ਚੜ੍ਹਦੀ ਕਲਾ ਤੇ ਖੁਸ਼ਹਾਲੀ ਦਾ ਪ੍ਰਤੀਕ ਵਿਸਾਖੀ ਦਾ ਤਿਉਹਾਰ

Baisakhi Festival Sachkahoon

ਚੜ੍ਹਦੀ ਕਲਾ ਤੇ ਖੁਸ਼ਹਾਲੀ ਦਾ ਪ੍ਰਤੀਕ ਵਿਸਾਖੀ ਦਾ ਤਿਉਹਾਰ

ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ, ਮਲਾਰ, ਸਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਲਈ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਸਾਂਝੀਵਾਲਤਾ, ਆਪਸੀ ਭਾਈਚਾਰਾ, ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਵਾਲਾ ਸਰਬਸਾਂਝਾ ਰਾਸ਼ਟਰੀ ਤਿਉਹਾਰ ਵਿਸਾਖੀ ਦੇਸੀ ਮਹੀਨੇ ਵਿਸਾਖ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਜਿੱਥੇ ਦੂਸਰਿਆਂ ਲਈ ਆਪਾ ਵਾਰਨ, ਅਣਖ ਤੇ ਗੈਰਤ ਨਾਲ ਜਿਉਣਾ ਸਿਖਾਉਂਦਾ, ਉੱਥੇ ਇਹ ਤਿਉਹਾਰ ਇਤਿਹਾਸਕ ਘਟਨਾਵਾਂ ਤੋਂ ਇਲਾਵਾ ਹਾੜੀ ਦੀ ਮੁੱਖ ਫਸਲ ਕਣਕ ਦੇ ਪੱਕ ਕੇ ਤਿਆਰ ਹੋਣ ਦਾ ਵੀ ਪ੍ਰਤੀਕ ਹੈ।

ਆਮ ਤੌਰ ’ਤੇ ਅਪਰੈਲ ਮਹੀਨੇ ਦੇ ਸ਼ੁਰੂ ਵਿਚ ਹਾੜ੍ਹੀ ਦੀ ਫਸਲ ਕਣਕ ਲਗਭਗ ਪੱਕ ਕੇ ਤਿਆਰ ਹੁੰਦੀ ਹੈ ਤੇ ਇਸ ਦੀ ਕਟਾਈ ਦਾ ਕੰਮ ਸ਼ੁਰੂ ਹੋ ਜਾਂਦਾ, ਪਰੰਤੂ ਕਣਕ ਦੀ ਫਸਲ ਨੂੰ ਕੱਟਣ ਦਾ ਸ਼ੁਭ-ਆਰੰਭ ਖਾਸਕਰ ਕਿਸਾਨ ਵਿਸਾਖੀ ਵਾਲੇ ਦਿਨ ਤੋਂ ਹੀ ਜ਼ਿਆਦਾਤਰ ਕਰਦੇ ਹਨ। ਇਸ ਲਈ ਦੇਸ਼ ਦੇ ਕਿਸਾਨ ਫਸਲ ਪੱਕਣ ਦੀ ਖੁਸ਼ੀ ਸਾਂਝੀ ਕਰਨ ਲਈ ਵੀ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਪੰਜਾਬ ਤੇ ਹਰਿਆਣਾ ਸੂਬਿਆਂ ਵਿਚ ਤਾਂ ਵਿਸਾਖੀ ਦੇ ਤਿਉਹਾਰ ਦਾ ਸਿੱਧਾ ਸਬੰਧ ਹਾੜੀ ਦੀ ਮੁੱਖ ਫਸਲ ਕਣਕ ਨਾਲ ਹੋਣ ਕਰਕੇ ਇਸ ਨੂੰ ਕਣਕ ਦੀ ਵਾਢੀ ਦਾ ਦਿਹਾੜਾ ਵੀ ਆਖਿਆ ਜਾਂਦਾ ਹੈ। ਇਸ ਸਮੇਂ ਹਰ ਪਾਸੇ ਸੋਨੇ ਰੰਗੀਆਂ ਕਣਕਾਂ ਦੂਰ-ਦੂਰ ਤੱਕ ਦਿਖਾਈ ਦਿੰਦੀਆਂ ਹਨ। ਦੇਸ਼ ਦੇ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾਂ ਵੱਲੋਂ ਇਸ ਦਿਨ ਸਹੀ-ਸਲਾਮਤ ਫਸਲਾਂ ਪੱਕਣ ’ਤੇ ਉਸ ਅਕਾਲਪੁਰਖ ਦੇ ਸ਼ੁਕਰਾਨੇ ਵਜੋਂ ਵੀ ਇਸ ਵਿਸਾਖੀ ਦਿਹਾੜੇ ਨੂੰ ਮਨਾਉਣ ਦੀ ਰੀਤ ਮਨੁੱਖੀ ਸੱਭਿਅਤਾ ਵਿਚ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ। ਜਿਸ ਕਰਕੇ ਭਾਰਤ ਹੀ ਨਹੀਂ ਵੱਖ-ਵੱਖ ਦੇਸ਼ਾਂ ਵਿਚ ਵੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਵਿਸਾਖੀ ਦੇ ਤਿਉਹਾਰ ਵਾਲੇ ਦਿਨ ਫਸਲ ਦਾ ਘਰ ਆਉਣਾ ਕਿਸਾਨ ਪਰਿਵਾਰਾਂ ਲਈ ਖ਼ੁਸੀਆਂ-ਖੇੜੇ ਲੈ ਕੇ ਆਉਂਦਾ ਹੈ। ਇਸੇ ਲਈ ਸਮਾਜ ਦਾ ਹਰ ਵਰਗ ਇਸ ਵਿਸਾਖੀ ਮੇਲੇ ਨੂੰ ਬੜੇ ਚਾਵਾਂ ਨਾਲ ਮਨਾਉਂਦਾ ਹੈ। ਕਿਸਾਨ ਆਪਣੀ ਮਿਹਨਤ ਦੇ ਫਲ ਨੂੰ ਦੇਖ ਕੇ ਪਰਮਾਤਮਾ ਦਾ ਹਜ਼ਾਰਾਂ ਵਾਰ ਸ਼ੁਕਰਾਨਾ ਕਰਦੇ ਹਨ। ਇਸ ਖੁਸ਼ੀ ਵਿਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਕਣਕ ਦੀ ਫਸਲ ਦੀ ਸਾਂਭ-ਸੰਭਾਲ ਕਰਨ ਦੇ ਨਾਲ-ਨਾਲ ਕਿਸਾਨ ਵਿਸਾਖੀ ਦਾ ਤਿਉਹਾਰ ਹਰਸ਼ੋ-ਹੁਲਾਸ ਨਾਲ ਮਨਾਉਂਦੇ ਹਨ। ਬੱਚੇ, ਬੁੱਢੇ, ਜਵਾਨ, ਔਰਤਾਂ ਅਤੇ ਮੁਟਿਆਰਾਂ ਇਸ ਤਿਉਹਾਰ ਨੂੰ ਮਨਾਉਂਦੇ ਖੁਸ਼ੀ ਵਿਚ ਫੁੱਲੇ ਨਹੀਂ ਸਮਾਉਂਦੇ। ਕਿੱਧਰੇ ਢੋਲ ਦੇ ਡਗੇ ਨਾਲ ਭੰਗੜੇ ਪੈਂਦੇ ਹਨ। ਗੱਭਰੂਆਂ ਦੀਆਂ ਅੱਡੀਆਂ ਆਪ-ਮੁਹਾਰੇ ਧਰਤੀ ’ਤੇ ਵੱਜਣ ਲੱਗ ਪੈਂਦੀਆਂ ਹਨ। ਗੱਭਰੂਆਂ ਦੀਆਂ ਖਾਸ ਕਿਸਮ ਦੀਆਂ ਪੁਸ਼ਾਕਾਂ, ਖੁੱਲ੍ਹੇ-ਡੁੱਲੇ ਚਾਦਰੇ, ਹੱਥਾਂ ਵਿੱਚ ਫੜੇ ਕੋਕਿਆਂ ਜੜੇ ਖੂੰਡੇ, ਛੈਣੇ ਤੇ ਕਾਟੋਆਂ, ਢੋਲੀ ਦੇ ਡਗੇ ਨਾਲ ਧਰਤੀ ’ਤੇ ਵਜਦੀਆਂ ਅੱਡੀਆਂ ਦੀ ਤਾਲ ਨਾਲ ਭੰਗੜਾ ਇੱਕ ਵੱਖਰਾ ਹੀ ਰੰਗ ਬੰਨ੍ਹਦਾ ਹੈ। ਉਨ੍ਹਾਂ ਵਿਚੋਂ ਕਿਸੇ ਇੱਕ ਦਾ ਬੋਲੀ ਪਾਉਣਾ ਅਤੇ ਬੋਲੀ ਦੀ ਚੜ੍ਹਦੀ ਹੇਕ ’ਤੇ ਤੋੜੇ ਤੇ ਭੰਗੜੇ ਦੇ ਦਿ੍ਰਸ਼ ਦੀ ਤੇਜੀ ਨਾਲ ਦਰਸ਼ਕਾਂ ਦੇ ਦਿਲਾਂ ਦੀ ਹਰਕਤ ਨੂੰ ਲਹਿਲਹਾ ਦੇਂਦੀ ਹੈ।

ਦੂਸਰੇ ਪਾਸੇ ਮੁਟਿਆਰਾਂ ਕੁੜੀਆਂ ਵੀ ਖੁਸ਼ੀ ਪ੍ਰਗਟਾਉਣ ਵਿਚ ਘੱਟ ਨਹੀਂ ਰਹਿੰਦੀਆਂ। ਗਿੱਧੇ ਨਾਲ ਉਨ੍ਹਾਂ ਦੇ ਪੈਰਾਂ ਦੀ ਧਮਕ ਧੁਰ ਅਸਮਾਨ ਤੱਕ ਪਹੁੰਚਦੀ ਹੈ। ਸੋਹਣੇ ਕੱਪੜੇ, ਚਮਕਦੇ ਸਿਤਾਰਿਆਂ ਵਾਲੀਆਂ ਚੁੰਨੀਆਂ, ਘੱਗਰੇ, ਸਲਵਾਰਾਂ ਅਤੇ ਸਿਰ ’ਤੇ ਸੋਨੇ ਦੀਆਂ ਸੱਗੀਆਂ ਨਾਲ ਗੁੰਦੇ ਵਾਲਾਂ ਨਾਲ ਸੱਜੀਆਂ ਮੁਟਿਆਰਾਂ ਦਾ ਗਿੱਧਾ ਜਦ ਧੂੜ ਪੁੱਟਦਾ ਹੈ ਤਾਂ ਪੰਜਾਬੀ ਸੱਭਿਆਚਾਰ ਦੇ ਦਿਲ-ਖਿੱਚਵੇਂ ਦਿ੍ਰਸ਼ ਪੇਸ਼ ਹੁੰਦੇ ਹਨ। ਵਿਸਾਖੀ ਵਾਲੇ ਦਿਨ ਕਿਸਾਨ ਦੀ ਖੁਸ਼ੀ ਨੂੰ ਪ੍ਰਸਿੱਧ ਕਵੀ ਧਨੀ ਰਾਮ ਚਾਤਿ੍ਰਕ ਨੇ ਇਉਂ ਰੂਪਮਾਨ ਕੀਤਾ ਹੈ:-
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਵਿਸਾਖੀ ਦੇ ਤਿਉਹਾਰ ਦਾ ਸਬੰਧ ਇਕੱਲਾ ਹਾੜੀ ਦੀ ਫਸਲ ਕਣਕ ਨਾਲ ਹੀ ਨਹੀਂ ਜੁੜਿਆ, ਸਗੋਂ ਇਹ ਤਿਉਹਾਰ ਦੇਸ਼ ਦੀਆਂ ਕੁਝ ਇਤਿਹਾਸਕ ਯਾਦਗਾਰ ਘਟਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਔਰੰਗਜੇਬ ਦਾ ਜ਼ੁਲਮ ਹਿੰਦੂਆਂ ਖਿਲਾਫ ਸਿਖਰ ’ਤੇ ਪਹੁੰਚ ਚੁੱਕਾ ਸੀ, ਉਹ ਸਾਰੀ ਹਿੰਦੂ ਕੌਮ ਨੂੰ ਮੁਸਲਮਾਨ ਧਰਮ ਵਿਚ ਤਬਦੀਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਸੀ। ਉਸ ਸਮੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਦਰੂਨੀ ਤੌਰ ’ਤੇ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਗਲ ਬਾਦਸ਼ਾਹ ਵੱਲੋਂ ਕੀਤੇ ਜਾ ਰਹੇ ਜ਼ੁਲਮ ਦਾ ਸਿੱਧੇ ਤੌਰ ’ਤੇ ਟਾਕਰਾ ਕੀਤਾ ਜਾਵੇ, ਤਾਂ ਉਨ੍ਹਾਂ ਬੇਰਹਿਮ ਮੁਗਲ ਬਾਦਸ਼ਾਹ ਦੇ ਅੱਤਿਆਚਾਰ ਨੂੰ ਠੱਲ੍ਹ ਪਾਉਣ ਲਈ ਸੰਨ 1699 ਈਸਵੀ ਦੀ ਵਿਸਾਖੀ ਵਾਲਾ ਦਿਨ ਚੁਣਿਆ। ਇਸ ਦਿਨ ਦਸਵੇਂ ਪਾਤਸ਼ਾਹ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ।

ਗੁਰੂ ਸਾਹਿਬ ਵੱਲੋਂ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਇੱਕ ਅਜੂਬਾ ਸੀ। ਸੰਤ ਸਿਪਾਹੀਆਂ ਦੀ ਜਮਾਤ, ਜਿਸ ਦਾ ਧੁਰਾ ਆਪਸੀ ਸਾਂਝ, ਪਿਆਰ, ਬਰਾਬਰਤਾ, ਸਤਿਕਾਰ ਅਤੇ ਫੈਸਲੇ ਕਰਨ ਸਮੇਂ ਡਰਨ-ਡਰਾਉਣ ਤੋਂ ਰਹਿਤ ਹੋਣਾ ਸੀ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਧਰਮ ਦੀ ਰੱਖਿਆ, ਅਨਿਆਂ, ਅੱਤਿਆਚਾਰ ਅਤੇ ਜ਼ੁਲਮ ਤੇ ਜਬਰ ਵਿਰੁੱਧ ਮੁਗਲਾਂ ਨਾਲ ਹੋਈਆਂ ਕਈ ਲੜਾਈਆਂ ਵਿਚ ਮੁਗਲ ਫੌਜਾਂ ਨੂੰ ਭਾਜੜਾਂ ਪਾ ਦਿੱਤੀਆਂ। ਖਾਲਸਾ ਪੰਥ ਦੀ ਸਥਾਪਨਾ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਟੀਚਾ ਲੋਕਾਂ ਨੂੰ ਤੱਤਕਾਲੀ ਮੁਗਲ ਸ਼ਾਸਕਾਂ ਦੇ ਜ਼ੁਲਮਾਂ ਤੋਂ ਮੁਕਤ ਕਰਵਾ ਕੇ ਉਨ੍ਹਾਂ ਦੇ ਧਾਰਮਿਕ, ਨੈਤਿਕ ਅਤੇ ਵਿਹਾਰਕ ਜੀਵਨ ਨੂੰ ਉੱਤਮ ਬਣਾਉਣਾ ਸੀ।

ਇਸ ਦਿਹਾੜੇ ਨਾਲ ਦੇਸ਼ ਦੀ ਇੱਕ ਹੋਰ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ, ਜਦੋਂ ਅੰਗਰੇਜਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਦੇਸ਼ ਨੂੰ ਅਜਾਦ ਕਰਵਾਉਣ ਦੀ ਜਬਰਦਸਤ ਲਹਿਰ ਭਾਰਤ ਵਾਸੀਆਂ ਵੱਲੋਂ ਚਲਾਈ ਜਾ ਰਹੀ ਸੀ ਤਾਂ ਉਸ ਸਮੇਂ 13 ਅਪਰੈਲ 1919 ਦੀ ਵਿਸਾਖੀ ਵਾਲੇ ਦਿਨ ਹਜ਼ਾਰਾਂ ਲੋਕ ਰੋਲਟ ਐਕਟ ਦੇ ਵਿਰੁੱਧ ਪੰਜਾਬ ਦੇ ਅੰਮਿ੍ਰਤਸਰ ਵਿਚ ਸਥਿਤ ਜਲਿਆਂ ਵਾਲਾ ਬਾਗ ਵਿਚ ਇਕੱਠੇ ਹੋਏ ਸਨ, ਤਾਂ ਉਸ ਸਮੇਂ ਬਿ੍ਰਟਿਸ਼ ਸਰਕਾਰ ਦੇ ਹੰਕਾਰੀ ਜ਼ਾਲਮ ਜਨਰਲ ਓ ਡਾਇਰ ਵੱਲੋਂ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਨੇ ਉਸ ਸਮੇਂ ਦੇਸ਼ ਵਿਚ ਚੱਲ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਜਿਸ ਸਮੇਂ ਇਹ ਗੋਲੀਕਾਂਡ ਵਾਪਰਿਆ, ਤਾਂ ਉਸ ਸਮੇਂ ਸ੍ਰ: ਊਧਮ ਸਿੰਘ, ਜੋ ਉਸ ਸਮੇਂ ਛੋਟੀ ਉਮਰ ਦੇ ਸਨ, ਨੇ ਜਿੱਥੇ ਜਖ਼ਮੀਆਂ ਨੂੰ ਪਾਣੀ ਪਿਆਇਆ, ਉੱਥੇ ਇਸ ਘਟਨਾ ਦਾ ਬਦਲਾ ਲੈਣ ਦੀ ਸਹੁੰ ਖਾਧੀ। ਇਸ ਤੋਂ ਬਾਅਦ 13 ਮਾਰਚ 1940 ਨੂੰ ਸ੍ਰ: ਊਧਮ ਸਿੰਘ ਨੇ ਇੰਗਲੈਂਡ ਦੇ ਸ਼ਹਿਰ ਲੰਦਨ ਦੇ ਸੈਕਸਟੈਨ ਹਾਲ ਵਿਚ ਪਹੁੰਚ ਕੇ ਭਾਰਤ ਦੇ ਲੋਕਾਂ ਖਿਲਾਫ ਭਾਸ਼ਣ ਦੇ ਰੂਪ ਵਿਚ ਜ਼ਹਿਰ ਉਗਲ ਰਹੇ ਜਨਰਲ ਓ ਡਾਇਰ ਦੀ ਛਾਤੀ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਜਲਿਆਂ ਵਾਲਾ ਬਾਗ ਅੰਮਿ੍ਰਤਸਰ ਵਿਚ ਉਸ ਵੱਲੋਂ ਨਿਹੱਥੇ ’ਤੇ ਬੇਗੁਨਾਹ ਲੋਕਾਂ ਦੇ ਕੀਤੇ ਕਤਲਾਂ ਦਾ ਬਦਲਾ ਲੈਣ ਲਈ ਖਾਧੀ ਸਹੁੰ ਨੂੰ ਪੂਰਾ ਕੀਤਾ। ਵਿਸਾਖੀ ਦੇ ਦਿਨ ਜਲਿਆਂ ਵਾਲਾ ਬਾਗ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਨੂੰ ਸਾਰਾ ਰਾਸ਼ਟਰ ਹਰ ਸਾਲ ਸ਼ਰਧਾਂਜਲੀਆਂ ਭੇਂਟ ਕਰਦਾ।

ਹਰ ਇੱਕ ਤਿਉਹਾਰ ਜਾਂ ਮੇਲਾ ਸਾਨੂੰ ਆਪਣੀ ਅਸਲ ਜ਼ਿੰਦਗੀ ਵਿਚ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਹੀ ਪ੍ਰੇਰਨਾ ਦਿੰਦਾ ਹੈ। ਇਸੇ ਤਰ੍ਹਾਂ ਵਿਸਾਖੀ ਦਾ ਤਿਉਹਾਰ ਸਾਨੂੰ ਸਮਾਜ ਦੇ ਦੱਬੇ ਕੁਚਲੇ, ਆਰਥਿਕ ਪੱਖੋਂ ਕਮਜ਼ੋਰ ਜਰੂਰਤਮੰਦਾਂ ਦੀ ਸਮੇਂ ਸਿਰ ਯੋਗ ਸਹਾਇਤਾ ਕਰਨ, ਅਤੇ ਖਾਸਕਰ ਸਮਾਜ ਅੰਦਰ ਬੁਰੀ ਤਰ੍ਹਾਂ ਫੈਲੀਆਂ ਹੋਈਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਗੈਰਤ ਅਤੇ ਅਣਖ ਰੱਖਣ ਦੀ ਨਸੀਹਤ ਕਰਾਉਂਦਾ ਹੈ। ਪਰੰਤੂ ਕੁਝ ਲੋਕ ਇਸ ਦਿਨ ਤਿਉਹਾਰ ਦੀ ਮਹੱਤਤਾ ਨੂੰ ਭੁੱਲ ਕੇ ਨਸ਼ਿਆਂ ਆਦਿ ਦਾ ਸੇਵਨ ਕਰਨ ਤੇ ਖਾਸਕਰ ਸ਼ਰਾਬ ਪੀ ਕੇ ਇੱਕ-ਦੂਜੇ ਨਾਲ ਲੜ ਕੇ ਦੁਸ਼ਮਣੀਆਂ ਵਿੱਢ ਲੈਂਦੇ ਹਨ। ਅਜ਼ਾਦ ਭਾਰਤ ਦੇ ਲੋਕਾਂ ਨੂੰ ਪਵਿੱਤਰ ਤਿਉਹਾਰ ਦੇ ਦਿਨ ਅਜਿਹਾ ਕਰਨਾ ਬਿਲਕੁਲ ਵੀ ਸੋਭਾ ਨਹੀਂ ਦਿੰਦਾ।

ਜਿਸ ਤਰ੍ਹਾਂ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੌਕੇ ਦੇ ਮੁਗਲ ਸ਼ਾਸਕ ਔਰੰਗਜੇਬ ਦੇ ਘੋਰ ਅੱਤਿਆਚਾਰ ਤੇ ਅਨਿਆਂ ਖਿਲਾਫ ਅਵਾਜ ਉਠਾ ਕੇ ਉਸ ਦੇ ਜਬਰ ਨੂੰ ਠੱਲ੍ਹ ਪਾਈ, ਅਤੇ ਇਸੇ ਤਰ੍ਹਾਂ ਜਿਵੇਂ ਸ੍ਰ: ਊਧਮ ਸਿੰਘ ਨੇ ਅਣਖ ਤੇ ਗੈਰਤ ’ਤੇ ਚੱਲਦਿਆਂ ਪੂਰੇ 21 ਸਾਲਾਂ ਬਾਅਦ ਦੇਸ਼ ਤੇ ਕੌਮ ਦੀ ਖਾਤਰ ਵਿਦੇਸ਼ ਵਿਚ ਲੰਦਨ ਪਹੁੰਚ ਕੇ ਜਲਿਆਂ ਵਾਲਾ ਬਾਗ ਦੇ ਕਤਲ ਕਾਂਡ ਦੇ ਦੋਸ਼ੀ ਨੂੰ ਸਬਕ ਸਿਖਾਇਆ। ਇਸ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਗੁਰੂੂਆਂ-ਪੀਰਾਂ, ਸ਼ਹੀਦਾਂ, ਸੂਰਬੀਰ ਯੋਧਿਆਂ ਦੀਆਂ ਯਾਦਾਂ ਮਨਾਉਣ ਸਮੇਂ ਉਨ੍ਹਾਂ ਵੱਲੋਂ ਦੇਸ਼ ਤੇ ਸਮਾਜ ਵਿਚ ਸਮਾਜਿਕ ਬੁਰਾਈਆਂ ਵਿਰੁੱਧ ਕੀਤੇ ਸੰਘਰਸ਼ਾਂ ਦੇ ਪਾਏ ਪੂਰਨਿਆਂ ’ਤੇ ਚੱਲੀਏ, ਤਾਂ ਹੀ ਅਸੀਂ ਸਹੀ ਅਰਥਾਂ ਵਿਚ ਯਾਦਗਾਰਾਂ ਮਨਾਉਣ ਦੇ ਹੱਕਦਾਰ ਕਹਾ ਸਕਦੇ ਹਾਂ।

ਮੇਵਾ ਸਿੰਘ
ਸ੍ਰੀ ਮੁਕਤਸਰ ਸਾਹਿਬ
ਮੋ. 98726-00923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ