸ਼ੀ ਸਮੇਂ ਛੁੱਟੀ ਦੇਣ ਦੇ ਇਹ ਫੈਸਲਾ ਪੁਲਿਸ ਦੇ ਕੰਮ-ਕਾਜ ‘ਚ ਹੋਰ ਬਿਹਤਰੀ ਲਿਆਉਣ ਸਮੇਤ ਉਨ੍ਹਾਂ ਦੇ ਮਨੋਬਲ ਨੂੰ ਵੀ ਹੋਰ ਉਚਾ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.